ਜਲੰਧਰ : ਜਲੰਧਰ ਜ਼ਿਮਨੀ ਚੋਣਾਂ ਦੌਰਾਨ ਆਪਣੇ ਮਰਹੂਮ ਪੁੱਤਰ ਦੇ ਲਈ ਕੱਢੀ “ਇਨਸਾਫ ਯਾਤਰਾ” ਦੇ ਦੂਜੇ ਦਿਨ ਦੌਰਾਨ ਸਿੱਧੂ ਮੂਸੇ ਵਾਲੇ ਦੇ ਮਾਤਾ-ਪਿਤਾ ਅੱਜ ਲਤੀਫ਼ਪੁਰਾ ਵਿਖੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨ ਪਹੁੰਚੇ। ਇਸ ਮੌਕੇ ਆਪਣੇ ਸੰਬੋਧਨ ਵਿੱਚ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਹਾਲੇ ਤੱਕ ਅਸੀਂ ਇਨਸਾਫ ਲਈ ਸਰਕਾਰ ਅਗੇ ਮੰਗ ਕਰ ਰਹੇ ਹਾਂ ਪਰ ਸਰਕਾਰ ਸਿਰਫ ਹਥਿਆਰਾਂ ਨੂੰ ਬਰਾਮਦ ਕਰ ਕੇ ਆਪਣੇ ਆਪ ਨੂੰ ਸ਼ਾਬਾਸ਼ੀ ਦੇ ਰਹੀ ਹੈ। ਲਤੀਫ਼ਪੁਰਾ ਵਾਸੀਆਂ ਸਿੱਧੂ ਦਾ ਪਰਿਵਾਰ ਵੀ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ।
ਬਲਕੌਰ ਸਿੰਘ ਇਸ ਮੌਕੇ ਕਾਫੀ ਭਾਵੁਕ ਨਜ਼ਰ ਆਏ ਤੇ ਦੱਸਿਆ ਸਿੱਧੂ ਦੀ ਮਾਤਾ ਚਰਨ ਕੌਰ ਦੇ ਸੁਪਨੇ ਵਿੱਚ ਉਹਨਾਂ ਦੇ ਮਰਹੂਮ ਪੁੱਤਰ ਨੇ ਆ ਕੇ ਸਵਾਲ ਕੀਤਾ ਸੀ ਕਿ ਮੇਰਾ ਕਿਹੜੇ ਹਥਿਆਰਾਂ ਨਾਲ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਪਰ ਜਦ ਸਾਨੂੰ ਹੀ ਨਹੀਂ ਪਤਾ ਤਾਂ ਸਿੱਧੂ ਦੇ ਇਸ ਸਵਾਲ ਦਾ ਕੀ ਜਵਾਬ ਦਈਏ। ਬਲਕੌਰ ਸਿੰਘ ਨੇ ਜਲੰਧਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ AAP ਪਾਰਟੀ ਨੂੰ ਨਾ ਪਾਉਣਾ,ਹੋਰ ਜਿਸ ਮਰਜ਼ੀ ਪਾਰਟੀ ਨੂੰ ਵੋਟ ਪਾ ਦੇਣਾ,ਇਹਨਾਂ ਟੋਪੀ ਵਾਲਿਆਂ ਨੂੰ ਸਬਕ ਸਿਖਾਉਣ ਦੀ ਲੋੜ ਹੈ।
ਉਹਨਾਂ ਪੰਜਾਬ ਵਿੱਚ ਮਾਰਚ ਮਹੀਨੇ ਬਣੇ ਹਾਲਾਤਾਂ ਬਾਰੇ ਵੀ ਬੋਲਦਿਆਂ ਕਿਹਾ ਕਿ ਇਸ ਦੌਰਾਨ ਗ੍ਰਿਫਤਾਰ ਕੀਤੇ ਨੋਜ਼ਵਾਨਾਂ ਨੂੰ ਸਮਝਾਇਆ ਜਾ ਸਕਦਾ ਸੀ।ਬਾਜੇਕੇ ਇੱਕ ਸਾਧਾਰਣ ਬੰਦਾ ਸੀ ਪਰ ਇਸ ਤਰਾਂ ਦਿੱਲੀ ਦੇ ਇਸ਼ਾਰਿਆਂ ‘ਤੇ NSA ਲਗਾ ਕੇ ਪੰਜਾਬ ਵਿੱਚ ਡਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ।ਆਪਣੇ ਮੋਏ ਪੁੱਤਰ ਦੀਆਂ ਲਿਖੀਆਂ ਕੁਝ ਸੱਤਰਾਂ ਵੀ ਉਹਨਾਂ ਸਾਰਿਆਂ ਨਾਲ ਸਾਂਝੀਆਂ ਕੀਤੀਆਂ।
ਇਸ ਵੇਲੇ ਮਾਤਾ ਚਰਨ ਕੌਰ ਨੇ ਕਿਹਾ ਕਿ ਸਾਨੂੰ ਭਟਕਦਿਆਂ ਨੂੰ 1 ਸਾਲ ਹੋ ਗਿਆ ਪਰ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਪੰਜਾਬ ਦੇ ਚੁਣੇ AAP ਵਿਧਾਇਕਾਂ ਨੇ ਜ਼ਮੀਨੀ ਪੱਧਰ ਤੋਂ ਕੰਮ ਕੀਤਾ ਹੁੰਦਾ ਤਾਂ ਸਰਕਾਰ ਚਲਾਉਣ ਦਾ ਕੁਝ ਪਤਾ ਹੁੰਦਾ ਪਰ AAP ਪਾਰਟੀ ਨੇ ਤਾਂ ਕੋਈ ਦੁਕਾਨਾਂ ਤੋਂ ਚੱਕ ਕੇ ਅਨਾੜੀ ਲੋਕਾਂ ਨੂੰ ਵਿਧਾਇਕ ਬਣਾਇਆ ਹੈ,ਇਹਨਾਂ ਨੂੰ ਸਰਕਾਰ ਵਿੱਚ ਕੰਮ ਕਰਨ ਦਾ ਕੋਈ ਤਜਰਬਾ ਨਹੀਂ ਹੈ।ਜੇਕਰ ਇਸ ਸਰਕਾਰ ਨੂੰ ਸਬਕ ਨਾ ਸਿਖਾਇਆ ਤਾਂ ਜਿਵੇਂ ਪਿਛਲੇ 11-12 ਮਹੀਨਿਆਂ ਵਿੱਚ ਸਿੱਧੂ ਸਮੇਤ ਚੋਟੀ ਦੇ ਮੁੰਡੇ ਮਾਰੇ ਗਏ ਹਨ,ਉਵੇਂ ਹੋਰ ਵੀ ਸਰਕਾਰ ਦੀ ਅਣਗਹਿਲੀ ਦਾ ਸ਼ਿਕਾਰ ਹੋ ਸਕਦੇ ਨੇ।
ਲਤੀਫ਼ਪੁਰਾ ਵਾਸੀਆਂ ਬਾਰੇ ਉਹਨਾਂ ਕਿਹਾ ਕਿ ਅਸੀਂ ਇੰਨੇ ਕੰਮਜੋਰ ਨਹੀਂ ਹਾਂ ਕਿ ਆਪਣੇ ਆਸਰੇ ਦੁਬਾਰਾ ਨਾ ਬਣਾ ਸਕੀਏ ਪਰ ਇਸ ਸਰਕਾਰ ਨੂੰ ਸਬਕ ਸਿਖਾਉਣਾ ਜਰੂਰੀ ਹੈ ਤੇ ਇਸ ਲਈ ਸਾਡੇ ਕੋਲ ਵੋਟ ਦੀ ਤਾਕਤ ਹੈ, ਇਸ ਲਈ ਆਮ ਆਦਮੀ ਪਾਰਟੀ ਨੂੰ ਵੋਟ ਨਾ ਪਾਉਣਾ ਚਾਹੇ Nota ਨੂੰ ਪਾ ਦੇਣਾ।
ਜਿਕਰਯੋਗ ਹੈ ਕਿ ਆਪਣੇ ਪੁੱਤਰ ਨੂੰ ਇਨਸਾਫ਼ ਦਵਾਉਣ ਲਈ ਲੋਕਾਂ ਨੂੰ ਅਪੀਲ ਕਰਨ ਲਈ ਸਿੱਧੂ ਦੇ ਮਾਤਾ-ਪਿਤਾ ਜਲੰਧਰ ਦੇ ਕਈ ਇਲਾਕਿਆਂ ਦੇ ਦੌਰੇ ‘ਤੇ ਹਨ ਤੇ ਇਸ ਸਾਰੀ ਕਾਰਵਾਈ ਨੂੰ ਸਿੱਧੂ ਲਈ “ਇਨਸਾਫ ਯਾਤਰਾ” ਦਾ ਨਾਂ ਦਿੱਤਾ ਗਿਆ ਹੈ।ਕੱਲ ਵੀ ਉਹਨਾਂ ਲੋਕਾਂ ਨਾਲ ਗੱਲਬਾਤ ਕੀਤੀ ਸੀ।