ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਵਰਤੀ ਗਈ ਕਾਰ ਦੀ ਨੰਬਰ ਪਲੇਟ ਫਰਜ਼ੀ ਸੀ। ਜਿਸ ਗੱਡੀ ਵਿੱਚ ਮੁਲਜ਼ਮ ਕਤਲ ਕਰਨ ਲਈ ਹਰਿਆਣਾ ਦੇ ਫਤਿਹਾਬਾਦ ਤੋਂ ਆਏ ਸਨ, ਉਨ੍ਹਾਂ ਵਿੱਚੋਂ ਇੱਕ ਦੀ ਨੰਬਰ ਪਲੇਟ ਵਿਦੇਸ਼ ਵਿੱਚ ਰਹਿੰਦੇ ਗੈਂਗਸਟਰ ਗੋਲਡੀ ਬਰਾੜ ਦੇ ਕਹਿਣ ’ਤੇ ਅੰਮ੍ਰਿਤਸਰ ਤੋਂ ਬਣੀ ਸੀ। ਮੁਲਜ਼ਮ ਕੇਸ਼ਵ ਅੰਮ੍ਰਿਤਸਰ ਤੋਂ ਨੰਬਰ ਪਲੇਟ ਲੈ ਕੇ ਫਤਿਹਾਬਾਦ ਪਹੁੰਚਿਆ ਸੀ।
ਮੂਸੇਵਾਲਾ ਦੇ ਕਤਲ ਤੋਂ ਕਰੀਬ ਇੱਕ ਮਹੀਨਾ ਪਹਿਲਾਂ ਮੁਲਜ਼ਮ ਦੇ ਦੋ ਸਾਥੀਆਂ ਅਕਸ਼ੈ ਅਤੇ ਰੁਪੇਸ਼ ਨੂੰ ਗੰਗਾਨਗਰ ਸੀਆਈਏ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਕੇਸ਼ਵ ਨੇ ਉਨ੍ਹਾਂ ਨੂੰ ਕਮਰਾ ਦਿੱਤਾ ਸੀ। ਪਰ ਉਪਰੋਕਤ ਦੋਵਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਮੁਲਜ਼ਮ ਕੇਸ਼ਵ ਵੀ ਬਠਿੰਡਾ ਤੋਂ ਚੰਡੀਗੜ੍ਹ ਜਾ ਕੇ ਲੁਕ ਗਿਆ।
ਕੇਸ਼ਵ ਸਾਲ 2020 ਵਿੱਚ ਮੁਕਤਸਰ ਜੇਲ੍ਹ ਵਿੱਚ ਬੰਦ ਸੀ। ਉਥੇ ਉਸ ਦੀ ਮੁਲਾਕਾਤ ਹਰਜਿੰਦਰ ਸਿੰਘ ਨਾਲ ਹੋਈ। ਦਸੰਬਰ 2021 ਵਿੱਚ ਹਰਜਿੰਦਰ ਸਿੰਘ ਨੇ ਕੇਸ਼ਵ ਨੂੰ ਗੋਲਡੀ ਬਰਾੜ ਨਾਲ ਫ਼ੋਨ ‘ਤੇ ਮਿਲਵਾਇਆ ਸੀ।
ਇਸ ਤੋਂ ਬਾਅਦ ਕੇਸ਼ਵ ਨੇ ਅਪ੍ਰੈਲ 2022 ‘ਚ ਗੋਲਡੀ ਨਾਲ ਦੁਬਾਰਾ ਗੱਲ ਕੀਤੀ। ਗੋਲਡੀ ਨੇ ਕੇਸ਼ਵ ਨੂੰ ਅਕਸ਼ੇ ਅਤੇ ਰੁਪੇਸ਼ ਦੇ ਠਹਿਰਨ ਦਾ ਇੰਤਜ਼ਾਮ ਕਰਨ ਲਈ ਕਿਹਾ। ਤਿੰਨ ਦਿਨਾਂ ਬਾਅਦ ਕੇਸ਼ਵ ਚੰਡੀਗੜ੍ਹ ਤੋਂ ਅੰਮ੍ਰਿਤਸਰ ਚਲਾ ਗਿਆ ਸੀ। ਉਥੇ ਉਸ ਨੇ ਗੋਲਡੀ ਬਰਾੜ ਤੋਂ ਪੈਸੇ ਮੰਗੇ। ਇਸ ਤੋਂ ਬਾਅਦ ਕੇਸ਼ਵ ਅੰਮ੍ਰਿਤਸਰ ਤੋਂ ਕਾਰ ਦੀ ਨੰਬਰ ਪਲੇਟ ਲੈ ਕੇ ਫਤਿਹਾਬਾਦ ਪਹੁੰਚ ਗਿਆ। ਫਤਿਹਾਬਾਦ ‘ਚ ਕੇਸ਼ਵ ਤੋਂ ਨੰਬਰ ਪਲੇਟ ਲੈਣ ਵਾਲਾ ਲੜਕਾ ਕੁਝ ਸਮੇਂ ਬਾਅਦ ਉਸੇ ਬੋਲੈਰੋ ਕਾਰ ‘ਚ ਕੇਸ਼ਵ ਦੇ ਨਾਲ ਪਹੁੰਚਿਆ।
ਸੂਤਰਾਂ ਨੇ ਦੱਸਿਆ ਕਿ ਕੇਸ਼ਵ ਅਤੇ ਇੱਕ ਲੜਕਾ ਉਸ ਦਿਨ ਪਿੰਡ ਰੱਤਾ ਟਿੱਬਾ ਵਿੱਚ ਰੁਕੇ ਸਨ ਅਤੇ ਅਗਲੇ ਦਿਨ ਉਨ੍ਹਾਂ ਦੀ ਮੁਲਾਕਾਤ ਪ੍ਰਿਅਵਰਤ ਫੌਜੀ ਅਤੇ ਅੰਕਿਤ ਸੇਰਸਾ ਨਾਲ ਹੋਈ। ਕੇਸ਼ਵ ਉਨ੍ਹਾਂ ਨਾਲ ਬੋਲੈਰੋ ਕਾਰ ‘ਚ ਡੱਬਵਾਲੀ ਪਹੁੰਚਿਆ ਸੀ। ਮੂਸੇਵਾਲਾ ਦੀ ਹੱਤਿਆ ਲਈ ਵਰਤੀ ਗਈ ਬੋਲੈਰੋ ਕਾਰ ਦੀ ਅਸਲ ਨੰਬਰ ਪਲੇਟ ਦਿੱਲੀ ਦੀ ਸੀ। ਜਦੋਂਕਿ ਕੋਰੋਲਾ ਕਾਰ ਜੱਗੂ ਦੇ ਸ਼ੂਟਰ ਮਨਪ੍ਰੀਤ ਅਤੇ ਜਗਰੂਪ ਰੂਪਾ ਲੈ ਕੇ ਆਏ ਸਨ।