‘ਦ ਖ਼ਾਲਸ ਬਿਊਰੋ :- ਕਿਸਾਨੀ ਅੰਦੋਲਨ ਨੂੰ ਸਮਰਪਿਤ ਇੱਕ ਹੋਰ ਅਖਬਾਰ ‘ਕਰਤੀ ਧਰਤੀ’ ਪ੍ਰਕਾਸ਼ਿਤ ਹੋਇਆ ਹੈ। ਕਿਸਾਨ ਅੰਦੋਲਨ ਦੇ ਵੱਖ-ਵੱਖ ਪਹਿਲੂਆਂ ਨੂੰ ਉਭਾਰਨ ਲਈ ਸਕਿਉਰਿਟੀ ਇੰਜਨੀਅਰ ਅਤੇ ਲੇਖਿਕਾ ਸੰਗੀਤ ਤੂਰ ਨੇ ਆਪਣੀਆਂ ਸਾਥਣਾਂ ਦੇ ਸਹਿਯੋਗ ਨਾਲ ‘ਕਰਤੀ ਧਰਤੀ’ ਨਾਮੀ ਚਾਰ ਵਰਕੀ ਪਰਚਾ ਪ੍ਰਕਾਸ਼ਿਤ ਕਰਨ ਦਾ ਐਲਾਨ ਕੀਤਾ ਹੈ। ਇਸ ਦਾ ਪਹਿਲਾ ਅੰਕ ਅੱਜ ਕਿਸਾਨ ਮੋਰਚੇ ਵਿੱਚ ਵੰਡਿਆ ਗਿਆ।
ਪਰਚੇ ਦੇ ਪਹਿਲੇ ਅੰਕ ਵਿੱਚ ਨੌਦੀਪ ਕੌਰ ਦੀ ਰਿਹਾਈ ਦੀ ਮੰਗ ਕੀਤੀ ਗਈ ਹੈ। ਇਸ ਵਿਚ 26 ਜਨਵਰੀ ਦੀ ਕਿਸਾਨ ਗਣਤੰਤਰ ਪਰੇਡ ਦਾ ਸਿੰਘੂ, ਟਿੱਕਰੀ ਅਤੇ ਗਾਜ਼ੀਪੁਰ ਬਾਰਡਰ ਮੋਰਚਿਆਂ ਤੋਂ ਅੱਖੀਂ ਡਿੱਠਾ ਹਾਲ ਅਤੇ ਘੁੰਡ ਵਾਲੀ ਔਰਤ ਦੀ ਤਕਰੀਰ ਤੇ ਹੋਰ ਰਚਨਾਵਾਂ ਸ਼ਾਮਲ ਹਨ। ਪਰਚੇ ਦੇ ਹਿੰਦੀ ਅਤੇ ਅੰਗਰੇਜ਼ੀ ਅਨੁਵਾਦ ਵੀ ਆਨਲਾਈਨ ਰਿਲੀਜ਼ ਕੀਤੇ ਜਾਣਗੇ। ਇਸ ਦਾ ਸ਼ਾਹਮੁਖੀ ਐਡੀਸ਼ਨ ਪਹਿਲਾਂ ਹੀ ਆਨਲਾਈਨ ਹੈ।
ਤੂਰ ਨੇ ਦੱਸਿਆ ਕਿ ਪਰਚੇ ਦੀ ਛਪਾਈ, ਵੰਡਾਈ ਅਤੇ ਤਕਨੀਕੀ ਮਸਲਿਆਂ ਦੀ ਦੇਖਭਾਲ ਸਰਗਮ ਤੂਰ ਤੇ ਡਿਜ਼ਾਈਨਰ ਦੀ ਜ਼ਿੰਮੇਵਾਰੀ ਨਵਜੀਤ ਕੌਰ ਕੋਲ ਹੈ। ‘ਕਰਤੀ ਧਰਤੀ’ ਕਿਸਾਨ ਅੰਦੋਲਨ ਦੀਆਂ ਵੱਖ-ਵੱਖ ਆਵਾਜ਼ਾਂ ਨੂੰ ਸਮਰਪਿਤ ਪੰਦਰਵਾੜਾ ਪ੍ਰਕਾਸ਼ਨ ਹੈ, ਜੋ ਔਰਤਾਂ ਦੀ ਅਗਵਾਈ ਅਤੇ ਸਹਾਇਤਾ ਨਾਲ ਪ੍ਰਕਾਸ਼ਿਤ ਹੋ ਰਿਹਾ ਹੈ। ਇਸ ਦਾ ਨਾਂ ਨਿਊਯਾਰਕ ਤੋਂ ਪ੍ਰੋ. ਨੌਸ਼ੀਨ ਅਲੀ ਨੇ ਰੱਖਿਆ ਹੈ। ਪ੍ਰਬੰਧਕ ਅਨੁਸਾਰ ਪਰਚੇ ਦੀਆਂ 2500 ਕਾਪੀਆਂ ਸਿੰਘੂ ਅਤੇ ਟਿਕਰੀ ਬਾਰਡਰ ਅਤੇ ਪੰਜਾਬ ਦੇ ਕੁੱਝ ਮੁੱਖ ਮੋਰਚਿਆਂ ’ਤੇ ਵੰਡੀਆਂ ਜਾਣਗੀਆਂ।