ਚੰਡੀਗੜ੍ਹ : ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ। 29 ਮਈ ਦੀ ਸ਼ਾਮ ਨੂੰ ਹੀ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਛੇ ਸ਼ੂਟਰਾਂ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਗੈਂਗਸਟਰ ਲਾਰੈਂਸ ਦੇ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਨੇ ਇਸ ਸਾਰੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਸੀ। ਜਿਸ ‘ਚ ਲਾਰੇਂਸ ਦੇ ਭਰਾ ਅਨਮੋਲ ਅਤੇ ਭਤੀਜੇ ਸਚਿਨ ਥਾਪਨ ਵੀ ਸ਼ਾਮਲ ਸਨ।
ਪੁਲਿਸ ਨੇ ਇਸ ਮਾਮਲੇ ਵਿੱਚ 35 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ। ਇਨ੍ਹਾਂ ‘ਚੋਂ 4 ਦੀ ਮੌਤ ਹੋ ਚੁੱਕੀ ਹੈ। 4 ਮੁਲਜ਼ਮ ਵਿਦੇਸ਼ ਬੈਠੇ ਹਨ। ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਪੂਰੀ ਕਰ ਲਈ ਗਈ ਹੈ। ਅਦਾਲਤ ਵਿੱਚ 1850 ਪੰਨਿਆਂ ਦਾ ਚਲਾਨ ਪੇਸ਼ ਕੀਤਾ ਗਿਆ ਹੈ। ਹਾਲਾਂਕਿ ਮੂਸੇਵਾਲਾ ਦਾ ਪਰਿਵਾਰ ਇਸ ਤੋਂ ਨਾਖੁਸ਼ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾੜੇ ਦੇ ਕਾਤਲ ਹੀ ਫੜੇ ਗਏ। ਜਿਨ੍ਹਾਂ ਦੀ ਮੂਸੇਵਾਲਾ ਨਾਲ ਦੁਸ਼ਮਣੀ ਸੀ, ਜਿਨ੍ਹਾਂ ਨੇ ਸਾਰੀ ਸਾਜ਼ਿਸ਼ ਰਚੀ, ਉਹ ਚਿਹਰੇ ਅਜੇ ਤੱਕ ਫੜੇ ਨਹੀਂ ਗਏ।
ਮਾਨਸਾ ਦੇ ਐਸਪੀ ਡਿਟੈਕਟਿਵ ਬਾਲ ਕ੍ਰਿਸ਼ਨ ਸਿੰਗਲਾ ਨੇ ਦੱਸਿਆ- ਇਸ ਮਾਮਲੇ ਵਿੱਚ ਸਰਕਾਰ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (SIT) ਨੇ ਆਪਣਾ ਕੰਮ ਕਰ ਦਿੱਤਾ ਹੈ। ਦੋ ਚਲਾਨ ਪੇਸ਼ ਕੀਤੇ ਗਏ ਹਨ। 27 ਖ਼ਿਲਾਫ਼ ਕੇਸ ਅਦਾਲਤ ਵਿੱਚ ਪਹੁੰਚ ਗਿਆ ਹੈ। ਪੁਲਿਸ ਆਪਣਾ ਕੰਮ ਕਰ ਰਹੀ ਹੈ। ਸਤਿੰਦਰ ਸਿੰਘ ਉਰਫ ਗੋਲਡੀ ਬਰਾੜ, ਸਚਿਨ ਥਾਪਨ, ਅਨਮੋਲ ਅਤੇ ਲਿਪਿਨ ਨਹਿਰਾ ਵਿਦੇਸ਼ਾਂ ਵਿਚ ਹਨ, ਜਿਨ੍ਹਾਂ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਨੂੰ ਇੱਥੇ ਲਿਆਉਣ ਤੋਂ ਬਾਅਦ ਅਦਾਲਤ ਵਿੱਚ ਉਨ੍ਹਾਂ ਖ਼ਿਲਾਫ਼ ਚਲਾਨ ਵੀ ਪੇਸ਼ ਕੀਤਾ ਜਾਵੇਗਾ।
ਮੂਸੇਵਾਲਾ ਦੇ ਕਤਲ ਵਿੱਚ ਛੇ ਸ਼ੂਟਰ ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ, ਕਸ਼ਿਸ਼, ਦੀਪਕ ਮੁੰਡੀ, ਮਨਪ੍ਰੀਤ ਮੰਨੂ ਅਤੇ ਜਗਰੂਪ ਸਿੰਘ ਰੂਪਾ ਸ਼ਾਮਲ ਸਨ। ਪੁਲਿਸ ਨੇ ਫੌਜੀ, ਸਰਸਾ, ਕਸ਼ਿਸ਼ ਅਤੇ ਮੁੰਡੀ ਨੂੰ ਫੜਿਆ ਹੋਇਆ ਹੈ। ਮੰਨੂ ਅਤੇ ਰੂਪਾ ਦਾ ਅਟਾਰੀ ਬਾਰਡਰ ਨੇੜੇ ਮੁਕਾਬਲਾ ਦੌਰਾਨ ਮਾਰੇ ਗਏ ਸਨ।