Punjab

ਪੰਜਾਬ ਸਰਕਾਰ ਨੂੰ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਜਾਰੀ ਕੀਤਾ notice,ਮਾਮਲਾ ਬੱਚਿਆਂ ਦੀ ਸੁਰੱਖਿਆ ਦਾ

ਫਿਰੋਜ਼ਪੁਰ : ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਕੂਲੀ ਬੱਚਿਆਂ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਦਰਅਸਲ ਮਾਮਲਾ ਇਹ ਹੈ ਕਿ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਇੱਕ ਪਿੰਡ ਕਾਲੂਵਾੜਾ ਦੇ ਦਰਿਆ ਨੇੜੇ ਪੈਂਦੇ ਇਲਾਕੇ ਵਿੱਚ ਸਕੂਲ ਜਾਣ ਵਾਲੇ ਬੱਚਿਆਂ ਨੂੰ ਬੜੀ ਮੁਸ਼ਕਿਲ ਆਉਂਦੀ ਹੈ ਕਿਉਂਕਿ ਉਹਨਾਂ ਬੇੜੀ ਰਾਹੀਂ ਦਰਿਆ ਪਾਰ ਕਰ ਕੇ ਸਕੂਲ ਜਾਣਾ ਪੈਂਦਾ ਹੈ।

ਵਿਦਿਆਰਥੀਆਂ ਦੀ ਮੁਸ਼ਕਿਲ ਨੂੰ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਬੜੀ ਗੰਭੀਰਤਾ ਨਾਲ ਲਿਆ ਹੈ ਤੇ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਦੇਣ ਲਈ ਕਿਹਾ ਹੈ।

ਅਸਲ ਵਿੱਚ ਇਹ ਪਿੰਡ ਕਾਲੂਵਾੜਾ ਤਿੰਨ ਪਾਸੇ ਤੋਂ ਸਤਲੁਜ ਦਰਿਆ ਨਾਲ ਘਿਰਿਆ ਹੋਇਆ ਹੈ ਤੇ ਚੌਥੇ ਪਾਸੇ ਅੰਤਰਾਸ਼ਟਰੀ ਸਰਹੱਦ ਪੈਂਦੀ ਹੈ। ਇਸ ਲਈ ਦੂਜੇ ਕਿਸੇ ਹੋਰ ਪਿੰਡ ਜਾਣ ਲਈ ਬੇੜੀ ਦੀ ਵਰਤੋਂ ਕਰਨਾ ਇਹਨਾਂ ਦੀ ਮਜਬੂਰੀ ਹੈ।

ਸਭ ਤੋਂ ਮਾੜਾ ਹਾਲ ਰੋਜ਼ ਸਕੂਲ ਜਾਣ ਵਾਲੇ ਬੱਚਿਆਂ ਦਾ ਹੈ,ਜਿਹਨਾਂ ਨੂੰ ਨਿੱਤ ਇਹ ਦਰਿਆ ਪਾਰ ਕਰ ਕੇ ਹੋਰ ਪਾਸੇ ਪੜਨ ਲਈ ਜਾਣਾ ਪੈਂਦਾ ਹੈ ਕਿਉਂਕਿ ਪਿੰਡ ਦੀ ਹੱਦ ਦੇ ਅੰਦਰ ਕੋਈ ਵੀ ਸਕੂਲ ਨਹੀਂ ਹੈ।

ਬੱਚਿਆਂ ਦਾ ਕਹਿਣਾ ਹੈ ਕਿ ਅਜਿਹੇ ਹਾਲਾਤਾਂ ਵਿੱਚ ਘਰ ਤੋਂ ਸਕੂਲ ਪਹੁੰਚਣ ਲਈ ਉਹਨਾਂ ਨੂੰ ਦੋ ਘੰਟੇ ਲੱਗ ਜਾਂਦੇ ਹਨ।ਹਾਲਾਂਕਿ ਇਹ ਦੂਰੀ ਸਿਰਫ਼ 5-6 ਕਿਲੋਮੀਟਰ ਦੀ ਬਣਦੀ ਹੈ।ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਦਰਿਆ ਪਾਰ ਕਰਨ ਲਈ ਕੋਈ ਵੀ ਸਾਧਨ ਉਪਲਬੱਧ ਨਹੀਂ ਹੈ। ਹਾਲਾਤ ਤਾਂ ਇਥੋਂ ਤੱਕ ਖਰਾਬ ਹਨ ਕਿ ਕਈ ਵਾਰ ਮਲਾਹ ਦੇ ਨਾ ਹੋਣ ਦੀ ਸੂਰਤ ਵਿੱਚ ਬੱਚਿਆਂ ਨੂੰ ਖੁੱਦ ਕਿਸ਼ਤੀ ਚਲਾ ਕੇ ਪਾਰ ਜਾਣਾ ਪੈਂਦਾ ਹੈ।

ਸੋ ਬੱਚਿਆਂ ਦੀ ਇਸ ਔਖ ਨੂੰ ਦੇਖਦੇ ਹੋਏ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਕਿ ਬੱਚਿਆਂ ਦਾ ਸੁਰੱਖਿਅਤ ਸਕੂਲ ਜਾਣਾ ਯਕੀਨੀ ਬਣਾਇਆ ਜਾਵੇ ਜਾਂ ਫਿਰ ਪਿੰਡ ਦੀ ਹੱਦ ਵਿੱਚ ਹੀ ਸਕੂਲ ਦਾ ਨਿਰਮਾਣ ਕੀਤਾ ਜਾਵੇ।