The Khalas Tv Blog Punjab ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਲਈ ਤਿਆਰ ਹੋਇਆ ਨਵਾਂ ਡਰੈੱਸ ਕੋਡ, ਕੁੜਤੇ ਪਜਾਮੇ ‘ਚ ਆਉਣਗੇ ਨਜ਼ਰ
Punjab

ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਲਈ ਤਿਆਰ ਹੋਇਆ ਨਵਾਂ ਡਰੈੱਸ ਕੋਡ, ਕੁੜਤੇ ਪਜਾਮੇ ‘ਚ ਆਉਣਗੇ ਨਜ਼ਰ

‘ਦ ਖ਼ਾਲਸ ਬਿਊਰੋ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ, ਹੋਰ ਅਦਾਰਿਆਂ ਅਤੇ ਗੁਰਦੁਆਰਿਆਂ ਵਿੱਚ ਸਿੱਖ ਸੰਸਥਾ ਦੇ ਕਰਮਚਾਰੀ ਹੁਣ ਰਵਾਇਤੀ ਪਹਿਰਾਵੇ ਕੁੜਤੇ ਪਜਾਮੇ ਵਿੱਚ ਨਜ਼ਰ ਆਉਣਗੇ। ਸ਼੍ਰੋਮਣੀ ਕਮੇਟੀ ਵੱਲੋਂ ਇਸ ‘ਡਰੈੱਸ ਕੋਡ’ ਨੂੰ ਜਲਦੀ ਲਾਗੂ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼ਖਸੀਅਤਾਂ ਦੇ ਸਨਮਾਨ ਸਮੇਂ ਸਿਰੋਪਾਓ ਦੇ ਨਾਲ ਲੋਈ ਦੇਣ ਦੇ ਰੁਝਾਨ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।

ਦਰਬਾਰ ਸਾਹਿਬ ਦੀ ਪਰਿਕਰਮਾ ਅਤੇ ਸੱਚਖੰਡ ਵਿੱਚ ਦਾਖਲ ਹੋਣ ਸਮੇਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਪੁਰਾਤਨ ਅਤੇ ਰਵਾਇਤੀ ਪਹਿਰਾਵੇ ਕੁੜਤੇ ਪਜਾਮੇ ਵਿੱਚ ਹੀ ਨਜ਼ਰ ਆਉਂਦੇ ਹਨ ਪਰ ਇਨ੍ਹਾਂ ਨੂੰ ਛੱਡ ਕੇ ਵੱਡੀ ਗਿਣਤੀ ਵਿੱਚ ਕਰਮਚਾਰੀਆਂ ਵੱਲੋਂ ਇਹ ਪਹਿਰਾਵਾ ਤਿਆਗ ਦਿੱਤਾ ਗਿਆ ਹੈ। ਬਹੁਗਿਣਤੀ ਕਰਮਚਾਰੀ ਪੈਂਟ-ਕਮੀਜ਼, ਜੀਨ-ਟੀ ਸ਼ਰਟ ਅਤੇ ਪੈਂਟ-ਕੋਟ ਆਦਿ ਵਿੱਚ ਦਿਖਾਈ ਦਿੰਦੇ ਹਨ।

ਇਸ ਤਰ੍ਹਾਂ ਉਨ੍ਹਾਂ ਵੱਲੋਂ ਦਸਤਾਰਾਂ ਵੀ ਵੱਖ-ਵੱਖ ਰੰਗਾਂ ਦੀਆਂ ਸਜਾਈਆਂ ਜਾਂਦੀਆਂ ਹਨ। ਸ਼੍ਰੋਮਣੀ ਕਮੇਟੀ ਦੀ ਨਵ-ਨਿਯੁਕਤ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਮਾਨ ਸੰਭਾਲਦਿਆਂ ਹੀ ਕੁੱਝ ਤਬਦੀਲੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਨ੍ਹਾਂ ਵਿੱਚ ਸਿੱਖ ਸੰਸਥਾ ਦੇ ਕਰਮਚਾਰੀਆਂ ਨੂੰ ਪੱਛਮੀ ਪਹਿਰਾਵਾ ਛੱਡ ਕੇ ਮੁੜ ਰਵਾਇਤੀ ਪਹਿਰਾਵਾ ਪਹਿਨਣ ਲਈ ਆਖਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਸਮੂਹ ਕਰਮਚਾਰੀ ਕੁੜਤਾ ਪਜਾਮਾ ਪਾਉਣਗੇ ਅਤੇ ਉਸ ਦੇ ਉੱਪਰ ਦੀ ਸ੍ਰੀ ਸਾਹਿਬ ਪਹਿਨਣਗੇ। ਇਸ ਤਬਦੀਲੀ ਨੂੰ ਜਲਦੀ ਹੀ ਲਾਗੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਨੇ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨ ਵੇਲੇ ਸਿਰੋਪਾਓ ਦੇ ਨਾਲ ਲੋਈ ਦੇਣ ਦਾ ਰੁਝਾਨ ਵੀ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਸਿੱਖ ਸੰਸਥਾ ਦੇ ਨਵੇਂ ਬਣੇ ਆਨਰੇਰੀ ਚੀਫ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਇਸ ਸਬੰਧੀ ਜਲਦੀ ਹੀ ਇਕ ਮੀਟਿੰਗ ਕੀਤੀ ਜਾ ਰਹੀ ਹੈ।

ਅੰਮ੍ਰਿਤਸਰ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਧਾਰਮਿਕ ਖੇਤਰ ਵਿੱਚ ਸ਼੍ਰੋਮਣੀ ਕਮੇਟੀ ਨੂੰ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਉਨ੍ਹਾਂ ਨੂੰ ਪੰਥਕ ਮਾਮਲਿਆਂ ਪ੍ਰਤੀ ਸਮੂਹ ਜਥੇਬੰਦੀਆਂ ਅਤੇ ਸੰਪਰਦਾਵਾਂ ਨੂੰ ਨਾਲ ਲੈ ਕੇ ਚੱਲਣ ਲਈ ਕਿਹਾ। ਜਾਣਕਾਰੀ ਅਨੁਸਾਰ ਬੀਬੀ ਜਗੀਰ ਕੌਰ ਆਪਣੀ ਪੂਰੀ ਟੀਮ ਨਾਲ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਮਹਿਤਾ ਚੌਂਕ ਵਿੱਚ ਬਾਬਾ ਹਰਨਾਮ ਸਿੰਘ ਨਾਲ ਮੁਲਾਕਾਤ ਕਰਨ ਪੁੱਜੇ ਸਨ।

ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਨੇ ਬੀਬੀ ਜਗੀਰ ਕੌਰ ਅਤੇ ਸ਼੍ਰੋਮਣੀ ਕਮੇਟੀ ਦੀ ਨਵੀਂ ਕਾਰਜਕਾਰਨੀ ਅਤੇ ਨਵੇਂ ਅਹੁਦੇਦਾਰਾਂ ਨਾਲ ਪੰਥਕ ਵਿਚਾਰਾਂ ਕੀਤੀਆਂ। ਉਨ੍ਹਾਂ ਕਿਹਾ ਕਿ ਕੌਮ ਨੂੰ ਸ਼੍ਰੋਮਣੀ ਕਮੇਟੀ ਦੀ ਨਵੀਂ ਟੀਮ ਤੋਂ ਬਹੁਤ ਆਸਾਂ ਹਨ।

Exit mobile version