‘ਦ ਖ਼ਾਲਸ ਬਿਊਰੋ : ਪੰਜਾਬ ਵਿਧਾਨ ਸਭਾ ਚੋਣਾਂ ਲਈ ਸਿਆਸਤ ਦੇ ਧੁਰੰਤਰ ਆਪਣੀ ਹੋਂਦ ਬਚਾਉਣ ਦੀ ਲੜਾਈ ਲ਼ੜ ਰਹੇ ਹਨ । ਨਵੇਂ ਚੇਹਰਿਆਂ ਨੇ ਵਖਤ ਪਾ ਰੱਖਿਆ ਹੈ। ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਇਸ ਵਾਰ ਨਵਿਆਂ ਨੂੰ ਪਹਿਲਾਂ ਨਾਲੋਂ ਜਿਆਦਾ ਗਿਣਤੀ ਵਿੱਚ ਦਾਅ ‘ਤੇ ਲਾਇਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ 26, ਕਾਂਗਰਸ ਦੇ17 ਅਤੇ ਆਪ ਦੇ 15 ਅਜਿਹੇ ਉਮੀਦਵਾਰ ਹਨ ਜਿਹੜੇ ਮੈਦਾਨ ਵਿੱਚ ਪਹਿਲੀ ਵਾਰ ਨਿਤਰੇ ਹਨ। ਬਹੁਜਨ ਸਮਾਜ ਪਾਰਟੀ ਨੇ 20 ਵਿੱਚੋਂ 18 ਨਵਿਆਂ ‘ਤੇ ਵਧੇਰੇ ਭਰੋਸਾ ਕੀਤਾ ਹੈ। ਭਾਰਤੀ ਜਨਤਾ ਪਾਰਟੀ ਦੇ 61 ਉਮੀਦਵਾਰ ਪਹਿਲੀ ਵਾਰ ਭਿੜਨਗੇ । ਸੰਯੁਕਤ ਸਮਾਜ ਮੋਰਚਾ ਦੇ ਸਭ ਤੋਂ ਵੱਧ 102 ਉਮੀਦਵਾਰਾਂ ਕੋਲ ਚੋਣ ਲੜਨ ਦਾ ਕੋਈ ਤਜਰਬਾ ਨਹੀਂ ਹੈ। ਅੰਕੜੇ ਦੱਸਦੇ ਹਨ ਕਿ ਸਾਰੀਆਂ ਪਾਰਟੀਆਂ ਦੇ 585 ਉਮੀਦਵਾਰਾਂ ਵਿੱਚੋਂ 239 ਭਾਵ 40 ਫੀਸਦੀ ਨੂੰ ਪਹਿਲੀ ਵਾਰ ਜੰਗੇ ਮੈਦਾਨ ਵਿੱਚ ਨਿਤਰਨ ਦੇ ਮੌਕਾ ਮਿਲਿਆ ਹੈ।
ਦਿਲਚਸਪ ਗੱਲ ਇਹ ਕਿ ਨਵੇਂ ਚਿਹਰਿਆਂ ਨੇ ਸਿਆਸਤ ਦੇ ਦਿਗਜ਼ਾਂ ਨੂੰ ਵਕਤ ਪਾ ਰੱਖਿਆ ਹੈ। ਰਾਜਨਿਤਕ ਪਾਰਟੀਆਂ ਨੇ ਜਿੱਥੇ ਕਈ ਹਲਕਿਆਂ ਤੋਂ ਨਵੇਂ ਉਮੀਦਵਾਰ ਖੜੇ ਕਰਕੇ ਪਹਿਲੀ ਵਾਰ ਤਜਰਬਾ ਕੀਤਾ ਹੈ। ਕਈ ਪਾਰਟੀਆਂ ਦੀ ਮਜ਼ਬੂਰੀ ਵੀ ਬਣ ਰਿਹਾ ਹੈ ਸੰਯੁਕਤ ਸਮਾਜ ਮੋਰਚਾ ਨੇ ਹਾਲੇ ਹੁਣੇ ਜਿਹੇ ਸਿਆਸਤ ਵਿੱਚ ਪੈਰ ਧਰਿਆ ਹੈ। ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਦਲ ਸੰਯੁਕਤ ਨੇ ਵੀ ਹਾਲੇ ਪੁਲਾਂਘ ਭਰਨੀ ਸ਼ੁਰੂ ਕੀਤੀ ਹੈ ।
ਸਿਆਸਤ ਨੂੰ ਘਰੋਂ ਬਾਹਰ ਨਾ ਜਾਮ ਦੇਣ ਜਾਂ ਇਸ ਨੂੰ ਵਿਰਾਸਤ ਵਿੱਚ ਪਲੋਸ ਕੇ ਦੇਣ ਦੀ ਪਰਵਿਰਤੀ ਨੇਤਾਵਾਂ ਦੀ ਕਮਜ਼ੋਰੀ ਰਹੀ ਹੈ ਪਰ ਇਨ੍ਹਾਂ ਚੋਣਾਂ ਵਿੱਚ ਰਾਜਨੀਤੀ ਨੂੰ ਆਪਣਿਆਂ ਤੱਕ ਸੀਮਤ ਰੱਖਣ ਲਈ ਵਥੇਰਾ ਪਿੱਟ ਸਿਆਪਾ ਪਿਆ। ਬਹੁਤਿਆਂ ਦੀ ਵਾਹ ਚੱਲੀ ਨਾ। ਉਂਝ ਪਹਿਲਾ ਵਾਰ ਹੈ ਕਿ ਚੋਣ ਮੈਦਾਨ ਵਿੱਚ ਨਿਤਰਨ ਦੀ ਬੋਹਣੀ ਕਰਨ ਵਾਲਿਆਂ ਨੂੰ ਇਸ ਵਾਰ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਗਿਆ ਹੈ। ਇੱਕ ਤਾਂ ਪਾਰਟੀ ਅੰਦਰਲਾ ਵਿਰੋਧ ਪਾਰ ਨਹੀਂ ਲੱਗਣ ਦੇ ਰਿਹਾ ਦੂਸਰਾ ਇਹ ਕਿ ਵੋਟਰ ਜਾਗਰੂਕ ਹੋ ਗਏ ਹਨ ਅਤੇ ਉਨ੍ਹਾਂ ਨੂੰ ਬਾਂਹ ਮਰੋੜਣ ਦੀ ਜਾਂਚ ਆ ਗਈ ਹੈ। ਬਦਲਦੇ ਹਲਾਤਾਂ ਵਿੱਚ ਕੰਨਸੋਆਂ ਇੰਝ ਦੀਆਂ ਪੈਣ ਲੱਗੀਆਂ ਹਨ ਜੇ ਕਿੱਧਰੇ ਵਿਰੋਧ ਦੇ ਡਰੋਂ ਰਾਜਨਿਤੀ ਛੱਡ ਕੇ ਭੱਜ ਨਾ ਪੈਣ। ਇਨ੍ਹਾਂ ਵਿੱਚੋਂ ਕਈ ਸਾਰੇ ਦੱਬਵੀਂ ਜੁਬਾਨੇ ਕਹਿਣ ਲੱਗੇ ਕਿ ਕੀ ਲੈਣਾ ਅਜਿਹੇ ਖਲਜਗਣ ਤੋਂ ਅਸਲ ਵਿੱਚ ਕਿਸਾਨ ਅੰਦੋਲਨ ਨੇ ਆਮ ਲੋਕਾਂ ਨੂੰ ਸਿਆਸੀ ਲੀਡਰਾਂ ਨੂੰ ਮੂਹਰੇ ਲਾ ਕੇ ਭਜਾਉਣ ਦਾ ਹੀਆ ਦਿੱਤਾ ਹੈ।
ਵੈਸੇ ਤਾਂ ਚੋਣ ਮੈਦਾਨ ਵਿੱਚ 250 ਦੇ ਕਰੀਬ ਉਮੀਦਵਾਰਾਂ ਕਿਸਮਤ ਅਜਮਾਉਣੀ ਹੈ ਪਰ ਅਸੀਂ ਅੱਜ ਸਿਰਫ ਉਨ੍ਹਾਂ ਬਾਰੇ ਚਰਚਾ ਕਰਾਂਗੇ ਜਿਨ੍ਹਾਂ ਨੂੰ ਸਿਆਸਤ ਬੇਬੇ ਬਾਪੂ ਨੇ ਪਰੋਸ ਕੇ ਦਿੱਤੀ ਹੈ। ਸਾਬਕਾ ਕੇਂਦਰੀ ਮੰਤਰੀ ਬਿਕਰਨ ਸਿੰਘ ਮਜੀਠੀਆ ਦੀ ਪਤਨੀ ਚੋਣ ਮੈਦਾਨ ਵਿੱਚ ਕੁੱਦ ਗਈ ਹੈ। ਉਨ੍ਹਾਂ ਦੇ ਪਤੀ ਮਜੀਠੀਆ ਵੱਲੋਂ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਨਵਜੋਤ ਸਿੰਘ ਸਿੱਧੀ ਨੂੰ ਟੱਕਰ ਦੇਣ ਲਈ ਆਪਣੀ ਜੱਦੀ ਹਲਕਾ ਛੱਡ ਦਿੱਤਾ ਗਿਆ ਹੈ। ਹੋ ਸਕਦੈ ਕਿ ਅਕਾਲੀ ਦਲ ਦੀ ਇਹ ਗਿਣੀ ਮਿਥੀ ਚਾਲ ਹੋਵੇ। ਕਾਂਗਰਸ ਦੇ ਬਜ਼ੁਰਗ ਲੀਡਰ ਬ੍ਰਹਮ ਮਹਿੰਦਰਾ ਨੇ ਆਪਣੇ ਬੇਟੇ ਮੋਹਿਤ ਲਈ ਸੀਟ ਖਾਲੀ ਛੱਡ ਦਿੱਤੀ ਹੈ। ਉਨ੍ਹਾਂ ਨੇ ਇਹ ਫੈਸਲਾ ਸਿਹਤ ਨਾ ਸਾਜ਼ ਹੋਣ ਦੇ ਬਹਾਨੇ ਨਾਲ ਲਿਆ ਹੈ। ਪਰ ਹਲਕੇ ਵਿੱਚ ਦਰਜਨਾਂ ਅਜਿਹੇ ਕਾਂਗਰਸ ਵਰਕਰ ਹੋਣਗੇ ਜਿਨ੍ਹਾਂ ਨੇ ਪਾਰਟੀ ਲਈ ਕੁਰਬਾਨੀ ਕੀਤੀ ਹੋਵੇਗੀ।
ਸਾਬਕਾ ਕੇਂਦਰੀ ਰੇਲਵੇ ਮੰਤਰੀ ਪਵਨ ਬਾਂਸਲ ਚੰਡੀਗੜ੍ਹ ਤੋਂ ਬਰਨਾਲੇ ਜਾ ਕੇ ਟਕਸਾਲੀ ਕਾਂਗਰਸੀ ਕੇਵਲ ਸਿੰਘ ਢਿੱਲੋਂ ਨੂੰ ਠਿੱਬੀ ਲਾ ਗਏ। ਸਦਕੇ ਜਾਈਏ ਢਿੱਲੋਂ ਦੇ ਜਿਨ੍ਹੇ ਸੀ ਨਹੀਂ ਕੀਤੀ । ਪਵਨ ਬਾਂਸਲ ਦਾ ਫਰਜੰਦ ਬਰਨਾਲਾ ਤੋਂ ਕਾਂਗਰਸ ਦਾ ਉਮੀਦਵਾਰ ਹੈ। ਉਹ ਹਰਿਆਣਾ ਸਰਕਾਰ ਵਿੱਚ ਵਧੀਕ ਐਡਵੋਕੇਟ ਜਰਨਲ ਦੇ ਆਹੁਦੇ ਦਾ ਆਨੰਦ ਲੈ ਰਿਹਾ ਸੀ। ਸ਼੍ਰੋਮਣੀ ਅਕਾਲੀ ਦਲ ਚੋਂ ਵਾਇਆ ਢੀਡਸਾਂ ਆਪ ਦੀ ਬੇੜੀ ਵਿੱਚ ਸਵਾਰ ਮਰਹੂਮ ਸੇਵਾ ਸਿੰਘ ਸੇਖਵਾਂ ਦਾ ਬੇਟਾ ਕਾਦੀਆਂ ਤੋਂ ਲੋਕਾਂ ਦੀ ਹਮਦਰਦੀ ਲੈਣ ਦੀ ਤਾਕ ਵਿੱਚ ਹੈ। ਡੇਰਾ ਬਾਬਾ ਨਾਨਕ ਤੋਂ ਸਾਬਕਾ ਸਪੀਕਰ ਨਿਰਮਲ ਸਿੰਘ ਦਾ ਬੇਟਾ ਆਪਣੇ ਬਾਪ ਦੀ ਥਾਂ ਪੂਰਾ ਕਰਨ ਦੀ ਕਾਹਲ ਵਿੱਚ ਹੈ। ਸੁਨਾਮ ਤੋਂ ਕਾਂਗਰ ਸ ਦੇ ਵਿਧਾਇਕ ਸੁਰਜੀਤ ਧੀਮਾਨ ਨੇ ਆਪਣੇ ਭਰਾ ਲਈ ਸੀਟ ਛੱਡਣ ਦੀ ਕੁਰਬਾਨੀ ਦਿੱਤੀ ਹੈ।
ਅਕਾਲੀ ਦਲ ਦੀ ਟਿਕਟ ਤੋਂ ਪੰਜ ਵਾਰ ਵਿਧਾਇਕ ਰਹੇ ਸਰਵਣ ਸਿੰਘ ਫਿਲੌਰ ਨੂੰ ਆਪਣੇ ਬੇਟੇ ਦਮਨਬੀਰ ਸਿੰਘ ਲਈ ਨਵੀਂ ਕਾਂਗਰਸ ਪਾਰਟੀ ਛੱਡਣੀ ਪਈ ਹੈ। ਆਪਣੇ ਫਰਜੰਦ ਨੂੰ ਸਿਆਸਤ ਵਿੱਚ ਫਿੱਟ ਕਰਨ ਲਈ ਉਨ੍ਹੇ ਸੁਖਦੇਵ ਸਿੰਘ ਢੀਜਸਾ ਦਾ ਹੱਥ ਫੜਿਆ ਹੈ। ਨਵਜੋਤ ਸਿੰਘ ਸਿੱਧੂ ਦੇ ਰਿਸ਼ਤੇਦਾਰ ਅਤੇ ਸਾਬਕਾ ਵਿਧਾਇਕ ਧਨਵੰਤ ਸਿੰਘ ਦਾ ਬੇਟਾ ਵੀ ਹੱਥ ਮਾਰ ਗਿਆ ਹੈ । ਨਵਜੋਤ ਸਿੰਘ ਸਿੱਧੂ ਦੇ ਕਿਸੇ ਵੇਲੇ ਰਹੇ ਸਲਾਹਕਾਰ ਅਤੇ ਫਤਿਹਗੜ ਸਾਹਿਬ ਤੋਂ ਐਮਪੀ ਅਮਰ ਸਿੰਘ ਵੀ ਆਪਣੇ ਬੇਟੇ ਨੂੰ ਪਾਰਟੀ ਦੀ ਟਿਕਟ ਦਿਵਾ ਗਏ। ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਦੀ ਆਪਣੀ ਵਿਰਾਸਤ ਆਪਣੇ ਜਵਾਈ ਦੀ ਝੋਲੀ ਪਾਉਣ ਦੀ ਚਿਰੋਕਣ ਰੀਝ ਪੂਰੀ ਹੋ ਗਈ ਹੈ । ਬਜ਼ੁਰਗ ਸਿਆਸਤਦਾਨ ਪ੍ਰਕਾਸ਼ ਸਿੰਘ ਦੇ ਤਾਂ ਕਹਿਣੇ ਕੀ ? ਹਾਂ ਸੱਚ ਮੁਰਹੂਮ ਗੁਰਚਰਨ ਸਿੰਘ ਟੋਹੜਾ ਦੀ ਵਿਰਾਸਤ ਉਨ੍ਹਾਂ ਦੇ ਦੋਹਤੇ ਨੇ ਸੰਭਾਲ ਲਈ ਹੈ। ਗੁਰਚਰਨ ਸਿੰਘ ਟੋਹੜਾ ਦਾ ਜਿਕਰ ਤੁਰਿਆ ਤਾਂ ਇਹ ਯਾਦ ਆ ਗਿਆ ਕਿ ਇੱਕ ਵਾਰ ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਰਾਜ ਸਭਾ ਦੀ ਮੈਂਬਰੀ ਲੈਣ ਦੀ ਕੀ ਲੋੜ ਪੈ ਗਈ ਤਾਂ ਉਨ੍ਹਾਂ ਦਾ ਅਣਭੋਲ ਜਵਾਬ ਹਾਲੇ ਤੱਕ ਚੇਤਿਆਂ ਚੋ ਨਹੀਂ ਵਿਸਰਿਆ ‘ ਇਸ ਬਹਾਨੇ ਪੈਸਾ ਧੇਲਾ ਆਉਦਾ ਰਹੂ, ਝੰਡੀ ਵਾਲੀ ਕਾਰ ਵੱਖਰੀ , ਫੇਰ ਸਾਰੇ ਪਰਿਵਾਰ ਦੀ ਮੁਫਤ ਇਲਾਜ ਦੀ ਸਹੁਲਤ ਦਾ ਕਿਆ ਕਹਿਣਾ’ । ਮੈ ਉਸ ਟੋਹੜਾ ਸਾਬ ਦੀ ਗੱਲ ਕਰ ਰਿਹਾ ਹਾਂ ਜਿਹੜੇ ਕਿਹਾ ਕਰਦੇ ਸਨ ਕਿ ਪੰਥ ਵਸੇ ਮੈ ਉਜੜਾਂ ਮਨ ਚਾਉ ਘਨੇਰਾ। ਹੁਣ ਤਾਂ ਰਾਜ ਨਹੀਂ ਸੇਵਾ ਦਾ ਨਾਅਰਾ ਵੀ ਬੇਮਾਅਨਾ ਲੱਗਣ ਲੱਗਾ ਹੈ। ਪੰਜਾਬ ਰੋਡ ਮੈਪ ਅਤੇ ਇੱਕ ਮੌਕਾ ‘ਆਪ’ ਨੂੰ ‘ਤੇ ਕਿਵੇਂ ਕਰੀਏ ਭਰੋਸਾ।