Punjab

ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਪੰਜਾਬ ਭਰ ‘ਚ ਫੂਕੇ ਅੰਬਾਨੀ-ਅਡਾਨੀ ਅਤੇ ਮੋਦੀ ਸਰਕਾਰ ਦੇ ਪੁਤਲੇ

‘ਦ ਖ਼ਾਲਸ ਬਿਊਰੋ :- ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਅੱਜ 5 ਦਸੰਬਰ ਨੂੰ ਅੰਮ੍ਰਿਤਸਰ ਦੇ ਗੋਲਡਨ ਵਿਖੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ ਹਨ। ਖੇਤੀ ਕਾਨੂੰਨਾਂ ਨੂੰ ਲੈ ਕੇ ਅੱਜ ਪੂਰੇ ਭਾਰਤ ਵਿੱਚ ਕੇਂਦਰ ਸਰਕਾਰ ਅਤੇ ਅੰਬਾਨੀ ਤੇ ਅਡਾਨੀ ਦੇ ਪੁਤਲੇ ਫੂਕੇ ਅਰਥੀ ਫੂਕ ਮੁਜਾਹਰੇ ਕਰਨੇ ਸਨ।

ਇਸ ਮੌਕੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਰਨਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਕਾਲੇ ਕਾਨੂੰਨ ਖੇਤੀ ਬਿੱਲ, ਬਿਜਲੀ ਸੋਧ, ਪਰਾਲੀ ਦਾ ਐਕਟ ਅਤੇ ਸਾਰੀਆਂ ਫਸਲਾ ਦੀ MSP ਨੂੰ ਰੱਦ ਅਤੇ ਡਾ. ਸਵਾਮੀਨਾਥਨ ਰਿਪੋਰਟ ਮੁਤਾਬਿਕ ਇਨ੍ਹਾਂ ਫਸਲੀ ਦੀ ਸਰਕਾਰੀ ਖਰੀਦ ਦੀ ਗਰੰਟੀ ‘ਤੇ ਇੱਕ ਕਾਨੂੰਨ ਲਿਆਂਦਾ ਜਾਵੇ, ਜੋ ਕਿ ਸਾਰੇ ਦੇਸ਼ ਦੇ ਕਿਸਾਨ ਭਾਈਚਾਰੇ ਦੀਆਂ ਮੰਗਾਂ ਹਨ। ਜਿਸ ਮਗਰੋਂ ਕਿਸਾਨਾਂ ਵੱਲੋਂ ਅੱਜ ਅੰਮ੍ਰਿਤਸਰ ਦੇ ਗੋਲਡਨ ਗੇਟ ਅਤੇ ਪੂਰੇ ਦੇਸ਼ ਵਿੱਚ ਕਿਸਾਨਾਂ ਵੱਲੋਂ ਮੋਦੀ, ਅੰਬਾਨੀ ਤੇ ਅਡਾਨੀ ਦੇ ਪੁਤਲੇ ਫੂਕੇ ਗਏ। ਇਸ ਨਾਲ ਹੀ ਪੰਧੇਰ ਵੱਲੋਂ ਦੱਸਿਆ ਗਿਆ ਕਿ ਖੇਤੀ ਦੇ ਤਿੰਨ ਕਾਨੂੰਨ ਵਾਪਸ ਲੈਣ ਲਈ ਕਿਸਾਨਾਂ ਵੱਲੋਂ ਜਿਹੜਾ 8 ਦਸੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ, ਜਿਸ ‘ਤੇ ਅਸੀਂ ਪੂਰ ਭਾਰਤ ਦੇ ਕਿਸਾਨਾਂ, ਮਜਦੂਰਾਂ, ਵਪਾਰੀਆਂ ਟਰਾਂਸਪੋਰਟਰਾਂ ਅਤੇ ਦੁਕਾਨਦਾਰਾਂ ਨੂੰ ਬੇਣਤੀ ਕਰਦੇ ਹਾਂ ਕਿ ਕਿਸਾਨੀ ਅੰਦੋਲਨ ਨੂੰ ਆਪਣਾ ਅੰਦੋਲਨ ਸਮਝ ਕੇ ਕਾਮਯਾਬ ਬਣਾਉਣ ਅਤੇ ਨਾਲ ਹੀ ਪੰਜਾਬ ਦੇ ਭਰਾਵਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ 8 ਦਸੰਬਰ ਦੇ ਭਾਰਤ ਬੰਦ ਨੂੰ ਸਫਲ ਬਣਾਉਣ ਤਾਂ ਜੋ ਸਰਕਾਰ ਖੇਤੀ ਬਿੱਲਾਂ ਨੂੰ ਵਾਪਸ ਲੈਣ ਲਈ ਮਜਬੂਰ ਹੋ ਜਾਵੇ।

ਜਨ: ਸਕੱਤਰ ਪੰਧੇਰ ਨੇ ਕਿਹਾ ਕਿ ਵਿਦੇਸ਼ਾ ਦੀ ਸਰਕਾਰਾਂ ਵੀ ਮੋਦੀ ਸਰਕਾਰ ਦੀ ਵਿਰੋਧ ਕਰ ਰਹੀਆਂ ਹਨ। ਮੋਦੀ ਸਰਕਾਰ ਨੇ ਇਨ੍ਹਾਂ ਬਿੱਲਾਂ ਨੂੰ ਆਪਣਾ ਘਰੇਲੂ ਮਸਲਾ ਦੱਸ ਕੇ ਇਸ ਗੱਲ ਤੋਂ ਭੱਜ ਨਹੀਂ ਸਕਦੀ ਕਿ ਉਨ੍ਹਾਂ ਦੇ ਕਾਨੂੰਨ ਸਹੀ ਹਨ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਦਾ ਕੁੰਡਲੀ ਬਾਰਡਰ ‘ਤੇ ਘਿਰਾਵ ਕੀਤਾ ਹੋਇਆ ਹੈ, ਜੋ ਕਿ ਲਗਾਤਾਰ ਜਾਰੀ ਰਹੇਗਾ। ਕਿਸਾਨਾਂ ਦੇ ਕੋਰੋਨਾ ਵਾਇਰਸ ਟੈਸਟ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਜਨਹਿੱਤ ਪਟੀਸ਼ਨ ਜਾਰੀ ਕੀਤੀ ਗਈ ਹੈ। ਇਸ ਕਰਕੇ ਸੁਪਰੀਮ ਕੋਰਟ ਨੂੰ ਹਥਿਆਰ ਬਣਾਕੇ ਦਿੱਲੀ ਦੇ ਘਿਰਾਵ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਕਿਸੇ ਗਰਾਉਂਡ ‘ਚ ਖੁਲ੍ਹੀ ਜੇਲ ਬਣਾ ਕੇ ਕਿਸਾਨਾਂ ਦੇ ਅੰਦੋਲਨ ਨੂੰ ਠੇਸ ਪਹੁੰਚਾਈ ਜਾ ਸਕੇ। ਸੋ ਇਸ ਕਰਕੇ ਕਿਸਾਨ ਇਸ ਅੰਦੋਲਨ ਸਵੈਇੱਛਾ ਨਾਲ ਸ਼ਾਮਲ ਹੋਇਆ ਹੈ, ਅਤੇ ਸੁਪਰੀਮ ਕੋਰਟ ਸਵੈਇੱਛਾ ਦੇ ਖ਼ਿਲਾਫ ਨਹੀਂ ਜਾਵੇਗਾ।