Punjab

ਕਣਕ ਦੇ ਘੱਟ ਝਾੜ ਨੇ ਕਿਸਾਨ ਦੀ ਤੋੜ ਦਿੱਤੀ ਕਮਰ

ਕਮਲਜੀਤ ਸਿੰਘ ਬਨਵੈਤ

‘ਦ ਖ਼ਾਲਸ ਬਿਊਰੋ : ਪੰਜਾਬ ਦਾ ਕਿਸਾਨ ਜਿਹੜਾ ਪਹਿਲਾਂ ਹੀ ਕਰਜ਼ੇ ਹੇਠ ਦੱਬਿਆ ਪਿਆ ਹੈ, ਦੀ ਕਮਰ ਹਾੜੀ ਦੀ ਫਸਲ ਤੋਂ ਨਿਕਲਣ ਵਾਲੇ ਘੱਟ ਝਾੜ ਨੇ ਤੋੜ ਦਿੱਤੀ ਹੈ। ਇਸ ਸਾਲ ਆਮ ਨਾਲੋਂ ਕਣਕ ਦਾ ਅੱਠ ਫ਼ੀਸਦੀ ਝਾੜ ਘੱਟ ਨਿਕਲ ਰਿਹਾ ਹੈ, ਜਿਹੜਾ ਕਿ ਪਿਛਲੇ 10 ਸਾਲਾਂ ਨਾਲੋਂ ਸਭ ਤੋਂ ਘੱਟ ਹੈ। ਇਸ ਵਾਰ ਜਿਣਸ ਦੀ ਕੁਆਲਿਟੀ ਵੀ ਪਹਿਲਾਂ ਨਾਲੋਂ ਮਾੜੀ ਨਿਕਲ ਰਹੀ ਹੈ। ਕਿਸਾਨ ਮਜ਼ਬੂਰੀ ਵੱਸ ਸੁੰਘੜਿਆ ਦਾਣਾ ਘਰ ਅਤੇ ਮੰਡੀਆਂ ਵਿੱਚ ਸੁੱਟ ਰਿਹਾ ਹੈ। ਇਸ ਵਾਰ ਜੇ ਹਾੜੀ ਦੀ ਫਸਲ ਦਾ ਮੀਂਹ, ਹਨੇਰੀ ਅਤੇ ਗੜਿਆਂ ਦੀ ਮਾਰ ਤੋਂ ਬਚ ਹੀ ਰਹੀ ਹੈ ਤਾਂ ਇੱਕ ਨਵੀਂ ਤਰ੍ਹਾਂ ਦੀ ਆਫ਼ਤ ਨੇ ਕਿਸਾਨ ਬੁਰੀ ਤਰ੍ਹਾਂ ਝੰਬ ਦਿੱਤੇ ਹਨ।

ਖੇਤੀਬਾੜੀ ਵਿਭਾਗ ਨੇ ਹੁਣ ਤੱਕ ਦੀ ਵੱਡੀ ਫਸਲ ਦੇ ਹਿਸਾਬ ਨਾਲ ਦੱਸਿਆ ਹੈ ਕਿ ਪਿਛਲੇ 10 ਸਾਲਾਂ ਦੌਰਾਨ ਇੱਕ ਹੈਕਟੇਅਰ ਵਿੱਚੋਂ 48.68 ਕੁਇੰਟਲ ਝਾੜ ਨਿਕਲਦਾ ਰਿਹਾ ਹੈ ਜਦਕਿ ਇਸ ਵਾਰ 44.76 ਕੁਇੰਟਲ ਤੋਂ ਉੱਪਰ ਨਹੀਂ ਜਾ ਰਿਹਾ। ਕਿਸਾਨ ਇੱਕ ਹੈਕਟੇਅਰ ਪਿੱਛੇ ਅੱਠ ਹਜ਼ਾਰ ਰੁਪਏ ਦਾ ਘਾਟਾ ਖਾਣ ਲਈ ਮਜ਼ਬੂਰ ਹੈ ਜਦਕਿ ਹਾੜੀ ਨੂੰ ਪਾਲਣ ਉੱਤੇ ਪਹਿਲਾਂ ਨਾਲੋਂ ਵੱਧ ਖਰਚਾ ਆਇਆ ਹੈ ਕਿਉਂਕਿ ਇਸ ਵਾਰ ਸਰਦ ਰੁੱਤ ਦੌਰਾਨ ਆਮ ਨਾਲੋਂ ਬਾਰਿਸ਼ ਘੱਟ ਹੋਈ ਹੈ। ਮੰਡੀ ਵਿੱਚ ਕਿਸਾਨ ਦੀ ਬਾਂਹ ਫੜਨ ਵਾਲਾ ਵੀ ਕੋਈ ਨਹੀਂ ਹੈ।  ਕੇਂਦਰ ਸਰਕਾਰ ਦਾ ਜਿਣਸ ਖਰੀਦਣ ਲਈ ਲਾਇਆ ਛਾਣਨਾ ਕਿਸਾਨ ਦੀ ਕਿਸਮਤ ਉੱਤੇ ਭਾਰੂ ਪੈ ਰਿਹਾ ਹੈ। ਉਸ ਕੋਲ ਅਡਾਨੀਆਂ ਦੇ ਸਾਈਲੋ ਵਿੱਚ ਜਾ ਕੇ ਆਪਣੀ ਫਸਲ ਸੁੱਟਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਬਚਿਆ ਹੈ। ਕੇਂਦਰ ਸਰਕਾਰ ਨੇ ਕਿਸਾਨਾ ਦੀ ਮੰਗ ‘ਤੇ ਅੱਠ ਫੀਸਦੀ ਤੱਕ ਸੁੰਘੜੇ ਦਾਣੇ ਦੀ ਥਾਂ 20 ਫੀਸਦੀ ਤੱਕ ਖਰੀਦਣ ਦੀ ਮੰਗ ‘ਤੇ ਵਿਚਾਰ ਕਰਨ ਲਈ ਇੱਕ ਕਮੇਟੀ ਤਾਂ ਪੰਜਾਬ ਭੇਜ ਦਿੱਤੀ ਸੀ ਪਰ ਹਾਲੇ ਤੱਕ ਕੋਈ ਛੋਟ ਨਹੀਂ ਦਿੱਤੀ ਗਈ ਹੈ। ਕੇਂਦਰ ਸਰਕਾਰ ਹਰਿਆਣਾ ਦੇ ਕਿਸਾਨ ਨੂੰ ਵੀ ਇਹੋ ਲਾਭ ਦੇਣਾ ਚਾਹੁੰਦੀ ਹੈ ਜਿਸ ਕਰਕੇ ਮਾਮਲਾ ਲਟਕ ਕੇ ਰਹਿ ਗਿਆ ਹੈ। ਕਰਜ਼ਾ ਨਾ ਉੱਤਰਨ ਦੇ ਡਰੋਂ ਕਿਸਾਨ ਮੌਤ ਨੂੰ ਗਲੇ ਲਾਉਣ ਲੱਗਾ ਹੈ। ਵਢਾਈ ਸ਼ੁਰੂ ਹੋਣ ਤੋਂ ਬਾਅਦ ਪੰਜਾਬ ਦਾ ਡੇਢ ਦਰਜਨ ਕਿਸਾਨ ਆਪਣੀ ਜੀਵਨ ਲੀਲਾ ਖਤਮ ਕਰ ਚੁੱਕਾ ਹੈ।   

ਖੇਤੀਬਾੜੀ ਵਿਭਾਗ ਦੇ ਅੰਕੜੇ ਦੱਸਦੇ ਹਨ ਕਿ ਸਾਲ 2011 ਨੂੰ ਇੱਕ ਹੈਕਟੇਅਰ ਵਿੱਚੋਂ 46.93 ਕੁਇੰਟਲ ਕਣਕ ਦਾ ਝਾੜ ਨਿਕਲਿਆ ਸੀ। ਉਸ ਤੋਂ ਅਗਲੇ ਸਾਲ ਇੱਕ ਹੈਕਟੇਅਰ ਵਿੱਚੋਂ 51.07 ਕੁਇੰਟਲ ਅਤੇ 2013 ਨੂੰ 47.74 ਕੁਇੰਟਲ ਕਣਕ ਨਿਕਲਦੀ ਰਹੀ ਹੈ। ਸਾਲ 2014 ਵਿੱਚ ਇੱਕ ਹੈਕਟੇਅਰ ਪਿੱਛੇ ਔਸਤਨ 50.17 ਕੁਇੰਟਲ ਪ੍ਰਤੀ ਹੈਕਟੇਅਰ ਕਣਕ ਦਾ ਝਾੜ ਦੇਖਣ ਨੂੰ ਮਿਲਿਆ ਸੀ। ਸਾਲ 2015 ਵਿੱਚ 42.94 ਅਤੇ 2016 ਵਿੱਚ 45.84 ਕੁਇੰਟਲ ਪ੍ਰਤੀ ਹੈਕਟੇਅਰ ਝਾੜ ਮਿਲਿਆ। ਉਸ ਤੋਂ ਅਗਲੇ ਸਾਲ ਝਾੜ ਮੁੜ ਵਧਿਆ ਅਤੇ ਇਹ ਪ੍ਰਤੀ ਹੈਕਟੇਅਰ 50 ਕੁਇੰਟਲ ਨੂੰ ਜਾ ਪੁੱਜਾ। ਉਸ ਤੋਂ ਅਗਲੇ ਸਾਲ ਦਾ ਝਾੜ ਵੀ ਪ੍ਰਤੀ ਹੈਕਟੇਅਰ 50 ਕੁਇੰਟਲ ਹੀ ਦੱਸਿਆ ਗਿਆ ਹੈ। ਸਾਲ 2019 ਵਿੱਚ ਇਹ ਹੋਰ ਵੱਧ ਕੇ ਪ੍ਰਤੀ ਹੈਕਟੇਅਰ ਸਭ ਤੋਂ ਵੱਧ 51 ਕੁਇੰਟਲ ਨੂੰ ਜਾ ਪੁੱਜਿਆ। ਸਾਲ 2020 ਵਿੱਚ ਇੱਕ ਹੈਕਟੇਅਰ ਵਿੱਚ 50 ਕੁਇੰਟਲ ਅਤੇ ਪਿਛਲੇ ਸਾਲ 48.68 ਕੁਇੰਟਲ ਦਾ ਝਾੜ ਦੇਖਣ ਨੂੰ ਮਿਲਿਆ। ਇਸ ਵਾਰ ਕਣਕ ਹੇਠਲਾ ਰਕਬਾ 36 ਲੱਖ ਹੈਕਟੇਅਰ ਦੱਸਿਆ ਗਿਆ ਹੈ।

ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਦੱਸਦੇ ਹਨ ਕਿ ਰਿਪੋਰਟ ਤਿਆਰ ਕਰਨ ਤੋਂ ਪਹਿਲਾਂ ਸੂਬੇ ਵਿੱਚੋਂ 2352 ਥਾਂਵਾਂ ਤੋਂ ਪ੍ਰਤੀ ਹੈਕਟੇਅਰ ਕਣਕ ਦੇ ਝਾੜ ਦਾ ਹਿਸਾਬ ਕਿਤਾਬ ਲਾਇਆ ਗਿਆ ਹੈ। ਇਨ੍ਹਾਂ ਵਿੱਚੋਂ ਸਿਰਫ਼ 238 ਥਾਂਵਾਂ ਅਜਿਹੀਆਂ ਸਨ ਜਿੱਥੇ ਝਾੜ ਦਾ ਫਰਕ ਪਿਛਲੇ ਸਾਲ ਨਾਲੋਂ ਬਹੁਤਾ ਘੱਟ ਨਹੀਂ ਸੀ।ਉਨ੍ਹਾਂ ਨੇ ਮੰਨਿਆ ਕਿ ਸਥਿਤੀ ਚਿੰਤਾਜਨਕ ਹੈ ਪਰ ਹਾੜੀ ਦੀ ਫਸਲ ਪੂਰੀ ਚੁੱਕੇ ਜਾਣ ਤੱਕ ਸਿੱਟੇ ਦੀ ਉਡੀਕ ਕਰਨੀ ਬਣਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਾਲਤ ਵਿੱਚ ਸੁਧਾਰ ਦੀ ਆਸ ਹਾਲੇ ਖਤਮ ਨਹੀਂ ਹੋਈ ਕਿਉਂਕਿ ਇਹ ਹਿਸਾਬ ਉਨ੍ਹਾਂ ਥਾਂਵਾਂ ਤੋਂ ਲਾਇਆ ਗਿਆ ਹੈ ਜਿੱਥੇ ਕਣਕ ਦੀ ਫਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਵਿਭਾਗ ਨੇ ਰਿਪੋਰਟ ਵਿੱਚ ਕਿਹਾ ਹੈ ਕਿ ਇਸ ਵਾਰ ਮਾਰਚ ਦੇ ਅੱਧ ਤੱਕ ਠੰਡ ਪੈਂਦੀ ਰਹੀ ਅਤੇ ਉਸ ਤੋਂ ਬਾਅਦ ਗਰਮੀ ਨੇ ਇਕਦਮ ਜ਼ੋਰ ਫੜ ਲਿਆ ਜਿਸ ਕਰਕੇ ਕਣਕ ਦੀਆਂ ਬੱਲੀਆਂ ਵਿੱਚ ਦਾਣਾ ਭਰਨ ਦੀ ਥਾਂ ਸੁੰਗੜ ਕੇ ਰਹਿ ਗਿਆ। ਸੁੰਗੜੇ ਹੋਏ ਦਾਣੇ ਦਾ ਭਾਰ ਵੀ ਘੱਟ ਗਿਆ ਹੈ ਤੇ ਨਿਰਾ ਫੋਟਕ ਲੱਗਣ ਲੱਗਾ ਹੈ। ਹਾੜੀ ਦੀ ਫ਼ਸਲ ਜਿਸ ਤੇਜ਼ੀ ਨਾਲ ਸਮੇਟੀ ਜਾ ਰਹੀ ਹੈ, ਉਸ ਹਿਸਾਬ ਨਾਲ ਅਪ੍ਰੈਲ ਦੇ ਆਖਰੀ ਹਫ਼ਤੇ ਤੱਕ ਵੱਡੀ ਰਕਮ ਨਿੱਬੜ ਜਾਣ ਦੇ ਆਸਾਰ ਬਣ ਰਹੇ ਹਨ।

ਦੂਜੇ ਪਾਸੇ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਦਾ ਦੱਸਣਾ ਹੈ ਕਿ ਉਹ ਹੁਣ ਤੋਂ ਹੀ ਕਣਕ ਦੀ ਅਜਿਹੀ ਵੰਨਗੀ ਤਿਆਰ ਕਰਨ ਵਿੱਚ ਜੁਟ ਗਏ ਹਨ ਜਿਹੜੀ ਗਰਮ ਸਰਦ ਰੁੱਤ ਨੂੰ ਸਹਾਰ ਸਕਿਆ ਕਰੇ ਅਤੇ ਤਾਪਮਾਨ ਦਾ ਕੋਈ ਮਾਰੂ ਅਸਰ ਨਾ ਹੋਵੇ। ਯੂਨੀਵਰਸਿਟੀ ਦੇ ਮਾਹਿਰ ਸੂਬੇ ਦੇ ਕਿਸਾਨਾਂ ਦੀ ਸਲਾਹ ਵੀ ਲੈਣ ਲੱਗੇ ਹਨ। ਪੰਜਾਬ ਸਰਕਾਰ ਨੇ 135 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਦੇ ਬੰਦੋਬਸਤ ਕੀਤੇ ਹਨ ਜਦਕਿ ਝਾੜ 175 ਲੱਖ ਮੀਟਰਿਕ ਟਨ ਨੂੰ ਪੁੱਜਣ ਦਾ ਅੰਦਾਜ਼ਾ ਲਾਇਆ ਗਿਆ ਸੀ। ਹੁਣ ਤੱਕ ਮੰਡੀਆਂ ਵਿੱਚ 9709476.44 ਲੱਖ ਮੀਟਰਕ ਟਨ ਕਣਕ ਪੁੱਜ ਚੁੱਕੀ ਹੈ। ਜਿਹੜੀ ਪਿਛਲੇ ਸਾਲ ਨਾਲੋਂ 599137 ਲੱਖ ਮੀਟਰਕ ਟਨ ਘੱਟ ਦੱਸੀ ਗਈ ਹੈ।  ਲੰਘੇ ਕੱਲ੍ਹ ਮੰਡੀ ਵਿੱਚ 103942.25  ਲੱਖ ਮੀਟਰਕ ਟਨ ਕਣਕ ਆਈ ਸੀ। ਇਸ ਸਾਲ ਸਰਕਾਰ ਨੇ 969298 ਲੱਖ ਮੀਟਰਕ ਟਨ ਕਣਕ ਖਰੀਦੀ ਹੈ। ਪ੍ਰਾਈਵੇਟ ਵਪਾਰੀ ਦੀ ਖਰੀਦ 524738 ਲੱਖ ਮੀਟਰਕ ਟਨ ਨੂੰ ਪੁੱਜੀ ਹੈ। ਮੰਡੀਆਂ ਵਿੱਚੋਂ ਸਿਰਫ 6659417.13 ਲੱਖ ਮੀਟਰਕ ਟਨ ਕਣਕ ਚੁੱਕੀ ਗਈ ਹੈ। ਕਣਕ ਦੀ ਖਰੀਦ 31 ਮਈ ਤੱਕ ਜਾਰੀ ਰਹੇਗੀ।  ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਦੇ ਨਵੇਂ ਅੰਦਾਜ਼ੇ ਮੁਤਾਬਕ ਇਸ ਵਾਰ ਕਣਕ ਦਾ ਝਾੜ 155 ਤੋਂ 160 ਲੱਖ ਮੀਟਰਿਕ ਟਨ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਇੱਥੇ ਇਹ ਦੱਸਣਾ ਲਾਜ਼ਮੀ ਹੈ ਕਿ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਪ੍ਰਤੀ ਮਰਲਾ ਕਣਕ ਦੀ ਕਟਾਈ ਕਰਕੇ ਉਸ ਵਿੱਚੋਂ ਨਿਕਲੇ ਝਾੜ ਨੂੰ ਲੈ ਕੇ ਕਿਸਾਨ ਨੂੰ ਹੋ ਰਹੇ ਨੁਕਸਾਨ ਦਾ ਅੰਦਾਜ਼ਾ ਲਾਇਆ ਹੈ। ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਸਾਂਝੇ ਤੌਰ ਉੱਤੇ ਹਾੜੀ ਅਤੇ ਸਾਉਣੀ ਨੂੰ ਮੌਸਮ ਦੀ ਮਾਰ ਤੋਂ ਬਚਾਉਣ ਲਈ ਨਵੀਂ ਖੋਜ ਅਤੇ ਪੜਤਾਲ ਕਰਨ ਲੱਗੇ ਹਨ। ਇੱਕ ਹੋਰ ਜਾਣਕਾਰੀ ਅਨੁਸਾਰ ਪੰਜਾਬ ਦਾ ਕਿਸਾਨ ਇੱਕ ਲੱਖ ਕਰਜ਼ੇ ਹੇਠ ਦੱਬਿਆ ਪਿਆ ਹੈ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ 89 ਫ਼ੀਸਦੀ ਕਿਸਾਨ ਆਪਣੇ ਸਿਰ ਕਰਜ਼ੇ ਦੀ ਪੰਡ ਚੁੱਕੀ ਫਿਰਦੇ ਹਨ। ਇੱਕ ਕਿਸਾਨ ਸਿਰ ਔਸਤ 10.53 ਲੱਖ ਦਾ ਕਰਜ਼ਾ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਲਾਈਵ ਹੋ ਕੇ 300 ਯੂਨਿਟ ਬਿਜਲੀ ਮੁਫ਼ਤ ਦੇਣ ਅਤੇ ਖੇਤੀ ਖੇਤਰ  ਦੀ ਸਬਸਿਡੀ ਬਰਕਰਾਰ ਰੱਖਣ ਵੇਲੇ ਜਿਹੜੀ ਇੱਕ ਚੋਭਵੀਂ ਗੱਲ ਕੀਤੀ ਹੈ, ਉਸਦੀ ਚਰਚਾ ਕਰਨੀ ਦਿਲਚਸਪ ਰਹੇਗੀ। ਮੁੱਖ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਦਾ ਕਰਜ਼ ਉਤਾਰਨ ਲਈ ਉਹ ਪਹਾੜਾਂ ਦੀਆਂ ਜੜਾਂ ਵਿੱਚ ਪੈਸਾ ਕੱਢ ਕੇ ਲਿਆਉਣਗੇ। ਇਹ ਸਿਰਫ਼ ਕੰਨਾਂ ਨੂੰ ਸੁਣਨ ਨੂੰ ਹੀ ਚੰਗਾ ਨਹੀਂ ਲੱਗਾ ਸਗੋਂ ਇਹਦੇ ਵਿੱਚ ਪੰਜਾਬ ਦੇ ਭਲੇ ਦੀ ਝਲਕ ਵੀ ਦਿਸਦੀ ਹੈ। ਸਾਡੀ ਇੱਛਾ ਹੈ ਕਿ ਪੰਜਾਬ ਸਿਰ ਚੜਿਆ ਕਰਜ਼ਾ ਉਤਾਰਨ ਵੇਲੇ ਕਿਸਾਨਾਂ ਨੂੰ ਮੂਹਰੇ ਰੱਖਿਆ ਜਾਵੇ। ਉਨ੍ਹਾਂ ਨੇ ਚਾਹੇ ਪਹਾੜਾਂ ਵਿੱਚ ਵਸਣ ਵਾਲੇ ਕਿਸੇ ਸਿਆਸਤਦਾਨ ਦਾ ਨਾਂ ਨਹੀਂ ਲਿਆ ਪਰ ਸਮਝ ਸਭ ਨੂੰ ਲੱਗ ਗਈ ਹੈ ਕਿ ਉਨ੍ਹਾਂ ਦਾ ਇਸ਼ਾਰਾ ਨਿਊ ਚੰਡੀਗੜ੍ਹ ਵਿੱਚ ਉਸਰੇ ਹੋਟਲਾਂ ਅਤੇ ਸਿਸਵਾਂ ਦੇ ਮਹਿਲਾਂ ਵੱਲ ਹੈ। ਦੋ ਦਿਨ ਪਹਿਲਾਂ ਮੋਹਾਲੀ ਜਿਲ੍ਹੇ ਦੀ ਗੈਰਕਾਨੂੰਨੀ ਕਬਜ਼ੇ ਵਾਲੀ ਜ਼ਮੀਨ ‘ਤੇ ਬੁਲਡੋਜ਼ਰ ਫਿਰ ਵੀ ਗਿਆ ਹੈ। ਇਹ ਵੱਖਰੀ ਗੱਲ ਹੈ ਕਿ ਜ਼ਮੀਨ ਦੇ ਮਾਲਕ ਬਿਕਰਮਜੀਤ ਸਿੰਘ ਨੇ ਸਰਕਾਰ ਨੂੰ ਕਾਨੂੰਨੀ ਨੋਟਿਸ ਜਾਰੀ ਕਰਨ ਦਾ ਐਲਾਨ ਕਰ ਦਿੱਤਾ ਹੈ। ਉਹ ਸਰਕਾਰ ਦੀ ਕਾਰਵਾਈ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦੇ ਹਨ।  

ਸੰਪਰਕ : 98147 34035