ਰਾਜਸਥਾਨ: ਆਮ ਕਿਹਾ ਜਾਂਦਾ ਹੈ ਕਿ ਜਦੋਂ ਰੱਬ ਕਿਸੇ ਨੂੰ ਵੀ ਖੁਸ਼ੀਆਂ ਦਿੰਦਾ ਹੈ ਤਾਂ ਉਹ ਛੱਪਰ ਪਾੜ ਕੇ ਦਿੰਦਾ ਹੈ। ਅਜਿਹਾ ਹੀ ਇੱਕ ਮਾਮਲਾ ਰਾਜਸਥਾਨ ਦੇ ਡੂੰਗਰਪੁਰ ਜ਼ਿਲ੍ਹੇ ਵਿੱਚ ਸਾਹਮਣੇ ਆਇਆ ਹੈ ਜਿੱਥੇ ਤਿੰਨ ਧੀਆਂ ਦੀ ਮਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਜਦੋਂ ਉਸ ਨੇ ਇੱਕੋ ਸਮੇਂ ਤਿੰਨ ਪੁੱਤਰਾਂ ਨੂੰ ਜਨਮ ਦਿੱਤਾ।
ਪ੍ਰੀ-ਮੈਚਿਓਰ ਡਿਲੀਵਰੀ ਕਾਰਨ ਤਿੰਨੋਂ ਨਵਜੰਮੇ ਬੱਚਿਆਂ ਦੀ ਸਿਹਤ ਠੀਕ ਨਹੀਂ ਸੀ। ਇਸ ਲਈ ਉਨ੍ਹਾਂ ਨੂੰ ਹਸਪਤਾਲ ਵਿੱਚ ਹੀ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਰੱਖਿਆ ਗਿਆ ਸੀ। ਹੁਣ ਇਹ ਤਿੰਨੇ ਬੱਚੇ ਆਪਣੇ ਘਰ ਆ ਗਏ ਹਨ।
ਜਾਣਕਾਰੀ ਮੁਤਾਬਕ ਮਾਮਲਾ ਡੂੰਗਰਪੁਰ ਜ਼ਿਲ੍ਹੇ ਦੇ ਸਾਗਵਾੜਾ ਇਲਾਕੇ ਦਾ ਹੈ। ਸਾਗਵਾੜਾ ਦੇ ਪੰਡਿਤ ਦੀਨਦਿਆਲ ਉਪਾਧਿਆਏ ਸਰਕਾਰੀ ਹਸਪਤਾਲ ਵਿੱਚ 26 ਨਵੰਬਰ ਨੂੰ ਇੱਕ ਔਰਤ ਨੇ ਇਕੱਠੇ ਤਿੰਨ ਪੁੱਤਰਾਂ ਨੂੰ ਜਨਮ ਦਿੱਤਾ ਸੀ। ਇਸ ਤੋਂ ਪਹਿਲਾਂ ਮਹਿਲਾ ਦੀਆਂ 3 ਬੇਟੀਆਂ ਹਨ। ਪੁੱਤਰ ਦੀ ਇੱਛਾ ‘ਚ ਔਰਤ ਨੇ ਚੌਥੇ ਬੱਚੇ ਨੂੰ ਜਨਮ ਦੇਣਾ ਸੀ। ਪਰ ਪ੍ਰੀ-ਮੈਚਿਓਰ ਡਿਲੀਵਰੀ ਨਾਲ ਤਿੰਨੋਂ ਨਵਜੰਮੇ ਬੱਚਿਆਂ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ। ਹੁਣ 25 ਦਿਨਾਂ ਦੀ ਨਿਗਰਾਨੀ ਤੋਂ ਬਾਅਦ ਬੱਚਿਆਂ ਅਤੇ ਔਰਤ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਹਸਪਤਾਲ ਦੇ ਡਾਕਟਰ ਇਸਮਾਈਲ ਨੇ ਦੱਸਿਆ ਕਿ ਹੀਰਾ ਖੇੜੀ ਪਿੰਡਾਵਲ ਵਾਸੀ 29 ਸਾਲਾ ਬੱਦੂ ਪਤਨੀ ਜੈਅੰਤੀਲਾਲ ਦੀਆਂ ਪਹਿਲਾਂ ਤਿੰਨ ਲੜਕੀਆਂ ਹਨ। ਪਰ ਪੁੱਤਰ ਦੀ ਇੱਛਾ ਕਾਰਨ ਬੱਦੂ ਫਿਰ ਗਰਭਵਤੀ ਹੋ ਗਈ।
26 ਨਵੰਬਰ ਨੂੰ ਬੱਦੂ ਨੂੰ ਜਣੇਪੇ ਦੇ ਦਰਦ ਕਾਰਨ ਸਾਗਵਾੜਾ ਹਸਪਤਾਲ ਦੇ ਮਹਿਲਾ ਅਤੇ ਬਾਲ ਰੋਗ ਵਿੰਗ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਇੱਥੇ ਉਸ ਨੇ ਇੱਕੋ ਸਮੇਂ ਤਿੰਨ ਪੁੱਤਰਾਂ ਨੂੰ ਜਨਮ ਦਿੱਤਾ। ਡਾਕਟਰ ਇਸਮਾਈਲ ਨੇ ਦੱਸਿਆ ਕਿ ਬੱਦੂ ਦੀ ਡਿਲੀਵਰੀ ਪ੍ਰੀ-ਮੈਚਿਓਰ ਸੀ। ਇਸ ਕਾਰਨ ਤਿੰਨੋਂ ਨਵਜੰਮੇ ਬੱਚੇ ਬਹੁਤ ਕਮਜ਼ੋਰ ਸਨ।
ਇਸ ਤੋਂ ਬਾਅਦ ਨਵਜੰਮੇ ਬੱਚਿਆਂ ਨੂੰ ਐੱਸ.ਐੱਨ.ਸੀ.ਯੂ (ਸਪੈਸ਼ਲ ਨਿਊ ਬੋਰਨ ਕੇਅਰ ਯੂਨਿਟ) ‘ਚ ਦਾਖਲ ਕਰਵਾਇਆ ਗਿਆ ਅਤੇ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਗਿਆ। ਡਾਕਟਰਾਂ ਅਤੇ ਸਟਾਫ਼ ਦੇ ਉੱਤਮ ਯਤਨਾਂ ਨਾਲ ਤਿੰਨੋਂ ਬੱਚਿਆਂ ਦਾ ਸਹੀ ਇਲਾਜ ਕੀਤਾ ਗਿਆ ਅਤੇ ਅੱਜ ਉਹ ਤੰਦਰੁਸਤ ਹਨ।
ਤਿੰਨੋਂ ਬੱਚਿਆਂ ਦੇ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਸਾਗਵਾੜਾ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਦੂਜੇ ਪਾਸੇ ਜਦੋਂ ਬੱਦੂ ਤਿੰਨ ਪੁੱਤਰਾਂ ਨੂੰ ਨਾਲ ਲੈ ਕੇ ਘਰ ਪਹੁੰਚਿਆ ਤਾਂ ਉੱਥੇ ਜਸ਼ਨ ਦਾ ਮਾਹੌਲ ਬਣ ਗਿਆ। ਤਿੰਨ ਪੁੱਤਰਾਂ ਨੂੰ ਇਕੱਠੇ ਦੇਖ ਕੇ ਪਰਿਵਾਰ ਬਹੁਤ ਖੁਸ਼ ਸੀ।