Punjab

ਇਸ ਬਿਮਾਰੀ ਨਾਲ ਪ੍ਰਭਾਵਿਤ ਪਸ਼ੂਆਂ ਦੀ ਮੌਤ ਸਬੰਧੀ ਖੇਤੀਬਾੜੀ ਮੰਤਰੀ ਨੇ ਦਿੱਤੇ ਇਹ ਹੁਕਮ…

The Minister of Agriculture gave these orders regarding the death of animals affected by this disease...

ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ “ਮਿਕਸ ਇਨਫੈਕਸ਼ਨ” ਬਿਮਾਰੀ ਨਾਲ ਪ੍ਰਭਾਵਿਤ ਪਿੰਡ ਰਾਏਕੇ ਕਲਾਂ (ਜ਼ਿਲ੍ਹਾ ਬਠਿੰਡਾ) ਦਾ ਦੌਰਾ ਕੀਤਾ ਅਤੇ ਡਿਪਟੀ ਕਮਿਸ਼ਨਰ, ਬਠਿੰਡਾ ਸ਼ੌਕਤ ਅਹਿਮਦ ਪਰੇ ਨੂੰ ਪਸ਼ੂਆਂ ਦੀ ਮੌਤ ਸਬੰਧੀ ਸਰਵੇਖਣ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਬਿਮਾਰੀ ਨਾਲ ਨਜਿੱਠਣ ਲਈ ਵਿਭਾਗ ਵੱਲੋਂ ਦਸ ਟੀਮਾਂ (ਹਰੇਕ ਟੀਮ ਵਿੱਚ ਤਿੰਨ ਮੈਂਬਰ ਸ਼ਾਮਲ ਹਨ) ਦਾ ਗਠਨ ਕੀਤਾ ਗਿਆ ਹੈ। ਦਸ ਟੀਮਾਂ ਵਿੱਚੋਂ ਪੰਜ ਟੀਮਾਂ ਇਲਾਜ ਲਈ, ਦੋ ਟੀਮਾਂ ਸੈਂਪਲਿੰਗ ਲਈ, ਦੋ ਟੀਮਾਂ ਰਾਤ ਦੀ ਡਿਊਟੀ ਲਈ ਅਤੇ ਇੱਕ ਟੀਮ ਪਸ਼ੂ ਹਸਪਤਾਲ, ਰਾਏਕੇ ਕਲਾਂ ਵਿਖੇ ਤਾਇਨਾਤ ਕੀਤੀ ਗਈ ਹੈ।

ਸੂਬਾ ਸਰਕਾਰ ਵੱਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੰਦਿਆਂ ਖੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਔਖੀ ਘੜੀ ਵਿੱਚ ਪਸ਼ੂ ਪਾਲਕਾਂ ਦੇ ਨਾਲ ਖੜ੍ਹੀ ਹੈ ਅਤੇ ਸਥਿਤੀ ’ਤੇ 24 ਘੰਟੇ ਨਿਗਰਾਨੀ ਰੱਖਣ ਲਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਬਿਮਾਰੀ ਤੋਂ ਪ੍ਰਭਾਵਿਤ ਪਸ਼ੂਆਂ ਦੇ ਇਲਾਜ ਦਾ ਸਾਰਾ ਖ਼ਰਚ ਸੂਬਾ ਸਰਕਾਰ ਵੱਲੋਂ ਚੁੱਕਿਆ ਜਾਵੇਗਾ।

ਉਨ੍ਹਾਂ ਅੱਗੇ ਦੱਸਿਆ ਕਿ ਰਾਏਕੇ ਕਲਾਂ ਪਿੰਡ ਦੀ ਧਰਮਸ਼ਾਲਾ ਵਿੱਚ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਦਫ਼ਤਰ, ਬਠਿੰਡਾ ਵਿਖੇ ਇੱਕ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਵੀ ਸ਼ੁਰੂ ਕੀਤਾ ਗਿਆ ਹੈ, ਜਿੱਥੇ ਪਸ਼ੂ ਪਾਲਣ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਹੇਠ ਦੋ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।

ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਗੁਰਸ਼ਰਨਜੀਤ ਸਿੰਘ ਬੇਦੀ ਨੇ ਗੁਰਮੀਤ ਸਿੰਘ ਖੁੱਡੀਆਂ ਨੂੰ ਦੱਸਿਆ ਕਿ ਹੁਣ ਤੱਕ 82 ਪਸ਼ੂਆਂ ਦਾ ਸਫ਼ਲਤਾਪੂਰਵਕ ਇਲਾਜ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਦੀ ਹਾਲਤ ਠੀਕ ਹੈ ਅਤੇ ਇਸ ਦੇ ਨਾਲ ਹੀ 39 ਸੈਂਪਲ ਵੀ ਲਏ ਗਏ ਹਨ। ਗੁਰੂ ਨਾਨਕ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਿਸਟੀ, ਲੁਧਿਆਣਾ ਅਤੇ ਐਨ.ਆਰ.ਡੀ.ਡੀ.ਐਲ, ਜਲੰਧਰ ਦੀਆਂ ਟੀਮਾਂ ਨੇ ਵੀ ਪਿੰਡ ਦਾ ਦੌਰਾ ਕੀਤਾ ਅਤੇ ਪ੍ਰਭਾਵਿਤ ਪਸ਼ੂਆਂ ਦੇ ਸੈਂਪਲ ਲਏ ਹਨ। ਪੋਸਟਮਾਰਟਮ ਅਤੇ ਟੈਸਟਿੰਗ ਰਿਪੋਰਟਾਂ ਅਨੁਸਾਰ ਪ੍ਰਭਾਵਿਤ ਪਸ਼ੂਆਂ ਵਿੱਚ ਨਿਮੋਨੀਆ, ਸੈਪਟਿਸੀਮੀਆ, ਥੈਲੇਰਿਸਸ, ਅਨੀਮੀਆ, ਨਾਈਟਰੇਟ ਪੁਆਇਜ਼ਨਿੰਗ ਅਤੇ ਫੁੱਟ ਐਂਡ ਮਾਊਥ ਡਿਜ਼ੀਜ਼ (ਐਫ.ਐਮ.ਡੀ) ਦੇ ਲੱਛਣ ਪਾਏ ਗਏ ਹਨ ਅਤੇ ਇਨ੍ਹਾਂ ਰਿਪੋਰਟਾਂ ਦੇ ਨਤੀਜਿਆਂ ਨੂੰ ਧਿਆਨ ਵਿੱਚ ਰੱਖਦਿਆਂ ਇਲਾਜ ਕੀਤਾ ਜਾ ਰਿਹਾ ਹੈ।