India

PM ਮੋਦੀ ਤੱਕ ਪਹੁੰਚਿਆ ਦਿੱਲੀ ਜਲ ਸੰਕਟ ਦਾ ਮੁੱਦਾ, ਦਿੱਲੀ ਦੇ ਮੰਤਰੀਆਂ ਨੇ ਲਿਖਿਆ ਪੱਤਰ

 ਦਿੱਲੀ ਵਿਚ ਪਾਣੀ ਦਾ ਸੰਕਟ ਦਿਨੋ-ਦਿਨ ਗੰਭੀਰ ਹੁੰਦਾ ਜਾ ਰਿਹਾ ਹੈ, ਇਹ ਮੁੱਦਾ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫ਼ਤਰ ਪਹੁੰਚ ਗਿਆ ਹੈ। ਦਿੱਲੀ ਦੇ ਮੰਤਰੀਆਂ ਨੇ ਰਾਸ਼ਟਰੀ ਰਾਜਧਾਨੀ ‘ਚ ਪਾਣੀ ਦੇ ਸੰਕਟ ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖਿਆ ਹੈ। ਇਸ ਵਿੱਚ ਉਨ੍ਹਾਂ ਕਿਹਾ ਕਿ ਅਸੀਂ ਤੁਹਾਨੂੰ ਇਸ ਸਮੱਸਿਆ ਨੂੰ ਪਹਿਲ ਦੇਣ ਅਤੇ ਇਸ ਸੰਕਟ ਦਾ ਜਲਦੀ ਤੋਂ ਜਲਦੀ ਹੱਲ ਕੱਢਣ ਦੀ ਬੇਨਤੀ ਕਰਦੇ ਹਾਂ। ਤਾਂ ਜੋ ਦਿੱਲੀ ਤੋਂ ਪਾਣੀ ਦਾ ਸੰਕਟ ਹੱਲ ਕੀਤਾ ਜਾ ਸਕੇ।

ਗੋਪਾਲ ਰਾਏ, ਸੌਰਭ ਭਾਰਦਵਾਜ, ਕੈਲਾਸ਼ ਗਹਿਲੋਤ ਅਤੇ ਇਮਰਾਨ ਹੁਸੈਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪਹਿਲ ਦੇ ਆਧਾਰ ‘ਤੇ ਹਰਿਆਣਾ ਤੋਂ ਦਿੱਲੀ ਦੇ ਹਿੱਸੇ ਦਾ 100 ਐਮਜੀਡੀ ਪਾਣੀ ਦਿਵਾਉਣ ਦੀ ਅਪੀਲ ਕੀਤੀ ਹੈ।

‘ਆਪ’ ਸਰਕਾਰ ਦੇ ਮੰਤਰੀਆਂ ਨੇ ਪੱਤਰ ‘ਚ ਲਿਖਿਆ ਕਿ ‘ਇਸ ਸਾਲ ਸਖ਼ਤ ਗਰਮੀ ਕਾਰਨ ਦਿੱਲੀ ‘ਚ ਪਾਣੀ ਦਾ ਵੱਡਾ ਸੰਕਟ ਪੈਦਾ ਹੋ ਗਿਆ ਹੈ। ਦਿੱਲੀ ਵਿਚ ਪਿਛਲੇ ਇੱਕ ਦਹਾਕੇ ਵਿਚ ਵੀ ਅਜਿਹੀ ਗਰਮੀ ਨਹੀਂ ਪਈ, ਜਿਸ ਕਾਰਨ ਦਿੱਲੀ ਦੇ ਲੋਕ ਪਾਣੀ ਦੀ ਇੱਕ-ਇੱਕ ਬੂੰਦ ਨੂੰ ਤਰਸ ਰਹੇ ਹਨ। ਇਸ ਤਪਦੀ ਗਰਮੀ ਵਿਚ ਦਿੱਲੀ ਵਾਸੀਆਂ ਦੀ ਪਾਣੀ ਦੀ ਲੋੜ ਵੀ ਵੱਧ ਗਈ ਹੈ। ਅਜਿਹੇ ਸਮੇਂ ਦਿੱਲੀ ਨੂੰ ਵਾਧੂ ਪਾਣੀ ਦੀ ਲੋੜ ਹੈ।

ਦਿੱਲੀ ਪਾਣੀ ਲਈ ਪੂਰੀ ਤਰ੍ਹਾਂ ਹਰਿਆਣਾ ਅਤੇ ਉੱਤਰ ਪ੍ਰਦੇਸ਼ ‘ਤੇ ਨਿਰਭਰ ਹੈ। ਮੰਦਭਾਗੀ ਗੱਲ ਇਹ ਹੈ ਕਿ ਦਿੱਲੀ ਵਾਸੀਆਂ ਨੂੰ ਵੱਡੀ ਮਾਤਰਾ ‘ਚ ਪਾਣੀ ਮਿਲਣਾ ਤਾਂ ਦੂਰ, ਹਰਿਆਣਾ ਤੋਂ ਸਾਨੂੰ ਆਪਣਾ ਅਲਾਟ ਹੋਇਆ ਪਾਣੀ ਵੀ ਨਹੀਂ ਮਿਲ ਰਿਹਾ। ਮੰਤਰੀਆਂ ਨੇ ਪੱਤਰ ਵਿਚ ਕਿਹਾ ਹੈ ਕਿ “ਦਿੱਲੀ ਵਿਚ ਕੁੱਲ ਪਾਣੀ ਦੀ ਸਪਲਾਈ 1005 ਐਮ.ਜੀ.ਡੀ. ਹੈ। ਇਸ ਦਾ ਵੱਡਾ ਹਿੱਸਾ 613 ਐਮਜੀਡੀ ਪਾਣੀ ਹਰਿਆਣਾ ਤੋਂ ਆਉਂਦਾ ਹੈ। ਪਿਛਲੇ ਕਈ ਹਫ਼ਤਿਆਂ ਤੋਂ ਹਰਿਆਣਾ ਤੋਂ ਆ ਰਹੇ ਪਾਣੀ ਵਿਚ ਕਮੀ ਆਈ ਹੈ। ਕਈ ਦਿਨਾਂ ਤੋਂ, ਦਿੱਲੀ ਨੂੰ 100 ਐਮਜੀਡੀ ਪਾਣੀ ਘੱਟ ਮਿਲ ਰਿਹਾ ਹੈ, ਦਿੱਲੀ ਵਿੱਚ, 1 ਐਮਜੀਡੀ ਪਾਣੀ ਇੱਕ ਦਿਨ ਵਿੱਚ ਲਗਭਗ 28,500 ਲੋਕਾਂ ਦੀ ਜ਼ਰੂਰਤ ਪੂਰੀ ਕਰਦਾ ਹੈ।