ਮੁਹਾਲੀ : ਪੰਜਾਬ ਵਿੱਚ ਵਿਗੜਦੀ ਜਾ ਰਹੀ ਅਮਨ-ਕਾਨੂੰਨ ਦੀ ਸਥਿਤੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ (PUNJAB government ) ਨੇ ਇੱਕ ਵੱਡਾ ਫੈਸਲਾ ਲਿਆ ਹੈ,ਜਿਸ ਦੇ ਤਹਿਤ ਪੰਜਾਬ ਵਿੱਚ 3 ਮਹੀਨਿਆਂ ਦੇ ਅੰਦਰ ਹਥਿਆਰਾਂ ਦੇ ਸਾਰੇ ਲਾਇਸੈਂਸ ਰੀਵਿਊ ਹੋਣਗੇ,ਹਥਿਆਰਾਂ ਦੇ ਜਨਤਕ ਪ੍ਰਦਰਸ਼ਨ ਕਰਨ ‘ਤੇ ਵੀ ਹੁਣ ਪਾਬੰਦੀ ਹੋਵੇਗੀ ਤੇ ਇਸ ਤੋਂ ਇਲਾਵਾ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ‘ਤੇ ਵੀ ਰੋਕ ਲਗੇਗੀ।
ਪੰਜਾਬ ਵਿਚ ਪੰਦਰਾਂ ਘਰਾਂ ਪਿੱਛੇ ਇੱਕ ਲਾਇਸੈਂਸੀ ਹਥਿਆਰ ਹੈ। ਮੋਟੇ ਅੰਦਾਜ਼ੇ ਅਨੁਸਾਰ ਸੂਬੇ ਵਿਚ 3.75 ਲੱਖ ਲਾਇਸੈਂਸੀ ਹਥਿਆਰ ਹਨ। ਇਕੱਲੇ ਜ਼ਿਲ੍ਹਾ ਲੁਧਿਆਣਾ ਵਿਚ ਲਾਇਸੈਂਸਾਂ ਦਾ ਅੰਕੜਾ 30 ਹਜ਼ਾਰ ਦੇ ਨੇੜੇ ਹੈ ਜਦੋਂ ਕਿ ਪਟਿਆਲਾ ਜ਼ਿਲ੍ਹੇ ਵਿਚ 27 ਹਜ਼ਾਰ ਦੇ ਕਰੀਬ ਅਸਲਾ ਲਾਇਸੈਂਸ ਹਨ। ਇਸੇ ਤਰ੍ਹਾਂ ਬਠਿੰਡਾ ਜ਼ਿਲ੍ਹੇ ਵਿਚ ਕਰੀਬ 29 ਹਜ਼ਾਰ ਅਸਲਾ ਲਾਇਸੈਂਸ ਹਨ। ਪ੍ਰਤੀ ਹਲਕਾ ਔਸਤਨ ਲਾਇਸੈਂਸੀ ਹਥਿਆਰਾਂ ਦੀ ਗਿਣਤੀ 3000 ਦੇ ਕਰੀਬ ਬਣਦੀ ਹੈ। ਇਸੇ ਤਰ੍ਹਾਂ ਔਸਤਨ ਪ੍ਰਤੀ ਵਿਧਾਨ ਸਭਾ ਹਲਕਾ 20 ਵੀਆਈਪੀਜ਼ ਹਨ ਜਿਨ੍ਹਾਂ ਨੂੰ ਔਸਤਨ ਪ੍ਰਤੀ ਹਲਕਾ 63 ਗੰਨਮੈਨ ਦਿੱਤੇ ਹੋਏ ਹਨ।
ਪੰਜਾਬ ਸਰਕਾਰ ਨੇ ਹਥਿਆਰਾਂ ਅਤੇ ਹਿੰਸਾ ਦੀ ਵਡਿਆਈ ਕਰਨ ਵਾਲੇ ਗੀਤਾਂ ’ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਮੌਜੂਦਾ ਚੱਲ ਰਹੇ ਗੀਤਾਂ ਨੂੰ ਸਰਕਾਰ ਸੋਸ਼ਲ ਮੀਡੀਆ ਪਲੈਟਫ਼ਾਰਮ ਤੋਂ ਕਿਵੇਂ ਹਟਾਏਗੀ, ਇਹ ਵੀ ਦੇਖਣ ਵਾਲੀ ਗੱਲ ਹੋਵੇਗੀ। ਇਸ ਕਦਮ ਨਾਲ ਭੜਕਾਊ ਗੀਤਾਂ ਨੂੰ ਠੱਲ੍ਹ ਪਾਉਣ ਵਿਚ ਕੁਝ ਹੱਦ ਤੱਕ ਮਦਦ ਮਿਲੇਗੀ।
ਪੰਜਾਬ ਸਰਕਾਰ ਨੇ ਇਸ ਸਬੰਧ ਵਿੱਚ ਇੱਕ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ । ਜਿਸ ਵਿੱਚ ਇਹ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਜਾਰੀ ਕੀਤੇ ਗਏ ਅਸਲੇ ਦੇ ਲਾਇਸੈਂਸ 3 ਮਹੀਨਿਆਂ ਦੇ ਅੰਦਰ ਰੀਵਿਊ ਹੋਣਗੇ ਤੇ ਗਲਤ ਅਨਸਰ ਨੂੰ ਜਾਰੀ ਕੀਤੇ ਗਏ ਲਾਅਸੈਂਸ ਨੂੰ ਤੁਰੰਤ ਰੱਦ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਅੱਗਲੇ 3 ਮਹੀਨਿਆਂ ਤੱਕ ਕਿਸੇ ਵੀ ਤਰਾਂ ਦੇ ਅਸਲੇ ਦਾ ਲਾਇਸੰਸ ਜਾਰੀ ਨਹੀਂ ਕੀਤਾ ਜਾਵੇਗਾ ਤੇ ਜੇਕਰ ਅਸਲੇ ਦੀ ਲੋੜ ਹੈ ਤਾਂ ਲੈਣ ਵਾਲੇ ਨੂੰ ਇਸ ਬਾਰੇ ਸਾਰੀ ਸਥਿਤੀ ਸਾਫ ਕਰਨੀ ਪਵੇਗੀ ਕਿ ਇਸ ਦੀ ਲੋੜ ਕਿਉਂ ਹੈ?
ਇਸ ਤੋਂ ਇਲਾਵਾ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ ਤੇ ਵੀ ਪਾਬੰਦੀ ਰਹੇਗੀ ਤੇ ਇਹ ਗੱਲ ਸੋਸ਼ਲ ਮੀਡੀਆ ਤੇ ਵੀ ਲਾਗੂ ਹੋਵੇਗੀ।ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ‘ਤੇ ਵੀ ਰੋਕ ਲਗੇਗੀ ਤੇ ਕਿਸੇ ਵੀ ਧਾਰਮਿਕ ਇਕਠਾਂ,ਧਾਰਮਿਕ ਸਥਾਨਾਂ,ਵਿਆਹਾਂ ਤੇ ਹੋਰ ਸਮਾਗਮਾਂ ਵਿੱਚ ਵੀ ਹਥਿਆਰ ਹੁਣ ਨਹੀਂ ਲਿਜਾਏ ਜਾ ਸਕਣਗੇ। ਇਸ ਬਾਰੇ ਕਿਸੇ ਵੀ ਵਕਤ ਅਚਾਨਕ ਚੈਂਕਿੰਗ ਹੋ ਸਕਦੀ ਹੈ।
ਇਸ ਨੋਟਿਫਿਕੇਸ਼ਨ ਵਿੱਚ ਇੱਕ ਹੋਰ ਵੱਡੀ ਗੱਲ ਲਿਖੀ ਹੋਈ ਹੈ ਕਿ ਕਿਸੇ ਵੀ ਭਾਈਚਾਰੇ ਵਿਰੁਧ ਨਫਰਤ ਭਰਿਆ ਭਾਸ਼ਣ ਦੇਣ ਵਾਲੇ ਤੇ ਵੀ ਹੁਣ ਸਖ਼ਤ ਕਾਰਵਾਈ ਕੀਤੀ ਜਾਵੇਗੀ।