ਖਾਲਸ ਬਿਊਰੋ:ਗੁਰੂ ਘਰ ਦੀਆਂ ਸਰਾਵਾਂ ‘ਤੇ ਕਰ ਲਗਾਉਣ ਦਾ ਮਾਮਲਾ ਲਗਾਤਾਰ ਭੱਖਦਾ ਨਜ਼ਰ ਆ ਰਿਹਾ ਹੈ।ਕਿਉਂਕਿ ਇੱਕ ਪਾਸੇ ਜਿੱਥੇ ਇਸ ਮੁੱਦੇ ਦੀ ਗੂੰਜ ਜਿੱਥੇ ਲਗਾਤਾਰ ਰਾਜ ਸਭਾ ਵਿੱਚ ਸੁਣਨ ਨੂੰ ਮਿਲ ਰਹੀ ਹੈ,ਉਥੇ ਇਸ ਦੇ ਖਿਲਾਫ ਰੋਸ ਪ੍ਰਦਰਸ਼ਨ ਵੀ ਹੋ ਰਹੇ ਹਨ।
ਆਮ ਆਦਮੀ ਪਾਰਟੀ ਨੇ ਇਸੇ ਮੁੱਦੇ ਨੂੰ ਲੈ ਕੇ ਅੰਮ੍ਰਿਤਸਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਹੈ। ਦੋ-ਤਿੰਨ ਦਿਨ ਪਹਿਲਾਂ ਕੇਂਦਰ ਸਰਕਾਰ ਨੇ ਸ਼੍ਰੀ ਦਰਬਾਰ ਸਾਹਿਬ ਦੇ ਕੋਲ ਸਥਿਤ ਤਿੰਨ ਸਰਾਵਾਂ ਨੂੰ ਜੀਐਸਟੀ ਦੇ ਹੇਠ ਲਿਆਂਦਾ ਸੀ।ਇਸ ਗੱਲ ਨੂੰ ਲੈ ਹੀ ਇਹ ਰੋਸ ਪ੍ਰਦਰਸ਼ਨ ਹੋ ਰਿਹਾ ਹੈ ਤੇ ਇਹ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਇਸ ਨੂੰ ਵਾਪਸ ਲਵੇ।ਆਪ ਮੈਂਬਰਾਂ ਵੱਲੋਂ ਹੱਥਾਂ ਵਿੱਚ ਤੱਖਤੀਆਂ ਫੜ ਕੇ ਕੇਂਦਰ ਸਰਕਾਰ ਦੇ ਵਿਰੁਧ ਨਾਅਰੇਬਾਜੀ ਕੀਤੀ ਗਈ।
ਜੇ ਹੁਣ ਗੱਲ ਕਰੀਏ ਰਾਜ ਸਭਾ ਦੀ ਤਾਂ ਆਪ ਸਾਂਸਦ ਰਾਘਵ ਚੱਢਾ ਨੇ ਅੱਜ ਇਹ ਮੁੱਦਾ ਰਾਜ ਸਭਾ ਵਿੱਚ ਵੀ ਚੁੱਕਿਆ ਹੈ।ਉਹਨਾਂ ਰਾਜ ਸਭਾ ਵਿੱਚ ਬੋਲਦਿਆਂ ਕਿਹਾ ਹੈ ਕਿ ਅੰਮ੍ਰਿਤਸਰ ਗੁਰੂਆਂ ਦੀ ਧਰਤੀ ਹੈ।ਇਸ ਪਵਿਤਰ ਧਰਤੀ ਤੇ ਬਣੀਆਂ ਸਰਾਵਾਂ ‘ਤੇ ਟੈਕਸ ਲਾ ਕੇ ਭਾਜਪਾ ਸਰਕਾਰ ਨੇ ਔਰੰਗਜੇਬ ਦੇ ਜਜ਼ੀਆ ਕਰ ਦੀ ਯਾਦ ਦੁਆ ਦਿੱਤੀ ਹੈ।
ਇਸ ਤੋਂ ਇਲਾਵਾ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸਵੇਰੇ ਵੀ ਕੇਂਦਰ ਸਰਕਾਰ ਵੱਲੋਂ ਗੁਰੂ ਘਰਾਂ ਦੀਆਂ ਸਰਾਵਾਂ ‘ਤੇ ਜੀਐਸਟੀ ਲਗਾਉਣ ਦੀ ਸਖਤ ਨਿੰਦਾ ਕੀਤੀ ਸੀ।ਸੋਸ਼ਲ ਮੀਡੀਆ ‘ਤੇ ਪਾਈ ਇੱਕ ਵੀਡੀਓ ਵਿੱਚ ਉਹਨਾਂ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਖਾਣ-ਪੀਣ ਵਾਲੀਆਂ ਚੀਜਾਂ ‘ਤੇ ਜੀਐਸਟੀ ਲਗਾ ਕੇ ਆਮ ਲੋਕਾਂ ਦਾ ਲੱਕ ਤਾਂ ਤੋੜਿਆ ਹੀ ਸੀ ਪਰ ਹੁਣ ਗੁਰੂ ਘਰ ਦੀਆਂ ਸਰਾਵਾਂ ਨੂੰ ਵੀ ਇਸ ਕਰ ਦੇ ਦਾਅਰੇ ਵਿੱਚ ਲੈ ਆਉਂਦਾ ਹੈ ਤੇ ਇਸ ਤੇ 12% ਜੀ ਐਸ ਟੀ ਲਗਾ ਦਿੱਤਾ ਹੈ।ਇਹ ਸਰਾਵਾਂ ਸੰਗਤ ਜੀ ਸੇਵਾ ਲਈ ਬਣੀਆਂ ਹੋਈਆਂ ਹਨ।ਪੁਰਾਣੇ ਸਮੇਂ ਵਿੱਚ ਔਰੰਗਜੇਬ ਨੇ ਲੋਕਾਂ ਤੇ ਜਜ਼ੀਆ ਕਰ ਲਾਇਆ ਸੀ ਤੇ ਇਸੇ ਤਰਾਂ ਹੁਣ ਕੇਂਦਰ ਸਰਕਾਰ ਵੀ ਆਮ ਲੋਕਾਂ ਦੀ ਸ਼ਰਧਾ ‘ਤੇ ਟੈਕਸ ਲਾ ਰਹੀ ਹੈ।ਇਹ ਸੰਗਤ ਦੀ ਭਗਤੀ ਤੇ ਸ਼ਰਧਾ ਦਾ ਅਪਮਾਨ ਹੈ।ਉਸ ਨੇ ਇਹ ਵੀ ਕਿਹਾ ਕਿ ਮੈਂ ਕੱਲ ਸੰਸਦ ਵਿੱਚ ਇਹ ਮੁੱਦਾ ਚੁੱਕਿਆ ਸੀ ਤੇ ਅੱਜ ਵੀ ਰਾਜ ਸਭਾ ਦੇ ਵਿੱਚ ਇਸ ‘ਤੇ ਚਰਚਾ ਲਈ ਕੰਮ ਰੋਕੁ ਪ੍ਰਸਤਾਵ ਦਾ ਨੋਟਿਸ ਦਿੱਤਾ ਹੈ।ਗੁਰੂ ਸਾਹਿਬ ਦੇ ਦਰਸ਼ਨਾਂ ਵਿੱਚ ਕਿਸੇ ਵੀ ਤਰਾਂ ਦਾ ਸਿਆਸੀ ਦਖਲ ਬਰਦਾਸ਼ਤ ਤੋਂ ਬਾਹਰ ਹੈ।