ਵਿਦੇਸ਼ਾਂ ‘ਚ ਵਸਦੇ ਪੰਜਾਬੀ ਨੌਜਵਾਨਾਂ ਦੇ ਆਏ ਦਿਨ ਮੌਤਾਂ ਦੇ ਸਿਲਸਿਲੇ ਵੱਧਦੇ ਹੀ ਜਾ ਰਹੇ ਹਨ। ਅਜਿਹਾ ਹੀ ਕ ਮਾਮਲੇ ਕੈਨੇਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਕੈਨੇਡਾ ਤੋਂ ਮਾਪਿਆਂ ਨਾਲ 5 ਸਾਲ ਬਾਅਦ ਭਾਰਤ ਆ ਰਹੇੇ ਕੈਨੇਡੀਅਨ ਸਿਟੀਜ਼ਨ ਇਕਲੌਤੇ ਪੁੱਤ ਦੀ ਜਹਾਜ਼ ਵਿਚ ਤਬੀਅਤ ਵਿਗੜਨ ਕਾਰਨ ਮੌਤ ਹੋ ਗਈ। ਕੈਨੇਡਾ ਤੋਂ ਏਅਰ ਇੰਡੀਆ ਦੇ ਜਹਾਜ਼ ਨੇ ਦਿੱਲੀ ਲਈ ਉਡਾਨ ਭਰੀ ਤਾਂ 7 ਘੰਟਿਆਂ ਬਾਅਦ ਅਸਮਾਨ ਵਿਚ ਹੀ ਸੁਪਿੰਦਰ ਸਿੰਘ ਪਿੰਦਰ ਪੁੱਤਰ ਮੱਖਣ ਸਿੰਘ ਗਰੇਵਾਲ ਵਾਸੀ ਰਾਏਕੋਟ ਦੀ ਅਚਾਨਕ ਤਬੀਅਤ ਵਿਗੜਨ ਕਾਰਨ ਮੌਤ ਹੋ ਗਈ।
ਜਗਰਾਓਂ ਦੇ ਹੀਰਾ ਬਾਗ ਵਾਸੀ ਜਮਹੂਰੀ ਕਿਸਾਨ ਸਭਾ ਦੇ ਆਗੂ ਬਲਰਾਜ ਸਿੰਘ ਕੋਟਉਮਰਾ ਨੇ ਦੱਸਿਆ ਕਿ ਉਸ ਦਾ ਕੈਨੇਡਾ ਸਿਟੀਜ਼ਨ ਚਚੇਰਾ ਭਰਾ ਸੁਪਿੰਦਰ ਸਿੰਘ ਪਿੰਦਰ 5 ਸਾਲਾਂ ਬਾਅਦ ਆਪਣੇ ਪਿਤਾ ਮੱਖਣ ਸਿੰਘ ਗਰੇਵਾਲ ਅਤੇ ਮਾਤਾ ਦਲਜੀਤ ਕੌਰ ਨਾਲ 6 ਮਾਰਚ ਨੂੰ ਕੈਨੇਡਾ ਦੇ ਵੈਨਕੂਵਰ ਤੋਂ ਏਅਰ ਇੰਡੀਆ ਦੇ ਜਹਾਜ਼ ਰਾਹੀਂ ਭਾਰਤ ਆ ਰਿਹਾ ਸੀ। 7 ਘੰਟੇ ਬਾਅਦ ਜਹਾਜ ਵਿਚ ਹੀ ਪਿੰਦਰ ਦੀ ਅਚਾਨਕ ਤਬੀਅਤ ਵਿਗੜ ਗਈ। ਜਹਾਜ਼ ’ਚ ਮੌਜੂਦ ਸਟਾਫ ਨੇ ਉਸ ਨੂੰ ਬਚਾਉਣ ਲਈ ਬਹੁਤ ਜੱਦੋਜਹਿਦ ਕੀਤੀ ਪਰ ਅਚਾਨਕ ਤਬੀਅਤ ਵਿਗੜਨ ਦੇ ਕੁਝ ਮਿੰਟਾਂ ਦੇ ਬਾਅਦ ਹੀ ਪਿੰਦਰ ਦਾ ਅਸਮਾਨ ਵਿਚ ਹੀ ਦੇਹਾਂਤ ਹੋ ਗਿਆ। ਬੀਤੇ ਕੱਲ੍ਹ ਦਿੱਲੀ ਏਅਰਪੋਰਟ ’ਤੇ ਉਸ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਗਿਆ।
ਕੈਨੇਡੀਅਨ ਸਿਟੀਜ਼ਨ ਸੁਪਿੰਦਰ ਸਿੰਘ ਪਿੰਦਰ ਦੀ ਮ੍ਰਿਤਕ ਦੇਹ ਦਾ ਦਿੱਲੀ ਵਿਖੇ ਪੋਸਟਮਾਰਟਮ ਹੋਣ ਤੋਂ ਬਾਅਦ ਅੱਜ ਉਸ ਦੀ ਮ੍ਰਿਤਕ ਦੇਹ ਮੁੜ ਮਾਪੇ ਕੈਨੇਡਾ ਲੈ ਕੇ ਰਵਾਨਾ ਹੋਏ। ਇਸ ਦਾ ਕਾਰਨ ਸੁਪਿੰਦਰ ਦੀ ਪਤਨੀ ਪ੍ਰਦੀਪ ਕੌਰ ਅਤੇ ਦੋਵੇਂ ਪੁੱਤਰ ਦੇਵ ਅਤੇ ਸ਼ਾਨ ਕੈਨੇਡਾ ਵਿਚ ਹੀ ਸਨ ਅਤੇ ਉਨ੍ਹਾਂ ਦਾ ਪਾਸਪੋਰਟ ਰੀਨਿਊ ਹੋਣ ਵਾਲਾ ਹੋਣ ਕਾਰਨ ਉਹ ਇੰਡੀਆ ਨਹੀਂ ਆ ਸਕਦੇ ਸਨ। ਇਸ ਲਈ ਪਰਿਵਾਰ ਨੇ ਸੁਪਿੰਦਰ ਦੀ ਮ੍ਰਿਤਕ ਦੇਹ ਕੈਨੇਡਾ ਲੈ ਕੇ ਜਾਣ ਦਾ ਫੈਸਲਾ ਕੀਤਾ।