‘ਦ ਖ਼ਾਲਸ ਬਿਊਰੋ : ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਅੱਜ ਅੰਤਿਮ ਅਰਦਾਸ ਮਾਨਸਾ ਜ਼ਿਲ੍ਹੇ ਦੀ ਬਾਹਰਲੀ ਅਨਾਜ ਮੰਡੀ ਸਿਰਸਾ ਰੋਡ ਉੱਤੇ ਕੀਤੀ ਜਾ ਰਹੀ ਹੈ। ਲੱਖਾਂ ਦੀ ਗਿਣਤੀ ਵਿੱਚ ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲੇ, ਪ੍ਰਸ਼ੰਸਕ ਅੰਤਿਮ ਅਰਦਾਸ ਸਮਾਗਮ ਵਿੱਚ ਪਹੁੰਚ ਰਹੇ ਹਨ। ਰਾਜਸਥਾਨ, ਹਰਿਆਣਾ, ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਹੋਰ ਸੂਬਿਆਂ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਲੋਕ ਪਹੁੰਚ ਰਹੇ ਹਨ। ਹਰ ਕਿਸੇ ਦੀ ਅੱਖ ਮੂਸੇਵਾਲਾ ਨੂੰ ਯਾਦ ਕਰਕੇ ਨਮ ਹੋਈ ਹੈ। ਇਹ ਸਾਰਾ ਪ੍ਰੋਗਰਾਮ ਮੂਸੇਵਾਲਾ ਦੀ ਸੋਸ਼ਲ ਮੀਡੀਆ ਟੀਮ ਵੱਲੋਂ ਮੂਸੇਵਾਲਾ ਦੇ ਯੂਟਿਊਬ ’ਤੇ ਲਾਈਵ ਪ੍ਰਸਾਰਿਤ ਕੀਤਾ ਜਾ ਰਿਹਾ ਹੈ।


ਮੰਡੀ ਦੇ ਵਿਚਕਾਰ ਸ਼ੈੱਡ ‘ਚ ਪੰਡਾਲ ਬਣਾਇਆ ਗਿਆ ਹੈ। ਆਮ ਲੋਕਾਂ ਦੇ ਪੰਡਾਲ ‘ਚ ਪਹੁੰਚਣ ਲਈ 29 ਗੇਟ ਬਣਾਏ ਗਏ ਹਨ। ਹਰ ਗੇਟ ਦੇ ਸਕਿਊਰਟੀ ਚੈੱਕ ਕੀਤੀ ਜਾ ਰਹੀ ਹੈ। ਅੰਤਿਮ ਅਰਦਾਸ ਵਿੱਚ ਪਹੁੰਚ ਰਹੇ ਲੋਕਾਂ ਵਿੱਚ ਨੌਜਵਾਨਾਂ ਸਮੇਤ ਬਜ਼ੁਰਗ ਅਤੇ ਛੋਟੇ ਬੱਚੇ ਵੀ ਸ਼ਾਮਿਲ ਹਨ। ਨੌਜਵਾਨਾਂ ਨੇ ਮੂਸੇਵਾਲਾ ਦੀਆਂ ਤਸਵੀਰਾਂ, ਉਸਦੀਆਂ ਲਿਖਤਾਂ ਵਾਲੀਆਂ ਟੀ-ਸ਼ਰਟਾਂ ਵੀ ਪਾਈਆਂ ਹੋਈਆਂ ਹਨ।


ਅੰਮ੍ਰਿਤਸਰ ਤੋਂ ਮੂਸੇਵਾਲਾ ਦਾ ਇੱਕ ਪ੍ਰਸ਼ੰਸਕ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਤੇ ਉਸਦੀਆਂ ਲਿਖਤਾਂ ਵਾਲੇ ਪੋਸਟਰ ਉਚੇਚੇ ਤੌਰ ਉੱਤੇ ਤਿਆਰ ਕਰਕੇ ਅੱਜ ਉਸਦੇ ਭੋਗ ਸਮਾਗਮ ਵਿਖੇ ਪਹੁੰਚਿਆ ਹੋਇਆ ਹੈ। ਉਸ ਵੱਲੋਂ ਬਹੁਤ ਘੱਟ ਕੀਮਤ ਉੱਤੇ ਇਹ ਪੋਸਟਰ ਵੇਚੇ ਜਾ ਰਹੇ ਹਨ। ਨੌਜਵਾਨ ਦਾ ਕਹਿਣਾ ਹੈ ਕਿ ਮੂਸੇਵਾਲਾ ਨੇ ਕਦੇ ਵੀ ਆਪਣੇ ਗਾਣਿਆਂ ਵਿੱਚ ਅਸ਼ਲੀਲਤਾ ਨਹੀਂ ਦਿਖਾਈ ਸੀ। ਅੰਤਿਮ ਅਰਦਾਸ ਵਿੱਚ ਪਹੁੰਚਣ ਤੋਂ ਪਹਿਲਾਂ ਕਈ ਲੋਕ ਉਸਦੀ ਸਸਕਾਰ ਵਾਲੀ ਥਾਂ ਪਿੰਡ ਮੂਸਾ ਵਿਖੇ ਜਾ ਰਹੇ ਹਨ।


ਅੰਤਿਮ ਅਰਦਾਸ ਸਮਾਗਮ ਵਿੱਚ ਪਹੁੰਚ ਰਹੀ ਸੰਗਤ ਦੇ ਲਈ ਲੰਗਰ ਦੇ ਅਟੁੱਟ ਪ੍ਰਬੰਧ ਕੀਤੇ ਗਏ ਹਨ। ਲੰਗਰ ਲਈ ਰਸਦ ਦਾ ਸਾਰਾ ਪ੍ਰਬੰਧ ਸਿੱਧੂ ਮੂਸੇਵਾਲਾ ਦੇ ਪਰਿਵਰਾ ਨੇ ਕੀਤਾ ਹੈ ਪਰ ਲੰਗਰ ਪਕਾਉਣ ਦੀ ਜ਼ਿੰਮੇਵਾਰੀ SGPC ਨੇ ਲਈ ਹੈ, ਜਿਸਦੇ ਲਈ ਤਖਤ ਸ਼੍ਰੀ ਦਮਦਮਾ ਸਾਹਿਬ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 13 ਗੁਰਦੁਆਰਾ ਸਾਹਿਬਾਨਾਂ ਤੋਂ 225 ਦੇ ਕਰੀਬ ਐਸਜੀਪੀਸੀ ਮੁਲਾਜ਼ਮ ਕੱਲ੍ਹ ਸ਼ਾਮ ਤੋਂ ਲੰਗਰ ਦਾ ਪ੍ਰਬੰਧ ਕਰ ਰਹੇ ਹਨ। SGPC ਨੇ ਮੂਸੇਵਾਲਾ ਦੇ ਦਸਤਾਰਧਾਰੀ, ਕੇਸਾਧਾਰੀ ਹੋਣ ਕਰਕੇ ਉਸਦੇ ਸਤਿਕਾਰ ਵਿੱਚ ਇਹ ਫੈਸਲਾ ਲਿਆ ਹੈ ਕਿਉਂਕਿ ਮੂਸੇਵਾਲਾ ਨੇ ਆਪਣੇ ਗੀਤਾਂ ਵਿੱਚ ਲੱਚਰਤਾ ਨੂੰ ਥਾਂ ਨਹੀਂ ਦਿੱਤੀ ਸੀ। ਆਲੇ-ਦੁਆਲੇ ਦੇ ਪਿੰਡਾਂ ‘ਚੋਂ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਨੌਜਵਾਨ ਪਾਣੀ ਦੇ ਟੈਂਕਰ ਭਰ ਕੇ ਮਾਨਸਾ ਦੀ ਅਨਾਜ ਮੰਡੀ ‘ਚ ਪਹੁੰਚ ਰਹੇ ਹਨ।

