Punjab

ਨਾਮਜ਼ਦੀ ਵਾਪਸ ਲੈਣ ਦਾ ਅੱਜ ਆਖਰੀ ਦਿਨ, 12 ਫਰਵਰੀ ਤੱਕ ਚੋਣ ਪ੍ਰਚਾਰ

ਪੰਜਾਬ ਦੀਆਂ 8 ਨਗਰ ਨਿਗਮਾਂ ਤੇ 109 ਨਗਰ ਕੌਂਸਲ ਦੇ ਨਗਰ ਪੰਚਾਇਤਾਂ ਦੀਆਂ ਚੋਣਾਂ


‘ਦ ਖ਼ਾਲਸ ਬਿਊਰੋ :-
ਪੰਜਾਬ ‘ਚ 08 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਆਮ/ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਨਾਮਜਦੀ ਭਰਨ ਦੀ ਆਖਰੀ ਮਿਤੀ 3 ਫਰਵਰੀ ਤੈਅ ਕੀਤੀ ਗਈ ਸੀ ਜਦ ਕਿ ਪੜਤਾਲ 4 ਫਰਵਰੀ ਤੇ ਅੱਜ ਨਾਮਜ਼ਦਗੀਆਂ ਵਾਪਸ ਲੈਣ ਦੀ ਤਰੀਕ ਆਖਰੀ ਤਰੀਕ ਹੈ। ਅੱਜ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਵੀ ਅਲਾਟ ਕੀਤੇ ਜਾਣੇ ਹਨ। ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਚੋਣ ਪ੍ਰਚਾਰ 12 ਫਰਵਰੀ 2021 ਨੂੰ ਸ਼ਾਮ 5:00 ਵਜੇ ਤੱਕ ਕੀਤਾ ਜਾ ਸਕੇਗਾ। ਵੋਟਾਂ ਮਿਤੀ 14 ਫਰਵਰੀ 2021 ਨੂੰ ਸਵੇਰੇ 08.00 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ। ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਹੋਵੇਗੀ। ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਿਉਂਸੀਪਲ ਚੋਣਾਂ ਵਿੱਚ ਮਹਿਲਾਵਾਂ ਲਈ 50% ਰਾਖਵਾਂਕਰਨ ਦਿੱਤਾ ਗਿਆ ਹੈ।

ਇਹ ਲਿਖਣਗੇ ਉਮੀਦਵਾਰਾਂ ਦੀ ਕਿਸਮਤ
ਇਨ੍ਹਾਂ ਚੋਣਾਂ ਲਈ ਸੂਬੇ ਵਿੱਚ 20,49,777 ਪੁਰਸ਼, 18,65,354 ਮਹਿਲਾ ਅਤੇ 149 ਟ੍ਰਾਂਸਜੈਂਡਰ ਵੋਟਰਾਂ ਦੇ ਨਾਲ ਕੁੱਲ 39,15,280 ਰਜਿਸਟਰਡ ਵੋਟਰ ਹਨ।

ਚੋਣ ਕਮਿਸ਼ਨ ਨੇ 4102 ਪੋਲਿੰਗ ਬੂਥ ਸਥਾਪਤ ਕੀਤੇ ਹਨ ਅਤੇ 18000 ਕਰਮਚਾਰੀਆਂ ਦੀ ਚੋਣ ਡਿਊਟੀ ਲਗਾਈ ਗਈ ਹੈ। ਰਾਜ ਚੋਣ ਕਮਿਸ਼ਨਰ ਅਨੁਸਾਰ ਨਗਰ ਨਿਗਮ ਦੇ ਉਮੀਦਵਾਰ ਲਈ ਖਰਚਾ ਹੱਦ 3 ਲੱਖ ਰੁਪਏ, ਨਗਰ ਕੌਂਸਲ ਕਲਾਸ -1 ਦੇ ਉਮੀਦਵਾਰ ਲਈ 2.70 ਲੱਖ ਰੁਪਏ, ਕਲਾਸ-2 ਲਈ 1.70 ਲੱਖ ਰੁਪਏ, ਕਲਾਸ-3 ਲਈ 1.45 ਲੱਖ ਰੁਪਏ ਅਤੇ ਨਗਰ ਪੰਚਾਇਤਾਂ ਦੇ ਉਮੀਦਵਾਰਾਂ ਲਈ ਖ਼ਰਚਾ ਹੱਦ 1.05 ਲੱਖ ਰੁਪਏ ਨਿਰਧਾਰਤ ਕੀਤੀ ਗਈ ਹੈ।

ਅਬੋਹਰ, ਬਠਿੰਡਾ, ਬਟਾਲਾ, ਕਪੂਰਥਲਾ,ਗੁਰਦਾਸਪੁਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਹੁਸ਼ਿਆਰਪੁਰ ਅਤੇ ਪਠਾਨਕੋਟ ਨਗਰ ਨਿਗਮ ਲਈ ਵੋਟਾਂ ਦਾ ਕਾਰਜ ਪੂਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਨਗਰ ਨਿਗਮ ਅੰਮ੍ਰਿਤਸਰ ਦੇ ਵਾਰਡ ਨੰ. 37 ਬੀ.ਸੀ. ਲਈ ਰਾਖਵਾਂ, ਵਿੱਚ ਜ਼ਿਮਨੀ ਚੋਣਾਂ ਹੋਣਗੀਆਂ। ਇਸੇ ਤਰ੍ਹਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ, ਰਮਦਾਸ, ਰਈਆ, ਮਜੀਠਾ ਅਤੇ ਜੰਡਿਆਲਾ ਗੁਰੂ ਵਿੱਚ ਮਿਉਂਸਪਲ ਕੌਂਸਲ/ਨਗਰ ਪੰਚਾਇਤ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਜਦਕਿ ਤਰਨ ਤਾਰਨ ਜ਼ਿਲ੍ਹੇ ਦੇ ਭਿੱਖੀਵਿੰਡ ਅਤੇ ਪੱਟੀ, ਗੁਰਦਾਸਪੁਰ ਜ਼ਿਲ੍ਹੇ ਵਿੱਚ ਗੁਰਦਾਸਪੁਰ, ਸ੍ਰੀ ਹਰਗੋਬਿੰਦਪੁਰ, ਫ਼ਤਿਹਗੜ੍ਹ ਚੂੜੀਆਂ, ਧਾਰੀਵਾਲ, ਕਾਦੀਆਂ ਅਤੇ ਦੀਨਾਨਗਰ ਵਿੱਚ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਜਦਕਿ ਪਠਾਨਕੋਟ ਜ਼ਿਲ੍ਹੇ ਦੇ ਸੁਜਾਨਪੁਰ ਵਿੱਚ ਇਹ ਚੋਣਾ ਕਰਵਾਈਆਂ ਜਾ ਰਹੀਆਂ ਹਨ।

ਜਲੰਧਰ ਜ਼ਿਲ੍ਹੇ ਦੇ ਨਕੋਦਰ, ਨੂਰਮਹਿਲ, ਫਿਲੌਰ, ਕਰਤਾਰਪੁਰ, ਅਲਾਵਲਪੁਰ, ਆਦਮਪੁਰ, ਲੋਹੀਆਂ ਅਤੇ ਮਹਿਤਪੁਰ ਵਿੱਚ ਇਹ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਜਦਕਿ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ, ਮੁਕੇਰੀਆਂ, ਉੜਮੁੜ ਟਾਂਡਾ, ਗੜ੍ਹਸ਼ੰਕਰ, ਗੜ੍ਹਦੀਵਾਲਾ, ਹਰਿਆਣਾ ਅਤੇ ਸ਼ਾਮਚੁਰਾਸੀ ਸ਼ਾਮਲ ਹਨ ਜਦਕਿ ਸ਼ਹੀਦ ਭਗਤ ਸਿੰਘ ਨਗਰ ਦੇ ਨਵਾਂਸ਼ਹਿਰ, ਬੰਗਾ ਅਤੇ ਰਾਹੋਂ ਤੋਂ ਇਲਾਵਾ ਲੁਧਿਆਣਾ ਜ਼ਿਲ੍ਹੇ ਦੇ ਖੰਨਾ, ਜਗਰਾਉਂ, ਸਮਰਾਲਾ, ਰਾਏਕੋਟ, ਦੋਰਾਹਾ ਅਤੇ ਪਾਇਲ ਵਿੱਚ ਵੀ ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੀਆਂ ਵੋਟਾਂ ਪੈਣਗੀਆਂ।

ਰੂਪਨਗਰ ਜ਼ਿਲ੍ਹੇ ਦੇ ਰੂਪਨਗਰ, ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਨੰਗਲ, ਮੋਰਿੰਡਾ ਅਤੇ ਚਮਕੌਰ ਸਾਹਿਬ ਜਦਕਿ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਸਰਹਿੰਦ ਫਤਿਹਗੜ੍ਹ ਸਾਹਿਬ, ਗੋਬਿੰਦਗੜ੍ਹ ,ਬੱਸੀ ਪਠਾਣਾ ਅਤੇ ਖਮਾਣੋਂ ਇਸੇ ਤਰ੍ਹਾਂ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ, ਨਾਭਾ, ਸਮਾਣਾ, ਪਾਤੜਾਂ ਜਦਕਿ ਸੰਗਰੂਰ ਜ਼ਿਲ੍ਹੇ ਵਿੱਚ ਮਲੇਰਕੋਟਲਾ, ਸੁਨਾਮ, ਅਹਿਮਦਗੜ੍ਹ, ਧੂਰੀ, ਲਹਿਰਾਗਾਗਾ, ਲੌਂਗੋਵਾਲ, ਅਮਰਗੜ੍ਹ ਅਤੇ ਭਵਾਨੀਗੜ੍ਹ ਸ਼ਾਮਲ ਹਨ।

ਬਰਨਾਲਾ ਜ਼ਿਲ੍ਹੇ ਵਿੱਚ ਬਰਨਾਲਾ, ਤਪਾ, ਭਦੌੜ, ਧਨੌਲਾ ਤੋਂ ਇਲਾਵਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਖਰੜ, ਜ਼ੀਰਕਪੁਰ, ਡੇਰਾਬੱਸੀ, ਕੁਰਾਲੀ, ਨਵਾਂਗਾਉਂ ਅਤੇ ਲਾਲੜੂ ਜਦਕਿ ਬਠਿੰਡਾ ਜ਼ਿਲ੍ਹੇ ਦੇ ਭੁੱਚੋ ਮੰਡੀ, ਗੋਨਿਆਣਾ, ਮੌੜ, ਰਾਮਾ, ਕੋਟਫੱਤਾ, ਸੰਗਤ, ਕੋਠੇਗੁਰੂ, ਮਹਿਰਾਜ, ਕੋਟਸ਼ਮੀਰ, ਲਹਿਰਾ ਮੁਹੱਬਤ, ਭਾਈਰੂਪਾ, ਨਥਾਣਾ, ਮਲੂਕਾ ਅਤੇ ਭਗਤਾ ਭਾਈਕਾ ਵਿੱਚ ਇਹ ਵੋਟਾਂ ਪੈਣਗੀਆਂ।

ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਵਿੱਚ ਮਾਨਸਾ, ਬੁਢਲਾਡਾ, ਬਰੇਟਾ, ਬੋਹਾ ਅਤੇ ਜੋਗਾ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਮੁਕਤਸਰ, ਮਲੋਟ, ਗਿੱਦੜਬਾਹਾ ਜਦਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਫਿਰੋਜ਼ਪੁਰ, ਗੁਰੂ ਹਰਸਹਾਏ, ਜ਼ੀਰਾ, ਤਲਵੰਡੀ ਭਾਈ, ਮੁਦਕੀ ਅਤੇ ਮਮਦੋਟ ਜਦਕਿ ਫਾਜ਼ਿਲਕਾ ਜ਼ਿਲ੍ਹੇ ਵਿੱਚ ਫਾਜ਼ਿਲਕਾ ਅਤੇ ਜਲਾਲਾਬਾਦ, ਅਰਣੀਵਾਲਾ ਸ਼ੇਖ ਸੁਭਾਣ ਇਸੇ ਤਰ੍ਹਾਂ ਫਰੀਦਕੋਟ ਜ਼ਿਲ੍ਹੇ ਦੇ ਫਰੀਦਕੋਟ, ਕੋਟਕਪੁਰਾ ਅਤੇ ਜੈਤੋ ਤੋਂ ਇਲਾਵਾ ਮੋਗਾ ਜ਼ਿਲ੍ਹੇ ਦੇ ਬੱਧਨੀਕਲਾਂ, ਕੋਟ ਈਸੇ ਖਾਂ ਅਤੇ ਨਿਹਾਲ ਸਿੰਘ ਵਾਲਾ ਵਿੱਚ ਵੀ ਵੋਟਾਂ ਪੈਣਗੀਆਂ।

ਸੂਬੇ ਦੇ ਦੋ ਨਗਰ ਪੰਚਾਇਤਾਂ/ਨਗਰ ਕੌਂਸਲਾਂ ਦੇ ਤਿੰਨ ਵਾਰਡਾਂ ਵਿੱਚ ਜ਼ਿਮਨੀ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਾਰਡ ਨੰ. 1 ਮਹਿਲਾਵਾਂ ਲਈ ਰਾਖਵਾਂ ਅਤੇ ਵਾਰਡ ਨੰ. 11 ਐਸ.ਸੀ. ਲਈ ਰਾਖਵਾਂ ਜਦਕਿ ਲੁਧਿਆਣਾ ਜ਼ਿਲ੍ਹੇ ਦੇ ਮੁੱਲਾਪੁਰ ਦਾਖਾਂ ਦੇ ਵਾਰਡ ਨੰ. 8 ਵਿੱਚ ਵੀ ਵੋਟਾਂ ਪੈਣਗੀਆਂ।