Punjab

ਇਸ ਥਾਣੇ ਦਾ ਫਰਾਰ ਮੁਨਸ਼ੀ ਆਇਆ ਪੁਲਿਸ ਅੜਿੱਕੇ,ਦਿੱਤਾ ਸੀ ਵੱਡੇ ਕਾਰਨਾਮੇ ਨੂੰ ਅੰਜਾਮ

 ਬਠਿੰਡਾ :  ਦਿਆਲਪੁਰਾ ਪੁਲਿਸ ਥਾਣਾ,ਬਠਿੰਡਾ  ਤੋਂ ਹਥਿਆਰ ਗਾਇਬ ਹੋਣ ਦੇ ਮਾਮਲਾ ਪਿਛਲੇ ਕਈ ਦਿਨਾਂ ਤੋਂ ਸੁਰਖੀਆਂ ਵਿੱਚ ਹੈ। ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਮੁਨਸ਼ੀ ਸੰਦੀਪ ਸਿੰਘ ਵੀ ਹੁਣ ਪੁਲਿਸ ਦੇ ਅੜਿੱਕੇ ਆ ਗਿਆ ਹੈ । ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪੁਲਿਸ ਨੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਪਰ ਅਦਾਲਤ ਨੇ ਕੋਈ ਰਿਮਾਂਡ ਨਹੀਂ ਦਿੱਤਾ ਤੇ ਉਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।

ਕੁੱਝ ਨਿੱਜੀ ਚੈਨਲਾਂ ਤੇ ਆਪਣੇ ਭਰੋਸੇ ਯੋਗ ਸੂਤਰਾਂ ਦੇ ਆਧਾਰ ਤੇ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਥਾਣੇ ਤੋਂ ਕੁੱਲ 12 ਹਥਿਆਰ ਗਾਇਬ ਹੋ ਚੁੱਕੇ ਹਨ ਤੇ ਹਥਿਆਰਾਂ ਬਦਲੇ ਮੁਨਸ਼ੀ ਪੈਸੇ ਨਹੀਂ,ਸਗੋਂ ਚਿੱਟਾ ਲੈਂਦਾ ਸੀ । ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਮੁਨਸ਼ੀ ਲਗਾਤਾਰ ਫਰਾਰ ਚੱਲ ਰਿਹਾ ਸੀ ।

ਇਸ ਮਾਮਲੇ ‘ਚ ਇਸ ਤੋਂ ਪਹਿਲਾਂ ਮੁਲਜ਼ਮ ਠਹਿਰਾਏ ਗਏ ਬਰਖਾਸਤ ਮੁਨਸ਼ੀ ਸੰਦੀਪ ਦੇ 3 ਦੋਸਤਾਂ ਦੀ ਭੂਮਿਕਾ ਸਾਹਮਣੇ ਆਈ ਸੀ ਤੇ ਇਹਨਾਂ ‘ਤੇ ਇਲਜ਼ਾਮ ਲੱਗੇ ਸਨ ਕਿ ਇਹਨਾਂ ਨੇ ਪਿਸਤੌਲ ਵੇਚਣ ਦਾ ਸੌਦਾ ਕਰਾਇਆ ਸੀ । ਇਹਨਾਂ ਵੱਲੋਂ ਹੀ ਮੁਨਸ਼ੀ ਤੋਂ ਪਿਸਤੌਲ ਲੈ ਕੇ ਕਿਸੇ ਹੋਰ ਸ਼ਖਸ ਨੂੰ ਵੇਚੀ ਗਈ ਸੀ।ਜਿਸ ਨੂੰ ਪੁਲਿਸ ਨੇ ਨਸ਼ਿਆਂ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਸੀ। ਇਸ ਵਿਅਕਤੀ ਕੋਲੋਂ 32 ਬੋਰ ਦਾ ਪਿਸਤੋਲ ਵੀ ਬਰਾਮਦ ਹੋਇਆ ਸੀ ਤੇ ਇਹ ਪੁਸ਼ਟੀ ਹੋਈ ਸੀ ਕਿ ਇਹ ਥਾਣੇ ‘ਚੋਂ ਗਾਇਬ ਹੋਇਆ ਅਸਲਾ ਹੀ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਥਾਣਾ ਥਾਣਾ ਦਿਆਲਪੁਰਾ ਤੋਂ ਕੁੱਝ ਸਮਾਂ ਪਹਿਲਾਂ ਇੱਕ ਵੱਡੀ ਖ਼ਬਰ ਆਈ ਸੀ ਕਿ ਇਸ ਥਾਣੇ ਵਿੱਚ ਜਮ੍ਹਾਂ ਕਰਵਾਏ ਗਏ ਹਥਿਆਰ ਗਾਇਬ ਹੋ ਗਏ ਹਨ। ਜਿਹਨਾਂ ਦੀ ਸੰਖਿਆਂ 10 ਤੋਂ ਵੱਧ ਸੀ ਤੇ ਸਾਰੇ ਲਾਇਸੈਂਸੀ ਹਥਿਆਰ ਸਨ। ਇਹ ਸਾਰੇ ਉਹ ਹਥਿਆਰ ਸਨ,ਜਿਹਨਾਂ ਨੂੰ ਲੋਕਾਂ ਨੇ ਥਾਣੇ ਵਿੱਚ ਜਮ੍ਹਾਂ ਕਰਵਾਇਆ ਸੀ। ਇਸ ਮਾਮਲੇ ਵਿੱਚ ਉਥੋਂ ਦੇ ਮੁਨਸ਼ੀ ਸੰਦੀਪ ਸਿੰਘ ਨੂੰ ਮੁੱਖ ਮੁਲਜ਼ਮ ਮੰਨਿਆ ਗਿਆ ਸੀ ਤੇ ਤੁਰੰਤ ਕਾਰਵਾਈ ਕਰਦੇ ਹੋਏ ਮੁਅੱਤਲ ਕਰ ਦਿੱਤਾ ਗਿਆ ਸੀ।ਥਾਣੇ ਵਿੱਚ ਵਾਪਰੀ ਇਸ ਘਟਨਾ ਨੇ ਪੁਲਿਸ ਪ੍ਰਸ਼ਾਸਨ ਨੂੰ ਲੈ ਕੇ ਵੀ ਕਈ ਵੱਡੇ ਸਵਾਲ ਖੜ੍ਹੇ ਕੀਤੇ ਸਨ।