ਫਤਹਿਗੜ੍ਹ ਸਾਹਿਬ / ਫਰੀਦਕੋਟ : ਬੀਤੇ ਦਿਨੀਂ ਲੱਦਾਖ ਵਿੱਚ ਫੌਜੀ ਜਵਾਨਾਂ ਦਾ ਇੱਕ ਟਰੱਕ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਵਿੱਚ 9 ਫੌਜੀਆਂ ਦੀ ਸ਼ਹਾਦਤ ਹੋ ਗਈ ਸੀ। ਇਸ ਵਿੱਚ 2 ਫੌਜੀ ਜਵਾਨ ਪੰਜਾਬ ਤੋਂ ਸਨ, ਜਿਨ੍ਹਾਂ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ ਹੈ।
ਸ਼ਮਸ਼ਾਨਘਾਟ ਤੱਕ ਕੱਢੀ ਗਈ ਅੰਤਿਮ ਯਾਤਰਾ
ਫਤਹਿਗੜ੍ਹ ਸਾਹਿਬ ਦੀ ਤਹਿਸੀਲ ਬੱਸੀ ਪਠਾਣਾ ਦੇ ਪਿੰਡ ਕਮਾਲੀ ਦੇ ਸ਼ਹੀਦ ਹੋਏ ਜਵਾਨ ਤਰਨਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਅੱਜ ਦੁਪਹਿਰ ਕਰੀਬ 12 ਵਜੇ ਫੌਜੀ ਅਧਿਕਾਰੀਆਂ ਵੱਲੋਂ ਤਿਰੰਗੇ ‘ਚ ਲਪੇਟ ਕੇ ਘਰ ਲਿਆਂਦਾ ਗਿਆ ਅਤੇ ਪੂਰੇ ਸਨਮਾਨ ਸਹਿਤ ਜਵਾਨ ਦੀ ਅੰਤਿਮ ਯਾਤਰਾ ਸ਼ਮਸ਼ਾਨ ਘਾਟ ਤੱਕ ਕੱਢੀ ਗਈ।
ਆਸ-ਪਾਸ ਦੇ ਪਿੰਡਾਂ ਦੇ ਹਜ਼ਾਰਾਂ ਲੋਕਾਂ ਨੇ ਅੰਤਿਮ ਯਾਤਰਾ ਵਿੱਚ ਸ਼ਮੂਲੀਅਤ ਕੀਤੀ। ਪਰਿਵਾਰ ਨੇ ਮ੍ਰਿਤਕ ਦੇਹ ਨੂੰ ਸ਼ਮਸ਼ਾਨਘਾਟ ਵਿੱਚ ਅੰਤਿਮ ਵਿਦਾਇਗੀ ਦਿੱਤੀ। ਉਥੇ ਪਿਤਾ ਕੇਵਲ ਸਿੰਘ ਨੇ ਸ਼ਹੀਦ ਤਰਨਦੀਪ ਸਿੰਘ ਦੀ ਚਿਤਾ ਨੂੰ ਅਗਨ ਭੇਂਟ ਕੀਤੀ। ਇਸ ਦੌਰਾਨ ਸ਼ਹੀਦ ਤਰਨਦੀਪ ਅਮਰ ਰਹੇ ਦੇ ਨਾਅਰੇ ਗੂੰਜਦੇ ਰਹੇ। ਇਸ ਦੌਰਾਨ ਪਿੰਡ ਵਾਸੀਆਂ ਨੇ ਸ਼ਹੀਦ ਦੀ ਯਾਦ ਵਿੱਚ ਹਸਪਤਾਲ ਬਣਾਉਣ ਦੀ ਮੰਗ ਕੀਤੀ ਹੈ।
ਪੁੱਤ ਨੇ ਦਿੱਤੀ ਅੰਤਿਮ ਵਿਦਾਇਗੀ
ਪੰਜਾਬ ਦੇ ਦੂਜੇ ਸ਼ਹੀਦ ਹੋਏ ਨਾਇਬ ਸੂਬੇਦਾਰ ਰਮੇਸ਼ ਲਾਲ ਦਾ ਵੀ ਅੱਜ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦਾ ਅੰਤਿਮ ਸਸਕਾਰ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸਿਰਸਾੜੀ ਵਿਖੇ ਕੀਤਾ ਗਿਆ। ਸ਼ਹੀਦ ਰਮੇਸ਼ ਨੂੰ ਉਨ੍ਹਾਂ ਦੇ ਸਪੁੱਤਰ ਨੇ ਸਸਕਾਰ ਕੀਤਾ। ਸਸਕਾਰ ਮੌਕੇ ਸ਼ਹੀਦ ਰਮੇਸ਼ ਦੀ ਪਤਨੀ ਗੀਤਾ, ਦੋਵੇਂ ਬੱਚੇ, ਸਹੁਰੇ ਤੇ ਰਿਸ਼ਤੇਦਾਰ ਹਾਜ਼ਰ ਸਨ। ਇਸ ਦੇ ਨਾਲ ਹੀ ਪੂਰਾ ਪਿੰਡ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਸ਼ਮਸ਼ਾਨਘਾਟ ‘ਤੇ ਇਕੱਠਾ ਹੋਇਆ। ਇਸ ਦੌਰਾਨ ਲੋਕਾਂ ਨੇ ਭਾਰਤ ਮਾਤਾ ਦੀ ਜੈ ਦੇ ਨਾਲ ਹੀ ਸ਼ਹੀਦ ਜਵਾਨ ਅਮਰ ਰਹੇ ਦੇ ਨਾਅਰੇ ਵੀ ਲਾਏ। ਸ਼ਹੀਦ ਦੀ ਮ੍ਰਿਤਕ ਦੇਹ ਨੂੰ ਸ਼ਨੀਵਾਰ ਦੇਰ ਸ਼ਾਮ ਫੁੱਲਾਂ ਨਾਲ ਭਰੇ ਟਰੱਕ ‘ਚ ਫੌਜ ਦੇ ਜਵਾਨ ਪਿੰਡ ਪਹੁੰਚੇ। ਉਨ੍ਹਾਂ ਦੇ ਰਿਸ਼ਤੇਦਾਰਾਂ ਤੋਂ ਇਲਾਵਾ ਪਿੰਡ ਅਤੇ ਜ਼ਿਲ੍ਹੇ ਦੇ ਲੋਕ ਵੀ ਅੰਤਿਮ ਦਰਸ਼ਨਾਂ ਲਈ ਪੁੱਜੇ।