ਚੰਡੀਗੜ੍ਹ : ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ ਮੌਸਮ ਮੁੜ ਠੰਢਾ ਹੋਣ ਜਾ ਰਿਹਾ ਹੈ। ਜੀ ਹਾਂ ਚੰਡੀਗੜ੍ਹ ਮੌਸਮ ਵਿਭਾਗ (Meteorological Department) ਮੁਤਾਬਿਕ 16 ਮਾਰਚ ਨੂੰ ਪੰਜਾਬ ਦੇ ਕੁੱਝ ਜ਼ਿਲਿਆਂ ਵਿੱਚ ਗਰਜ ਚਮਕ ਨਾਲ ਮੀਂਹ (Rain in Punjab)ਦੀ ਚਿਤਵਾਨੀ ਹੈ। ਇਸਦੇ ਨਾਲ ਹੀ 17 ਮਾਰਚ ਨੂੰ ਪੰਜਾਬ ਦੇ ਜ਼ਿਆਦਾਤਰ ਜ਼ਿਲਿਆਂ ਵਿੱਚ ਗਰਜ ਚਮਕ ਨਾਲ 30 ਤੋਂ 40 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲਣ ਦੀ ਸੰਭਾਵਨਾ ਹੈ। ਜਦਕਿ 18 ਮਾਰਚ ਨੂੰ ਪੰਜਾਬ ਦੇ ਸਾਰੇ ਜ਼ਿਲਿਆਂ ਵਿੱਚ 30 ਤੋਂ 40 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲਣੀਆਂ ਹਨ। ਇਸ ਤੋਂ ਬਾਅਦ 19 ਮਾਰਚ ਨੂੰ ਪੂਰੇ ਮਾਝੇ ਅਤੇ ਦੋਆਬੇ ਦੇ ਸਿਰਫ ਹੁਸ਼ਿਆਰਪੁਰ ਜ਼ਿਲੇ ਵਿੱਚ ਗਰਜ ਚਮਕ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਬਾਕੀ ਜ਼ਿਲਿਆਂ ਵਿੱਚ ਮੌਸਮ ਸਾਫ ਰਹੇਗਾ।

ਭਾਰਤ ਮੌਸਮ ਵਿਭਾਗ (IMD) ਮੁਤਾਬਿਕ ਅਗਲੇ ਕੁਝ ਦਿਨਾਂ ਲਈ ਰਾਸ਼ਟਰੀ ਰਾਜਧਾਨੀ ਵਿੱਚ ਹਲਕਾ ਮੀਂਹ ਜਾਂ ਗਰਜ ਨਾਲ ਮੀਂਹ ਦੇ ਨਾਲ ਆਮ ਤੌਰ ‘ਤੇ ਬੱਦਲਵਾਈ ਦੀ ਭਵਿੱਖਬਾਣੀ ਕੀਤੀ ਹੈ। ਦੇਸ਼ ਦੇ ਪੱਛਮੀ ਹਿੱਸੇ ‘ਚ ਵੀ ਕੁਝ ਥਾਵਾਂ ‘ਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।ਇਸ ਸਾਲ ਆਮ ਨਾਲੋਂ ਵੱਧ ਗਰਮੀ ਪੈਣ ਦੀ ਸੰਭਾਵਨਾ ਹੈ ਅਤੇ ਮਾਰਚ ਦੇ ਆਖਰੀ ਹਫ਼ਤੇ ਸਿੰਧ-ਗੰਗਾ ਦੇ ਮੈਦਾਨ ਅਤੇ ਪੂਰਬੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਆਮ ਤਾਪਮਾਨ ਨਾਲੋਂ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਵੱਧ ਤਾਪਮਾਨ ਦਰਜ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਪੰਜਾਬ ਵਿੱਚ ਤਾਪਮਾਨ ਤੇਜ਼ ਚੱਲ ਰਿਹਾ ਸੀ ਪਰ ਹੁਣ ਪੱਛਮੀ ਗੜਬੜੀ ਕਾਰਨ ਮੁੜ ਮੌਸਮ ਠੰਢਾ ਹੋ ਜਾਵੇਗਾ।