The Khalas Tv Blog International ਕੈਨੇਡਾ ‘ਚ ਇੱਕ ਹੋਰ ਗੁਰਦੁਆਰਾ ਪ੍ਰਧਾਨ ਦੀ ਗੋਲੀ ਮਾਰ ਕੇ ਹੱਤਿਆ
International

ਕੈਨੇਡਾ ‘ਚ ਇੱਕ ਹੋਰ ਗੁਰਦੁਆਰਾ ਪ੍ਰਧਾਨ ਦੀ ਗੋਲੀ ਮਾਰ ਕੇ ਹੱਤਿਆ

xr:d:DAGB4p8cmUU:12,j:1469723678293742689,t:24040906

ਅਲਬਰਟਾ ਸੂਬੇ ਦੇ ਸ਼ਹਿਰ ਐਡਮਿੰਟਨ ਵਿਚ ਇੱਕ ਨਾਮੀ ਬਿਲਡਰ ਅਤੇ ਸ਼ਹਿਰ ਦੇ ਗੁਰਦਵਾਰਾ ਗੁਰੂ ਨਾਨਕ ਸਿੱਖ ਟੈਂਪਲ ਦੇ ਪ੍ਰਧਾਨ ਬੂਟਾ ਸਿੰਘ ਗਿੱਲ ਦੀ ਅੱਜ ਦਿਨ ਦਿਹਾੜੇ ਗੋਲੀਆਂ ਮਾਰਕੇ ਕਤਲ  ਕਰ ਦਿੱਤਾ ਗਿਆ ਹੈ। ਇਹ੍ਹ ਘਟਨਾ ਮਿਰਤਕ ਬੂਟਾ ਸਿੰਘ ਗਿੱਲ ਜਿਸਦਾ ਪਿਛਲਾ ਪਿੰਡ ਲਾਂਧੜਾ (ਨੇੜੇ ਫਿਲੌਰ) ਹੈ, ਦੇ ਕਾਰੋਬਾਰ ਨਾਲ ਜੁੜੀ ਇੱਕ ਕੰਸਟ੍ਰਕਸ਼ਨ ਸਾਈਟ ਤੇ ਵਾਪਰੀ ਦੱਸੀ ਜਾ ਰਹੀ ਹੈ ਜੋ ਮਿਲਵੁੱਡ ਰਿੱਕ ਸੈਂਟਰ ਦੇ ਨੇੜੇ ਸਥਿੱਤ ਹੈ।

ਜਾਣਕਾਰੀ ਅਨੁਸਾਰ ਹਮਲਾਵਰ ਜਿਸਦਾ ਨਾਮ ਨਿੱਕ ਧਾਲੀਵਾਲ ਹੈ ਵੀ ਕੰਸਟ੍ਰਕਸ਼ਨ ਦੇ ਕਿੱਤੇ ਨਾਲ ਬਤੌਰ ‘ਰੂਫਰ’ ਜੁੜਿਆ ਹੋਇਆ ਸੀ। ਇਸ ਘਟਨਾ ਦਾ ਤੀਜਾ ਸ਼ਿਕਾਰ ਸਰਬਜੀਤ ਸਿੰਘ ਦੱਸਿਆ ਗਿਆ ਹੈ ਜੋ ਇੱਕ ਸਿਵਲ ਇੰਜਨੀਅਰ ਹੈ ਜੋ ਸਖ਼ਤ ਜਖ਼ਮੀ ਹਾਲਤ ਵਿਚ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ।

ਸੂਤਰ ਦੱਸਦੇ ਹਨ ਕਿ ਤਿੰਨੋਂ ਵਿਅਕਤੀ ਕੰਸਟ੍ਰਕਸ਼ਨ ਸਾਈਟ ’ਤੇ ਮੌਜੂਦ ਸਨ ਜਦੋਂ ਗਿੱਲ ਅਤੇ ਧਾਲੀਵਾਲ ਵਿਚਕਾਰ ਕਿਸੇ ਗੱਲ ਨੂੰ ਲੈਕੇ ਤਲਖ਼ ਕਲਾਮੀ ਹੋਈ ਜਿਸ ਤੋਂ ਬਾਅਦ ਧਾਲੀਵਾਲ ਨੇ ਆਪਣਾ ਪਿਸਤੌਲ ਕੱਢਕੇ ਗੋਲੀਆਂ ਵਰ੍ਹਾ ਦਿੱਤੀਆਂ, ਜਿਸ ਨਾਲ ਧਾਲੀਵਾਲ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਇੰਜੀਨੀਅਰ ਸਰਬਜੀਤ ਸਿੰਘ ਜ਼ਖ਼ਮੀ ਹੋ ਗਿਆ। ਸੂਤਰਾਂ ਅਨੁਸਾਰ ਘਟਨਾ ਉਪਰੰਤ ਨਿੱਕ ਧਾਲੀਵਾਲ ਨੇ ਖੁਦ ਨੂੰ ਵੀ ਗੋਲੀ ਮਾਰ ਲਈ ਅਤੇ ਮੌਕੇ ’ਤੇ ਹੀ ਉਸਦੀ ਮੌਤ ਹੋ ਗਈ।

ਫਿਲਹਾਲ ਝਗੜੇ ਦਾ ਕੋਈ ਸਪਸ਼ਟ ਕਾਰਨ ਸਾਹਮਣੇ ਨਹੀਂ ਆਇਆ।ਦੱਸਿਆ ਜਾ ਰਿਹਾ ਹੈ ਕਿ ਜਿਸ ਗੁਰਦੁਆਰਾ ਸਾਹਿਬ ਦਾ ਗਿੱਲ ਪ੍ਰਧਾਨ ਸੀ ਉਹ ਖਾਲਿਸਤਾਨੀ ਲਹਿਰ ਦੀਆਂ ਸੰਚਾਲਕ ਸੰਸਥਾਵਾਂ ਵਿੱਚ ਮੋਹਰੀ ਕਰਕੇ ਜਾਣਿਆ ਜਾਂਦਾ ਹੈ। ਹੁਣ ਦੋਵੇਂ ਮ੍ਰਿਤਕਾਂ ਵਿਚਕਾਰ ਕਲੇਸ਼ ਦਾ ਕਾਰਨ ਖਾਲਿਸਤਾਨੀ ਲਹਿਰ ਦੀ ਸਿਆਸਤ ਬਣੀ ਹੈ ਜਾਂ ਕੋਈ ਕਾਰੋਬਾਰੀ ਲੈਣ ਦੇਣ ਇਹ ਜਾਂਚ ਦਾ ਵਿਸ਼ਾ ਹੈ। ਸੂਤਰ ਇਹ ਵੀ ਦੱਸਦੇ ਹਨ ਕਿ ਮਰਹੂਮ ਗਿੱਲ ਨੇ ਇਸ ਤੋਂ ਪਹਿਲਾਂ 2-3 ਵਾਰ ਫਿਰੌਤੀਆਂ ਮੰਗੇ ਜਾਣ ਬਾਰੇ ਪੁਲਿਸ ਰਿਪੋਰਟ ਵੀ ਕੀਤੀ ਸੀ। ਪੁਲ‌ਿਸ ਨੇ ਮਾਮਲਾ ਆਪਣੇ ਹੱਥਾਂ ਵਿੱਚ ਲੈ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।‌

ਜ਼ਿਕਰਯੋਗ ਹੈ ਕਿ ਐਡਮਿੰਟਨ ਦੇ ਕੁਝ ਹੋਰ ਬਿਲਡਰਾਂ ਨੂੰ ਫਿਰੌਤੀ ਦੀਆਂ ਧਮਕੀਆਂ ਮਿਲਦੀਆਂ ਰਹੀਆਂ ਹਨ ਅਤੇ ਸ਼ਹਿਰ ਵਿੱਚ ਨਵੇਂ ਬਣਨ ਵਾਲੇ ਕੁਝ ਘਰਾਂ ਨੂੰ ਅੱਗ ਦੇ ਹਵਾਲੇ ਕੀਤੇ ਜਾਣ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ। ਇਸ ਘਟਨਾ ਕਾਰਨ ਇਲਾਕੇ ਅਤੇ ਭਾਈਚਾਰੇ ਵਿੱਚ ਸੋਗ ਅਤੇ ਸਹਿਮ ਪਸਰਿਆ ਹੋਇਆ ਹੈ। ਭਾਈਚਾਰੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਮੈਂਬਰ ਪਾਰਲੀਮੈਂਟ ਟਿਮ ਉੱਪਲ, ਸ਼ਹਿਰ ਦੇ ਮੇਅਰ ਅਮਰਜੀਤ ਸਿੰਘ ਸੋਹੀ, ਰੇਡੀਓ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨਿੰਦਰ ਗਿੱਲ ਅਤੇ ਗੁਰਸ਼ਰਨ ਸਿੰਘ ਬੁੱਟਰ ਨੇ ਇਸ ਘਟਨਾ ਨੂੰ ਭਾਈਚਾਰੇ ਲਈ ਮੰਦਭਾਗਾ ਦੱਸਦਿਆਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

 

Exit mobile version