Punjab

ਪੰਜਾਬ ਦਾ ਨਵਾਂ ਮੰਤਰੀ ਮੰਡਲ ਪੜ੍ਹ ਲਵੇ ਇਸ ਵਿਅਕਤੀ ਦੀ ਮੰਗ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਡਿਤਰਾਓ ਧਰੇਨਵਰ ਨਾਂ ਦੇ ਇੱਕ ਵਿਅਕਤੀ ਵੱਲੋਂ ਪੰਜਾਬ ਦੇ ਨਵੇਂ ਮੰਤਰੀ ਮੰਡਲ ਨੂੰ ਪੰਜਾਬ ਭਾਸ਼ਾ ਐਕਟ 1967 ਅਤੇ 2008 (ਸੋਧਿਆ ਹੋਇਆ) ਦੀ ਪਾਲਣਾ ਕਰਦੇ ਹੋਏ ਪੰਜਾਬੀ ਵਿਚ ਸਹੁੰ ਚੁਕਾਉਣ ਲਈ ਬੇਨਤੀ ਕੀਤੀ ਗਈ ਹੈ। ਪੰਡਿਤਰਾਓ ਧਰੇਨਵਰ ਚੰਡੀਗੜ੍ਹ ਦੇ ਸੈਕਟਰ 41 ਬੀ ਦਾ ਰਹਿਣ ਵਾਲਾ ਹੈ। ਪੰਡਿਤਰਾਓ ਧਰੇਨਵਰ ਨੇ ਮੰਤਰੀ ਮੰਡਲ ਨੂੰ ਅਪੀਲ ਕਰਦਿਆਂ ਕਿਹਾ ਕਿ

• ਪੰਜਾਬ ਭਾਸ਼ਾ ਐਕਟ 1967 ਅਤੇ 2008 (ਸੋਧਿਆ ਹੋਇਆ) ਦੇ ਮੁਤਾਬਕ ਪੰਜਾਬ ਦੇ ਸਾਰੇ ਅਫ਼ਸਰ ਅਤੇ ਕਰਮਚਾਰੀ ਪੰਜਾਬੀ ਭਾਸ਼ਾ ਵਿੱਚ ਕੰਮ ਕਰਨ ਲਈ ਪਾਬੰਦ ਹਨ, ਇਸ ਲਈ ਮੁੱਖ ਮੰਤਰੀ ਸਮੇਤ ਸਾਰੇ ਵਜ਼ੀਰਾਂ ਨੂੰ ਵੀ ਪੰਜਾਬੀ ਵਿਚ ਸਹੁੰ ਚੁੱਕ ਕੇ ਆਪਣਾ ਦਫ਼ਤਰੀ ਕੰਮਕਾਜ ਇਸ ਭਾਸ਼ਾ ਵਿੱਚ ਚਲਾਉਣਾ ਚਾਹੀਦਾ ਹੈ ਅਤੇ ਆਪਣੇ ਮਾਤਹਿਤ ਅਮਲੇ ਨੂੰ ਵੀ ਸਰਕਾਰੀ ਕੰਮ-ਕਾਜ ਵਿੱਚ ਲੋਕਾਂ ਦੀ ਭਾਸ਼ਾ ਪੰਜਾਬੀ ਵਿੱਚ ਕੰਮ ਕਰਨ ਲਈ ਪ੍ਰੇਰਨਾ ਚਾਹੀਦਾ ਹੈ।

• ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਖੇਤਰੀ ਭਾਸ਼ਾਵਾਂ ਨੂੰ ਵੱਧ ਤੋਂ ਵੱਧ ਤਰਜੀਹ ਦੇਣ ਦੇ ਪੱਖ ਵਿੱਚ ਹਨ। ਇਸ ਲਈ ਜੇਕਰ ਪੰਜਾਬ ਵਿਧਾਨਸਭਾ ਵੱਲੋਂ ਪਾਸ ਕੀਤੇ ਗਏ ਪੰਜਾਬੀ ਭਾਸ਼ਾ ਐਕਟ ਦੇ ਤਹਿਤ ਨਵਾਂ ਮੰਤਰੀ ਮੰਡਲ ਪੰਜਾਬੀ ਵਿੱਚ ਸਹੁੰ ਚੁੱਕੇਗਾ ਤਾਂ ਇਸ ਨਾਲ ਜਿੱਥੇ ਪੰਜਾਬੀ ਭਾਸ਼ਾ ਐਕਟ 1967 ਅਤੇ 2008 (ਸੋਧਿਆ ਹੋਇਆ) ਦੇ ਵਕਾਰ ਵਿੱਚ ਵਾਧਾ ਹੋਵੇਗਾ, ਉੱਥੇ ਪੰਜਾਬ ਦੇ ਅਫ਼ਸਰ ਅਤੇ ਕਰਮਚਾਰੀ ਵੀ ਉਹਨਾਂ ਤੋਂ ਪ੍ਰੇਰਨਾ ਲੈ ਕੇ ਪੰਜਾਬੀ ਭਾਸ਼ਾ ਦਾ ਮਾਣ ਸਤਿਕਾਰ ਕਰਨਗੇ ਅਤੇ ਇਸ ਵਿੱਚ ਕੰਮ ਕਾਜ ਕਰਨ ਲਈ ਉਤਸ਼ਾਹਿਤ ਹੋਣਗੇ।