International

ਪਾਕਿਸਤਾਨ ਨੇ ਆਪਣੇ ਹੀ ਦੇਸ਼ ਦੇ ਲੋਕਾਂ ਦੇ ਪਾਸਪੋਰਟ ਕਿਉਂ ਕੀਤੇ ਰੱਦ, ਦੱਸਿਆ ਇਹ ਕਾਰਨ

ਪਾਕਿਸਤਾਨ ਸਰਕਾਰ ਨੇ ਵੱਡਾ ਫੈਸਲਾ ਲੈਂਦਿਆ 2 ਹਜ਼ਾਰ ਲੋਕਾਂ ਦੇ ਪਾਸਪੋਰਟ ਰੱਦ ਕਰ ਦਿੱਤੇ ਹਨ। ਸਰਕਾਰ ਨੇ ਇਸ ਦਾ ਕਾਰਨ ਦੱਸਦਿਆਂ ਕਿਹਾ ਕਿ ਇਹ ਮੰਗਤੇ ਬਣ ਕੇ ਬਾਹਰ ਜਾਂਦੇ ਹਨ ਅਤੇ ਵਿਦੇਸ਼ਾਂ ਵਿੱਚ ਭੀਖ ਮੰਗਦੇ ਹਨ, ਜੋ ਦੇਸ਼ ਦਾ ਅਕਸ ਵਿਗਾੜ ਰਹੇ ਹਨ। ਸਰਕਾਰ ਨੇ ਦੁਨੀਆਂ ਭਰ ਦੇ ਪਾਕਿਸਤਾਨੀ ਦੂਤਾਵਾਸਾਂ ਤੋਂ ਅਜਿਹੇ ਮੰਗਤਿਆਂ ਦੀ ਸੂਚੀ ਤਿਆਰ ਕਰਵਾਈ ਹੈ।

ਜਾਣਕਾਰੀ ਮੁਤਾਬਕ ਜਿਨ੍ਹਾਂ ਦੇ ਪਾਸਪੋਰਟ ਰੱਦ ਹੋਣਗੇ ਉਨ੍ਹਾਂ ਉੱਪਰ 7 ਸਾਲ ਤੱਕ ਦੀ ਪਾਬੰਦੀ ਲਗਾਈ ਜਾ ਸਕਦੀ ਹੈ। ਡਾਊਨ ਅਖਬਾਰ ਮੁਤਾਬਕ ਜੋ ਲੋਕ ਵਿਦੇਸ਼ਾਂ ਵਿੱਚ ਜਾ ਕੇ ਭੀਖ ਮੰਗਦੇ ਹਨ, ਉਹ ਨਾ ਸਿਰਫ ਦੇਸ਼ ਦਾ ਅਕਸ ਖਰਾਬ ਕਰਦੇ ਹਨ ਸਗੋਂ ਦੇਸ਼ ਦੇ ਸਨਮਾਨ ਨੂੰ ਵੀ ਢਾਅ ਲਗਾ ਰਹੇ ਹਨ।

ਜਾਰੀ ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਉਨ੍ਹਾਂ ਏਜੰਟਾਂ ਦੇ ਵੀ ਪਾਸਪੋਰਟ ਰੱਦ ਕਰਨਾ ਚਾਹੁੰਦੀ ਹੈ, ਜੋ ਇਨ੍ਹਾਂ ਮੰਗਤਿਆਂ ਦੀ ਮਦਦ ਕਰ ਰਹੇ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਮੰਗਤੇ ਸਾਊਦੀ ਅਰਬ, ਈਰਾਨ ਅਤੇ ਇਰਾਕ ਤੀਰਥ ਯਾਤਰਾ ਲਈ ਜਾਂਦੇ ਸਨ ਅਤੇ ਉੱਥੇ ਜਾ ਕੇ ਭੀਖ ਮੰਗਣਾ ਸ਼ੁਰੂ ਕਰ ਦਿੰਦੇ ਹਨ।

ਰਿਪੋਰਟ ਮੁਤਾਬਕ ਪਾਕਿਸਤਾਨ ਸਰਕਾਰ ਦੇ ਗ੍ਰਹਿ ਅਤੇ ਵਿਦੇਸ਼ ਮੰਤਰਾਲਾ ਮਿਲ ਕੇ ਇਸ ਉੱਤੇ ਕੰਮ ਕਰ ਰਿਹਾ ਹੈ। ਦੋਵੇਂ ਮੰਤਰਾਲੇ ਮਿਲ ਕੇ ਮੰਗਤਿਆਂ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਹਨ।

ਦੱਸ ਦੇਈਏ ਕਿ ਪਿਛਲੇ ਸਾਲ ਅਕਤੂਬਰ ਵਿੱਚ ਕਰੀਬ 24 ਲੋਕਾ ਨੂੰ ਸਾਊਦੀ ਅਰਬ ਜਾਣ ਤੋਂ ਪਹਿਲਾਂ ਹੀ ਰੋਕ ਲਿਆ ਗਿਆ ਸੀ। ਇਨ੍ਹਾਂ ਦੀ ਫਲਾਈਟ ਜਾਣ ਹੀ ਵਾਲੀ ਸੀ ਪਰ ਸਰਕਾਰ ਨੇ ਕਾਰਵਾਈ ਕਰਦੇ ਹੋਏ ਇਨ੍ਹਾਂ ਨੂੰ ਰੋਕ ਲਿਆ ਸੀ। ਇਹ ਲੋਕ ਸ਼ਰਧਾਲੂ ਦੇ ਤੌਰ ‘ਤੇ ਉੱਥੇ ਜਾ ਰਹੇ ਸੀ ਪਰ ਇਨ੍ਹਾਂ ਬਾਰੇ ਸੰਕਾਂ ਸੀ ਕਿ ਇਹ ਉੱਥੇ ਜਾ ਕੇ ਭੀਖ ਮੰਗਣਗੇ।

ਇਹ ਵੀ ਪੜ੍ਹੋ –  ਕਸ਼ਮੀਰ ‘ਚ ਭਿਆਨਕ ਦਹਿਸ਼ਤਗਰਦੀ ਹਮਲੇ ‘ਚ 4 ਜਵਾਨ ਸ਼ਹੀਦ, 6 ਦੀ ਹਾਲਤ ਨਾਜ਼ੁਕ! 2 ਮਹੀਨੇ ‘ਚ ਦੂਜਾ ਵੱਡਾ ਹਮਲਾ!