Punjab

ਅਮਰੀਕਾ ‘ਚ ਪਾਵਨ ਸਰੂਪਾਂ ਦੀ ਛਪਾਈ ਲਈ ਪ੍ਰੈੱਸ ਲਗਾਉਣ ਦਾ ਮਾਮਲਾ ,ਜਲਦ ਅਮਰੀਕਾ ਜਾਵੇਗਾ ਸ਼੍ਰੋਮਣੀ ਕਮੇਟੀ ਦਾ ਵਫ਼ਦ

The matter of setting up a press for the printing of sacred images, the delegation of the Shiromani Committee will go to America soon

ਅੰਮ੍ਰਿਤਸਰ : ਅਮਰੀਕਾ ਦੇ ਕੈਲੀਫੋਰਨੀਆ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਲਈ ਪ੍ਰੈੱਸ ਲਗਾਉਣ ਵਾਸਤੇ ਸ਼੍ਰੋਮਣੀ ਕਮੇਟੀ ਦਾ ਇਕ ਉੱਚ ਪੱਧਰੀ ਵਫ਼ਦ ਜਲਦ ਹੀ ਅਮਰੀਕਾ ਜਾਵੇਗਾ। ਇਸ ਵਫ਼ਦ ਦੀ ਅਗਵਾਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਰਨਗੇ। ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਬੀਤੇ ਦਿਨੀਂ ਕੈਲੀਫੋਰਨੀਆ ਦੇ ਸ਼ਹਿਰ ਟ੍ਰੇਸੀ ਵਿਖੇ ਇਹ ਪ੍ਰੈੱਸ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਵੱਲੋਂ ਇਥੇ ਧਰਮ ਪ੍ਰਚਾਰ ਕੇਂਦਰ ਅਤੇ ਗੁਰਦੁਆਰਾ ਸਾਹਿਬ ਸਥਾਪਤ ਕਰਨ ਦੀ ਵੀ ਯੋਜਨਾ ਹੈ। ਸ਼੍ਰੋਮਣੀ ਕਮੇਟੀ ਨੂੰ ਇਸ ਧਰਮ ਪ੍ਰਚਾਰ ਕੇਂਦਰ ਅਤੇ ਪ੍ਰੈੱਸ ਲਗਾਉਣ ਲਈ ਜਗ੍ਹਾ ਅਤੇ ਹੋਰ ਲੋੜੀਂਦੀ ਸਹਾਇਤਾ ਦੀ ਪੇਸ਼ਕਸ ਦੀਵਾਨ ਟੋਡਰਮਲ ਫਾਊਂਡੇਸ਼ਨ ਦੇ ਬਾਨੀ ਸਿੱਖ ਵਿਦਵਾਨ ਸ. ਗਿਆਨ ਸਿੰਘ ਸੰਧੂ ਕੈਨੇਡਾ ਅਤੇ ਫਾਊਂਡੇਸ਼ਨ ਦੇ ਸਰਪ੍ਰਸਤ ਉੱਘੇ ਕਾਰੋਬਾਰੀ ਸ. ਕਰਨੈਲ ਸਿੰਘ ਸੰਧੂ ਅਮਰੀਕਾ ਅਤੇ ਫਾਊਂਡੇਸ਼ਨ ਦੇ ਪੰਜਾਬ ਪ੍ਰਤੀਨਿਧ ਸ. ਲਖਵਿੰਦਰ ਸਿੰਘ ਕਾਹਨਕੇ ਵੱਲੋਂ ਕੀਤੀ ਗਈ ਹੈ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਾਰੀ ਇਕ ਪ੍ਰੈੱਸ ਬਿਆਨ ਵਿਚ ਦੱਸਿਆ ਕਿ ਲੰਮੇ ਸਮੇਂ ਤੋਂ ਅਮਰੀਕਾ ਅਤੇ ਕੈਨੇਡਾ ਦੀਆਂ ਸੰਗਤਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਵੱਡੀ ਮੰਗ ਕੀਤੀ ਜਾਂਦੀ ਰਹੀ ਹੈ, ਜਿਸ ਨੂੰ ਵੇਖਦਿਆਂ ਇਹ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਕੈਲੀਫੋਰਨੀਆ ਦੇ ਟ੍ਰੇਸੀ ’ਚ ਸਥਾਪਤ ਕੀਤਾ ਜਾਣ ਵਾਲਾ ਸ਼੍ਰੋਮਣੀ ਕਮੇਟੀ ਦਾ ਕੇਂਦਰ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਹੀ ਨਹੀਂ ਕਰੇਗਾ, ਬਲਕਿ ਇਹ ਅਮਰੀਕਾ ਕੈਨੇਡਾ ਲਈ ਸ਼੍ਰੋਮਣੀ ਕਮੇਟੀ ਦੀ ਪ੍ਰਤੀਨਿਧਤਾ ਵੀ ਕਰੇਗਾ।

ਧਾਮੀ ਨੇ ਦੱਸਿਆ ਕਿ ਇਹ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਕਾਰਜਸ਼ੀਲ ਹੋਵੇਗਾ, ਜਿਸ ਦੀ ਸੇਵਾ ਸ. ਗਿਆਨ ਸਿੰਘ ਸੰਧੂ, ਸ. ਕਰਨੈਲ ਸਿੰਘ ਸੰਧੂ, ਸ. ਸਤਨਾਮ ਸਿੰਘ ਸੰਧੂ ਅਤੇ ਸ. ਇਕਬਾਲ ਸਿੰਘ ਸੰਧੂ ਵੱਲੋਂ ਕਰਵਾਈ ਜਾਵੇਗੀ। ਪੰਜਾਬ ’ਚ ਸੰਸਥਾ ਨਾਲ ਇਸ ਦੇ ਤਾਲਮੇਲ ਲਈ ਦੀਵਾਨ ਟੋਡਰਮਲ ਵਿਰਾਸਤੀ ਫਾਊਂਡੇਸ਼ਨ ਦੇ ਨੁਮਾਇੰਦੇ ਸ. ਲਖਵਿੰਦਰ ਸਿੰਘ ਕਾਹਨੇਕੇ ਸੇਵਾਵਾਂ ਨਿਭਾਉਣਗੇ। ਇਸ ਦੇ ਨਾਲ ਹੀ ਫਾਊਂਡੇਸ਼ਨ ਦੇ ਆਗੂ ਸ. ਹਰਮੇਸ਼ ਸਿੰਘ ਯੂਐਸਏ ਦੀਆਂ ਵੀ ਸੇਵਾਵਾਂ ਅਹਿਮ ਰਹਿਣਗੀਆਂ।

ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਦੀ ਰੂਪ-ਰੇਖਾ ਤੈਅ ਕਰਨ ਅਤੇ ਹੋਰ ਲੋੜੀਂਦੀ ਕਾਰਵਾਈ ਲਈ ਸ਼੍ਰੋਮਣੀ ਕਮੇਟੀ ਦਾ ਵਫ਼ਦ ਜਲਦ ਹੀ ਅਮਰੀਕਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵਫ਼ਦ ਵਿਚ ਉਨ੍ਹਾਂ (ਸ਼੍ਰੋਮਣੀ ਕਮੇਟੀ ਪ੍ਰਧਾਨ) ਸਮੇਤ ਮੈਂਬਰ ਅਤੇ ਅਧਿਕਾਰੀ ਸ਼ਾਮਲ ਹੋਣਗੇ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਸ਼੍ਰੋਮਣੀ ਕਮੇਟੀ ਦਾ ਇਹ ਵਫ਼ਦ ਯੂਬਾ ਸਿਟੀ ਵਿਖੇ ਵੀ ਜਾਵੇਗਾ, ਜਿਥੇ ਪਹਿਲਾਂ ਤੋਂ ਹੀ ਧਰਮ ਪ੍ਰਚਾਰ ਕੇਂਦਰ ਸਥਾਪਤ ਕੀਤੇ ਜਾਣ ਦੀ ਕਾਰਵਾਈ ਚੱਲ ਰਹੀ ਹੈ।