ਨਸ਼ਾ ਕਰ ਰਹੇ ਨੌਜਵਾਨਾਂ ‘ਤੇ ਰੇਡ ਕਰਨ ਗਈ ਥਾਣਾ ਪਤਾਰਾ ਦੀ ਪੁਲਿਸ ਟੀਮ ‘ਤੇ ਨਸ਼ਾ ਕਰ ਰਹੇ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਇਹ ਮਾਮਲਾ ਜਲੰਧਰ ਦੇ ਪਿੰਡ ਪਾਤਰਾ ਦਾ ਹੈ ਜਿੱਥੇ ਨਸ਼ਾ ਕਰ ਰਹੇ ਨੌਜਵਾਨਾਂ ‘ਤੇ ਰੇਡ ਕਰਨ ਗਈ ਥਾਣਾ ਪਤਾਰਾ ਦੀ ਪੁਲਿਸ ਟੀਮ ‘ਤੇ ਨਸ਼ਾ ਕਰ ਰਹੇ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਐੱਸਐੱਚਓ ਬਲਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਇਕ ਖ਼ਾਸ ਮੁਖ਼ਬਰੀ ਤੋਂ ਇਤਲਾਹ ਮਿਲੀ ਸੀ ਕਿ ਕੁਝ ਨੌਜਵਾਨ ਪਿੰਡ ਪਤਾਰਾ ਵਿਖੇ ਤਰਲੋਕ ਲਾਲ ਉਰਫ਼ ਹਰਮਨ ਸੰਧੂ ਉਰਫ਼ ਸੋਨੂੰ ਦੇ ਘਰ ਅੰਦਰ ਬੈਠ ਕੇ ਨਸ਼ਾ ਕਰ ਰਹੇ ਹਨ।
ਉਹ ਭੋਲੇ ਭਾਲੇ ਮੁੰਡੇ ਕੁੜੀਆਂ ਨੂੰ ਵੀ ਨਸ਼ੇ ਦੀ ਲੱਤ ਲਗਾ ਰਹੇ ਹਨ। ਜਿਸ ‘ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਨੇ ਮੌਕੇ ‘ਤੇ ਜਾ ਕੇ ਜਦੋਂ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਮੁਲਜ਼ਮ ਤਰਲੋਕ ਲਾਲ ਉਰਫ਼ ਹਰਮਨ ਸੰਧੂ ਉਰਫ਼ ਸੋਨੂੰ ਨੇ ਪੁਲਿਸ ਕਰਮਚਾਰੀਆ ਨੂੰ ਜਾਨੋ ਮਾਰ ਦੇਣ ਦੀ ਨੀਅਤ ਨਾਲ ਖੰਡਾ ਨੁਮਾ ਤਲਵਾਰ ਦੇ ਸਿੱਧੇ ਵਾਰ ਕੀਤੇ, ਜਿਸ ਨਾਲ ਸੀਨੀਅਰ ਕਾਂਸਟੇਬਲ ਜਸਵੀਰ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ।
ਜਿਸ ਦੇ ਕਾਫ਼ੀ ਖੂਨ ਵਗਨ ਨਾਲ ਉਸ ਦੀ ਵਰਦੀ ਖ਼ੂਨ ਨਾਲ ਭਿੱਜ ਗਈ। ਐੱਸਐੱਚਓ ਬਲਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਮੁਲਜ਼ਮਾਂ ਨੇ ਇਥੇ ਹੀ ਬੱਸ ਨਹੀਂ ਕੀਤੀ। ਮੁਲਜ਼ਮ ਹਰਮਨਜੋਤ ਸਿੰਘ ਨੇ ਇੰਨੇ ‘ਚ ਹੀ ਕਮਰੇ ‘ਚੋਂ ਸਾਥੀਆਂ ਨਾਲ ਨਿਕਲ ਕੇ ਪੌੜੀਆਂ ਚੜ੍ਹ ਕੇ ਛੱਤ ਉੱਪਰੋਂ ਉਨ੍ਹਾਂ ਵੱਲ ਸਿੱਧੀਆਂ ਇੱਟਾਂ-ਰੋੜੇ ਵਰਾਉਣੇ ਸ਼ੁਰੂ ਕਰ ਦਿੱਤੇ। ਇਕ ਇੱਟ ਹੈੱਡ ਕਾਂਸਟੇਬਲ ਬਰਜਿੰਦਰਪਾਲ ਦੇ ਮੁੰਹ ‘ਤੇ ਲੱਗੀ ਜਿਸ ਨਾਲ ਉਸ ਦੇ ਕਾਫੀ ਸੱਟ ਲੱਗੀ।
ਉਨ੍ਹਾਂ ਦੱਸਿਆ ਕਿ ਐੱਸਆਈ ਗੁਰਦੀਪ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਪੁਲਿਸ ਪਾਰਟੀ ਦੇ ਕੰਮ ‘ਚ ਵਿਘਨ ਪਾਉਣ ‘ਤੇ ਮੁਲਾਜ਼ਮਾਂ ਨੂੰ ਸ਼ਰੀਰਕ ਤੌਰ ‘ਤੇ ਨੁਕਸਾਨ ਪਹੁੰਚਾਉਣ ਤਹਿਤ ਥਾਣਾ ਪਤਾਰਾ ਵਿਖੇ ਧਾਰਾ 307, 353, 186, 332, 148, 149 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਜਲਦ ਹੀ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਹਮਲੇ ਦੌਰਾਨ ਐੱਸਐੱਚਓ ਇੰਸਪੈਕਟਰ ਬਲਜੀਤ ਸਿੰਘ ਹੁੰਦਲ ਦੇ ਵੀ ਸੱਟਾਂ ਲੱਗੀਆਂ ਹਨ। ਪੁਲਿਸ ਟੀਮ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਕਰ ਰਹੀ ਹੈ।