‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਸਕੂਲ ਵਿੱਚ ਬੱਚੇ ਸਮਾਜ ਦੀ ਸੇਵਾ ਕਰਨ ਦੇ ਲਈ ਵਿੱਦਿਆ ਦਾ ਗਿਆਨ ਹਾਸਿਲ ਕਰਨ ਲਈ ਆਉਂਦੇ ਹਨ। ਸਕੂਲ ਵਿੱਚ ਬੱਚੇ ਆਪਣੇ ਉੱਜਵਲ ਭਵਿੱਖ ਲਈ, ਗਿਆਨ ਦੀ ਰੌਸ਼ਨੀ ਲਈ ਬੇਫਿਕਰ ਹੋ ਕੇ ਆਉਂਦੇ ਹਨ ਪਰ ਅੱਜ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕ ਮਾਸੂਮ ਬੱਚੀ ਦੀ ਇੱਕ ਅੱਖ ਦੀ ਰੌਸ਼ਨੀ ਹਮੇਸ਼ਾ ਲਈ ਚਲੀ ਗਈ ਹੈ।
ਲੁਧਿਆਣਾ (Ludhiana) ਵਿੱਚ ਪੁਲੀਸ ਲਾਈਨ ਸਥਿਤ ਇੱਕ ਸਕੂਲ School) ਵਿੱਚ ਛੇ ਸਾਲਾ ਬੱਚੀ ਦੀ ਅੱਖ (Eye) ’ਚ ਇੱਕ ਵਿਦਿਆਰਥਣ ਨੇ ਪੈਨਸਿਲ (Pencil) ਮਾਰ ਦਿੱਤੀ, ਜਿਸ ਕਾਰਨ ਬੱਚੀ ਦੀ ਅੱਖ ਦੀ ਰੋਸ਼ਨੀ ਚਲੀ ਗਈ ਹੈ। ਪਹਿਲੀ ਜਮਾਤ ਦੀ ਵਿਦਿਆਰਥਣ ਸ਼ਨਾਇਆ ਦੀ ਅਧਿਆਪਕਾ ਨੇ ਉਸ ਦੇ ਮਾਪਿਆਂ ਨੂੰ ਫੋਨ ਕਰਕੇ ਸੂਚਨਾ ਦਿੱਤੀ ਸੀ ਕਿ ਬੱਚੀ ਦੀ ਅੱਖ ਵਿੱਚ ਉਂਗਲ ਵੱਜ ਗਈ ਹੈ ਤੇ ਉਹ ਆ ਕੇ ਉਸ ਨੂੰ ਲੈ ਜਾਣ। ਬੱਚੀ ਦੇ ਮਾਪੇ ਉਸ ਨੂੰ ਲੈ ਗਏ, ਪਰ ਘਰ ਜਾ ਕੇ ਕੁਝ ਸਮੇਂ ਬਾਅਦ ਬੱਚੀ ਨੇ ਕੁਝ ਵੀ ਦਿਖਾਈ ਨਾ ਦੇਣ ਦੀ ਸ਼ਿਕਾਇਤ ਕੀਤੀ।
ਅੱਖ ਦੀ ਪੁਤਲੀ ਫਟੀ
ਪਰਿਵਾਰਕ ਮੈਂਬਰ ਜਦੋਂ ਬੱਚੀ ਨੂੰ ਡਾਕਟਰ ਕੋਲ ਲੈ ਕੇ ਗਏ ਤਾਂ ਪਤਾ ਲੱਗਿਆ ਕਿ ਬੱਚੀ ਦੀ ਅੱਖ ਦੀ ਪੁਤਲੀ ਫਟ ਗਈ ਹੈ। ਬੱਚੀ ਦੇ ਮਾਪਿਆਂ ਨੇ ਜਦੋਂ ਇਸ ਸਬੰਧੀ ਸਕੂਲ ਪ੍ਰਬੰਧਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਗੱਲ ਸੁਣਨ ਤੋਂ ਪਾਸਾ ਵੱਟਣਾ ਚਾਹਿਆ ਤੇ ਸਿਰਫ਼ ਬੱਚੀ ਦੇ ਪਿਤਾ ਨੂੰ ਅੰਦਰ ਜਾਣ ਦਿੱਤਾ। ਗੱਲ ਨਾ ਸੁਣੇ ਜਾਣ ਦੇ ਰੋਸ ਵਜੋਂ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਸਕੂਲ ਦੇ ਬਾਹਰ ਧਰਨਾ ਲਾ ਦਿੱਤਾ। ਇਸ ਦੀ ਸੂਚਨਾ ਮਿਲਣ ’ਤੇ ਏਸੀਪੀ ਅਸ਼ੋਕ ਕੁਮਾਰ ਉੱਥੇ ਪਹੁਚੇ ਤੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। ਬੱਚੀ ਦੇ ਪਰਿਵਾਰ ਨੇ ਮੰਗ ਕੀਤੀ ਕਿ ਸਕੂਲ ਪ੍ਰਬੰਧਕਾਂ ਅਤੇ ਉਕਤ ਅਧਿਆਪਕਾ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਉਹ ਮੁੜ ਸਕੂਲ ਸਾਹਮਣੇ ਧਰਨਾ ਲਾਉਣਗੇ।
ਇਵੇਂ ਵਾਪਰੀ ਘਟਨਾ
ਸਮਾਜ ਸੇਵੀ ਰਾਹੁਲ ਮਲਹੋਤਰਾ ਨੇ ਦੱਸਿਆ ਕਿ ਬੁੱਧਵਾਰ ਨੂੰ ਸ਼ਨਾਇਆ ਅਤੇ ਇੱਕ ਹੋਰ ਵਿਦਿਆਰਥਣ ਦਾ ਝਗੜਾ ਹੋ ਗਿਆ, ਜਿਸ ਮਗਰੋਂ ਉਸ ਨੇ ਬੱਚੀ ਦੀ ਅੱਖ ਵਿੱਚ ਪੈਨਸਿਲ ਮਾਰ ਦਿੱਤੀ। ਇਸ ਬਾਰੇ ਸ਼ਨਾਇਆ ਵੱਲੋਂ ਅਧਿਆਪਕਾ ਨੂੰ ਸਾਰੀ ਜਾਣਕਾਰੀ ਦਿੱਤੀ ਗਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਅਧਿਆਪਕਾ ਵੱਲੋਂ ਬੱਚੀ ਨੂੰ ਡਰਾਇਆ ਗਿਆ ਕਿ ਉਹ ਇਸ ਸਬੰਧੀ ਕਿਸੇ ਨੂੰ ਕੁਝ ਨਾ ਦੱਸੇ।
ਚਿੰਤਾ ਵਾਲੀ ਗੱਲ ਹੈ ਕਿ ਬੱਚੀ ਦੇ ਜੀਵਨ ਦੀ ਹਾਲੇ ਸ਼ੁਰੂਆਤ ਹੋਣੀ ਹੈ ਪਰ ਉਸਦੀ ਇੱਕ ਅੱਖ ਦੀ ਰੌਸ਼ਨੀ ਜਾਣ ਕਰਕੇ ਉਸਨੂੰ ਜ਼ਿੰਦਗੀ ਵਿੱਚ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।