Punjab

ਪਿੰਡ ਦੀ ਨਵੀਂ ਪੰਚਾਇਤ ਨੇ 18 ਸੂਤਰੀ ਏਜੰਡਾ ਕੀਤਾ ਪੇਸ਼! ਪੜ੍ਹੇ ਕੇ ਮਾਣ ਹੋਵੇਗਾ ਮਹਿਸੂਸ

ਬਿਉਰੋ ਰਿਪੋਰਟ – ਪੰਜਾਬ ਵਿਚ ਨਵੀਆਂ ਪੰਚਾਇਤਾਂ ਚੁਣੀਆਂ ਗਈਆਂ ਹਨ। ਮੋਗਾ (Moga) ਜ਼ਿਲ੍ਹੇ ਦੇ ਪਿੰਡ ਤੋਤਾ ਸਿੰਘ ਵਾਲਾ (Tota Singh Wala) ਨੇ ਕੀਤੇ ਜਾਣ ਵਾਲੇ ਕੰਮਾਂ ਦਾ ਬਿਉਰਾ ਪੇਸ਼ ਕਰਕੇ ਇਕ ਮਿਸਾਲ ਪੇਸ਼ ਕੀਤੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੀ ਨਵੀਂ ਪੰਚਾਇਤ ਬਣੀ ਹੈ, ਜਿਸ ਵਿੱਚ ਪੰਜ ਮੈਂਬਰ ਅਤੇ ਰਾਜਵਿੰਦਰ ਕੌਰ ਸਰਪੰਚ ਚੁਣੇ ਗਏ ਹਨ। ਨਵੀਂ ਪੰਚਾਇਤ ਵੱਲੋਂ ਮਿਲ ਕੇ ਸਾਰੇ ਕੰਮ ਕੀਤੇ ਜਾਣਗੇ। ਪਿੰਡ ਦੀ ਨਵੀਂ ਪੰਚਾਇਤ ਨੇ 18 ਸੂਤਰੀ ਏਜੰਡਾ ਪੇਸ਼ ਕੀਤਾ ਹੈ, ਜਿਸ ਨਾਲ ਪਿੰਡ ਵਿਚ ਪਿਆਰ ਸਤਿਕਾਰ ਬਣਾ ਕੇ ਰੱਖਿਆ ਜਾਵੇਗਾ।

1. ਪਿੰਡ ਵਿੱਚ ਕਿਸੇ ਦਾ ਵੀ ਕੋਈ ਗਿਲਾ ਸ਼ਿਕਵਾ ਹੋਵੇ ਇੱਕ-ਦੂਜੇ ਨਾਲ ਜਾਂ ਕੋਈ ਵੀ ਲੜਾਈ-ਝਗੜਾ ਹੁੰਦਾ ਹੈ ਤਾਂ ਕੋਈ ਵੀ ਪਿੰਡ ਦਾ ਵਿਅਕਤੀ ਥਾਣੇ ਨਹੀਂ ਜਾਵੇਗਾ ਉਸ ਦਾ ਸਹੀ ਤੇ ਸਚਾਈ ਦੇ ਅਧਾਰ ਤੇ ਫੈਸਲਾ ਪਿੰਡ ਦੇ ਗੁਰੂ ਘਰ ਵਿੱਚ ਬੈਠਕੇ ਕਰਵਾਇਆ ਜਾਵੇਗਾ,

2. ⁠ਜੇ ਕਿਸੇ ਦੇ ਪੁਰਾਣੇ ਲੜਾਈ ਝਗੜੇ ਚੱਲ ਰਹੇ ਨੇ ਤਾਂ ਉਹ ਪਿੰਡ ਵਿੱਚ ਬੈਠ ਕੇ ਸੱਚੇ ਦਿਲੋਂ ਨਬੇੜੇ ਜਾਣਗੇ,ਕੋਈ ਵੀ ਵਿਆਕਤੀ ਪਿੰਡ ਦੇ ਕਿਸੇ ਵਿਆਕਤੀ ਤੇ ਦਰਖਾਸਤ ਨਹੀਂ ਦੇਵੇਗਾ।
3. ਪਿੰਡ ਦੀ ਕਿਸੇ ਵੀ ਜਾਤੀ ਜੱਟ ਸਿੱਖ,ਐਸਸੀ,ਮਿਸਤਰੀ ਸਿੰਘ,ਅਰੋੜੇ ਸਿੱਖ,ਬਾਜੀਗਰ ਸਿੱਖ ਜਾਂ ਕ੍ਰਿਸਚਨ ਭਾਈਚਾਰੇ ਦੀ ਧੀ-ਭੈਣ ਦਾ ਜੇ ਉਸ ਦੇ ਸਹੁਰਿਆਂ ਨਾਲ ਕੋਈ ਝਗੜਾ ਹੁੰਦਾ ਹੈ ਤਾਂ ਸਾਰਾ ਪਿੰਡ ਧੀ ਦੇ ਹੱਕ ‘ਚ ਖੜੇਗਾ ਤੇ ਕੋਈ ਵੀ ਪਿੰਡ ਦਾ ਵਿਆਕਤੀ ਧੀ ਦੇ ਸਹੁਰਿਆਂ ਵੱਲੋਂ ਪੰਚਾਇਤ ਵਿੱਚ ਨਹੀਂ ਆਵੇਗਾ।

4.ਜੇ ਪਿੰਡ ਦੀ ਧੀ ਦਾ ਸਹੁਰਿਆਂ ਨਾਲ ਝਗੜਾ ਹੋਵੇਗਾ ਤੇ ਗਲਤੀ ਧੀ ਦੀ ਹੋਵੇਗਾ ਤਾਂ ਉਸ ਧੀ ਨੂੰ ਸਮਝਾਇਆ ਜਾਵੇਗਾ ਜੇ ਫਿਰ ਵੀ ਨਈ ਸਮਝਦੀ ਤਾਂ ਪਿੰਡ ਦੀ ਪੰਚਾਇਤ ਉਸ ਦੇ ਹੱਕ  ‘ਚ ਨਹੀਂ ਖੜੇਗੀ।

5. ਪਿੰਡ ‘ਚੋਂ ਕਿਸੇ ਦੀ ਧੀ ਭੈਣ ਜਾਂ ਬੇਟੇ ਦੇ ਤਲਾਕ ਨਹੀਂ ਕਰਵਾਏ ਜਾਣਗੇ।

6. ਪਿੰਡ ਦੀ ਪੰਚਾਇਤ ਵੱਲੋਂ ਪਿੰਡ ਦੇ ਕਿਸੇ ਵਿਆਕਤੀ ਖਿਲਾਫ ਕੋਈ ਵੀ ਕੰਪਲੇਂਟ ਕਿਸੇ ਵੀ ਮਹਿਕਮੇ ਵਿੱਚ ਨਹੀਂ ਕੀਤੀ ਜਾਵੇਗੀ।

7.ਪਿੰਡ ਵਿੱਚ ਚਿੱਟੇ,ਗੋਲੀਆਂ,ਕੈਪਸੂਲ ਦਾ ਨਸ਼ਾ ਨਹੀਂ ਵਿਕਣ ਦਿਆਂਗੇ,ਜਿਹੜੇ ਮੁੰਡੇ ਚਿੱਟੇ ‘ਤੇ ਲੱਗੇ ਹਨ ਉਹਨਾਂ ਦਾ ਇਲਾਜ ਪੰਚਾਇਤ ਵੱਲੋਂ ਕਰਵਾ ਕੇ ਨਸ਼ਾ ਛੁਡਵਾਕੇ ਮੁੜ ਵਿਸੇਬਾ ਕਰਵਾਇਆ ਜਾਵੇਗਾ।
8.ਪਿੰਡ ਵਿੱਚ ਜੋ ਵਿਕਾਸ ਹੋਣਾ ਹੈ ਉਹ ਬਿਲਕੁਲ ਨਿਰਪੱਖ ਕਰਵਾਇਆ ਜਾਵੇਗਾ।
9. ਪਿੰਡ ਦੇ ਸਾਰੇ ਰਸਤਿਆਂ-ਪਹੀਆਂ ਨੂੰ ਪਿਆਰ ਨਾਲ ਬੈਠਕੇ ਭਰੱਪੀ ਤੌਰ ਤੇ ਛੱਡਵਾਇਆ ਜਾਵੇਗਾ,ਜੇ ਕੋਈ ਪਿੰਡ ਦਾ ਸਾਂਝਾ ਰਸਤਾ ਮੇਰੇ ਜਾਂ ਮੇਰੇ ਪਰਿਵਾਰ ਥੱਲੇ ਵਗ ਰਿਹਾ ਹੋਵੇਗਾ ਤੇ ਮੈਂ ਸਭ ਤੋਂ ਪਹਿਲਾਂ ਛੱਡਾਂਗਾ।
10. ਪੰਚਾਇਤ ਦਾ ਕੋਈ ਵੀ ਇਜਲਾਸ ਹੋਵੇਗਾ ਉਹ ਗੁਰੂ ਘਰ ਬੈਠ ਕੇ ਪਿੰਡ ਦੀ ਹਾਜਰੀ ‘ਚ ਹੋਵੇਗਾ।
11.  ਮਨਰੇਗਾ ਕਾਮਿਆਂ ਨੂੰ ਕਦੇ ਵੀ ਪਿੰਡ ਦੇ ਛੱਪੜ ਵਿੱਚ ਇੱਧਰੋਂ ਮਿੱਟੀ ਪੱਟ ਕੇ ਓਧਰ ਤੇ ਓਧਰੋਂ ਮਿੱਟੀ ਪੱਟ ਕੇ ਇੱਧਰ ਲਾਉਣ ਲਈ ਨਹੀਂ ਵਰਤਿਆ ਜਾਵੇਗਾ ਸਗੋਂ ਪਿੰਡ ਦੇ ਸਕੂਲ ਦੀ,ਸਿਵਿਆਂ ਦੀ,ਪਲੇ ਗਰਾਂਊਂਡ ਦੀ,ਗਲੀਆਂ ਦੀ ਅਤੇ ਰਸਤਿਆਂ ਦੀ ਸਫਾਈ ਕਰਵਾਈ ਜਾਵੇਗੀ।
12. ਪਿੰਡ ਦੀਆਂ ਗਲੀਆਂ ਅਤੇ ਹਵੇਲੀਆਂ ਸਾਹਮਣੇ ਲਾਈਟਾਂ ਅਤੇ ਪੌਦੇ ਬਹੁਤ ਜਲਦ ਲਾਏ ਜਾਣਗੇ। ਇੰਟਰਲੌਕ ਪਹਿਲਾਂ ਦੂਜਿਆਂ ਦੇ ਰਸਤੇ ਪੱਕੇ ਕਰਕੇ ਫਿਰ ਆਵਦੇ ਰਸਤੇ ਤੇ ਲਾਵਾਂਗੇ,
13. ਸਾਰੇ ਪਿੰਡ ਵਿੱਚ ਸੀਵਰਜ ਪਾਇਆ ਜਾਵੇਗਾ।
14. ਪਿੰਡ ਵਿੱਚ ਇੱਕ ਬੁੱਕ ਲਾਇਬ੍ਰੇਰੀ ਬਣਾਈ ਜਾਵੇਗੀ ਜਿੱਥੇ ਬੈਠ ਕੇ ਹਰ ਕੋਈ ਕਿਤਾਬਾਂ ਪੜ੍ਹ ਸਕੇ।
15. ਕੋਸ਼ਿਸ਼ ਇਹ ਰਹੇਗੀ ਕੇ ਹਰ ਸਰਕਾਰੀ ਸਹੂਲਤ ਪਿੰਡ ਵਿੱਚ ਲਿਆਕੇ ਹਰ ਵਰਗ ਨੂੰ ਦਵਾਈ ਜਾਵੇ ਨਾ ਕੇ ਪਿਛਲੇ ਸਰਪੰਚਾ ਵਾਂਗ ਪਾਰਟੀਬਾਜੀ ਨੂੰ ਮੁੱਖ ਰੱਖਕੇ।
16. ਪਿੰਡ ਵਿੱਚ ਫਿਲਟਰ ਪਾਣੀ ਅਤੇ ਵਾਟਰਬਕਸ ਪਹਿਲ ਦੇ ਅਧਾਰ ਤੇ ਲਿਆਂਦਾ ਜਾਵੇਗਾ।
17. ਪਿੰਡ ਵਿੱਚ ਡਿਸਪੈਂਸਰੀ,ਪ੍ਰਾਇਮਰੀ ਸਕੂਲ,ਧਰਮ ਸ਼ਾਲਾ ਅਤੇ ਐਸ ਸੀ ਸਿਵਿਆਂ ਦੀ ਬਿਲਡਿੰਗ ਨਵੀਂ ਤੇ ਅੱਪਗ੍ਰੇਡ ਕੀਤੀ ਜਾਵੇਗੀ।

18. ਪਿੰਡ ਦੇ ਗੁਰੂ ਘਰ ਵਿੱਚ ਸੋਲਰ ਸਿਸਟਮ ਲਵਾਉਣ ਲਈ ਪਹਿਲ ਦੇ ਅਧਾਰ ਤੇ ਉਪਰਾਲੇ ਕੀਤੇ ਜਾਣਗੇ।

ਇਹ ਵੀ ਪੜ੍ਹੋ –  ਬਟਾਲਾ ‘ਚ ਕੱਲ੍ਹ ਹੋਵੇਗਾ ਵੱਡਾ ਐਕਸ਼ਨ! ਐਸਐਸਪੀ ਨੂੰ ਵੱਡੀ ਚੇਤਾਵਨੀ! ਅਕਾਲੀਆਂ ਦੀ ਲਾਈ ਲੋਕਾਂ ਖਾਕੀ ਨਿੱਕਰ