ਨਵੀਂ ਦਿੱਲੀ-ਰਾਜਧਾਨੀ ਵਿਚ ਇਜ਼ਰਾਇਲੀ ਸਫ਼ਾਰਤਖ਼ਾਨੇ ਨੇੜੇ ਸ਼ਾਮ ਵੇਲੇ ਧਮਾਕਾ ਹੋਇਆ। ਇਸ ਦੌਰਾਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਾਅ ਰਿਹਾ। ਇਹਤਿਆਤ ਵਜੋਂ ਇਜ਼ਰਾਇਲੀ ਸਫ਼ਾਰਤਖ਼ਾਨੇ ਨੇੜੇ ਸੁਰੱਖਿਆ ਵਧਾ ਦਿੱਤੀ ਗਈ ਹੈ। ਉੱਧਰ ਪੁਲਿਸ ਨੂੰ ਅਜੇ ਤੱਕ ਕੋਈ ਵਿਸਫੋਟਕ ਨਹੀਂ ਮਿਲਿਆ। ਅਧਿਕਾਰੀਆਂ ਨੇ ਕਿਹਾ ਕਿ ਤਲਾਸ਼ੀ ਮੁਹਿੰਮ ਜਾਰੀ ਹੈ ਤੇ ਸਫ਼ਾਰਤਖਾਨੇ ਦਾ ਸਾਰਾ ਸਟਾਫ਼ ਸੁਰੱਖਿਅਤ ਹੈ।
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮੌਕੇ ਤੋਂ ਲਏ ਨਮੂਨੇ ਜਾਂਚ ਲਈ ਐਫਐਸਐਲ ਵਿੱਚ ਭੇਜ ਦਿੱਤੇ ਹਨ। ਐਨਆਈਏ ਵੀ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੌਰਾਨ ਇਜ਼ਰਾਇਲੀ ਰਾਜਦੂਤ ਨੂੰ ਸੰਬੋਧਿਤ ਇੱਕ ਪੱਤਰ ਵੀ ਬਰਾਮਦ ਕੀਤਾ ਗਿਆ ਹੈ।
ਬਰਾਮਦ ਪੱਤਰ ਵਿੱਚ ਇਜ਼ਰਾਈਲ ਨੂੰ ਲੈ ਕੇ ਕਾਫੀ ਗੁੱਸਾ ਜ਼ਾਹਰ ਕੀਤਾ ਗਿਆ ਹੈ। ਚਿੱਠੀ ‘ਚ ਲਿਖਿਆ ਗਿਆ ਹੈ ਕਿ ‘ਜੇਹਾਦ ਜਾਰੀ ਰਹੇਗਾ’, ਇਸ ਤੋਂ ਇਲਾਵਾ ‘ਅੱਲ੍ਹਾ ਹੂ ਅਕਬਰ’ ਨਾਲ ਇਕ ਗਰੁੱਪ ਦਾ ਜ਼ਿਕਰ ਵੀ ਕੀਤਾ ਗਿਆ ਹੈ। ਪੱਤਰ ਤੋਂ ਸਪੱਸ਼ਟ ਹੈ ਕਿ ਇਹ ਧਮਾਕਾ ਇਜ਼ਰਾਈਲ ਵੱਲੋਂ ਹਮਾਸ ‘ਤੇ ਸ਼ਿਕੰਜਾ ਕੱਸਣ ਦੇ ਗੁੱਸੇ ‘ਚ ਕੀਤਾ ਗਿਆ ਸੀ, ਜਿਸ ‘ਚ ਕਰੀਬ 21,000 ਲੋਕ ਮਾਰੇ ਗਏ ਹਨ ਅਤੇ 55,000 ਦੇ ਕਰੀਬ ਜ਼ਖਮੀ ਹੋ ਗਏ ਹਨ।
7 ਅਕਤੂਬਰ ਨੂੰ ਅੱਤਵਾਦੀ ਸਮੂਹ ਇਜ਼ਰਾਈਲ ‘ਤੇ ਹਮਲੇ ਤੋਂ ਬਾਅਦ ਯੁੱਧ ਸ਼ੁਰੂ ਹੋਇਆ ਸੀ, ਜਿਸ ਤੋਂ ਬਾਅਦ ਇਜ਼ਰਾਈਲ ਨੇ ਹਮਾਸ ਨੂੰ ਤਬਾਹ ਕਰਨ ਦੀ ਸਹੁੰ ਖਾਧੀ ਸੀ। ਪੱਤਰ ਨੂੰ ਜਾਂਚ ਲਈ ਫੋਰੈਂਸਿਕ ਮਾਹਿਰਾਂ ਨੂੰ ਭੇਜਿਆ ਗਿਆ ਹੈ।
ਦਿੱਲੀ ਫਾਇਰ ਸਰਵਿਸ ਡਿਪਾਰਟਮੈਂਟ ਦੇ ਅਧਿਕਾਰੀਆਂ ਮੁਤਾਬਕ ਧਮਾਕੇ ਦੀ ਸੂਚਨਾ ਦੇਣ ਵਾਲੀ ਕਾਲ ਸ਼ਾਮ 5.45 ਵਜੇ ਆਈ ਅਤੇ ਇਸ ਨੂੰ ਦਿੱਲੀ ਪੁਲਿਸ ਦੇ ਪੀਸੀਆਰ (ਪੁਲਿਸ ਕੰਟਰੋਲ ਰੂਮ) ਰਾਹੀਂ ਟਰਾਂਸਫਰ ਕੀਤਾ ਗਿਆ। ਫਾਇਰ ਬ੍ਰਿਗੇਡ ਨੇ ਤੁਰੰਤ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੂੰ ਮੌਕੇ ‘ਤੇ ਭੇਜਿਆ।
ਮੌਕੇ ‘ਤੇ ਮੌਜੂਦ ਅਧਿਕਾਰੀਆਂ ਨੇ ਦੱਸਿਆ ਕਿ ਕਿਸੇ ਦੇ ਜ਼ਖ਼ਮੀ ਹੋਣ ਜਾਂ ਜਾਇਦਾਦ ਨੂੰ ਨੁਕਸਾਨ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਉਨ੍ਹਾਂ ਕਿਹਾ ਕਿ ਧਮਾਕੇ ਤੋਂ ਬਾਅਦ ਰਾਸ਼ਟਰੀ ਰਾਜਧਾਨੀ ‘ਚ ਵੀ ਹਾਈ ਅਲਰਟ ਐਲਾਨ ਕਰ ਦਿੱਤਾ ਗਿਆ ਹੈ।
ਇਹ ਘਟਨਾ ਗਣਤੰਤਰ ਦਿਵਸ ਸਮਾਰੋਹ ਦੇ ਹਫ਼ਤੇ ਦੌਰਾਨ ਇਜ਼ਰਾਈਲੀ ਦੂਤਘਰ ਦੇ ਆਲ਼ੇ-ਦੁਆਲੇ ਹੋਏ ਧਮਾਕੇ ਦੇ ਕਰੀਬ ਤਿੰਨ ਸਾਲ ਬਾਅਦ ਵਾਪਰੀ ਹੈ, ਜਿਸ ਕਾਰਨ ਏਪੀਜੇ ਅਬਦੁਲ ਕਲਾਮ ਰੋਡ ‘ਤੇ ਸਥਿਤ ਦੂਤਾਵਾਸ ਦੇ ਆਲੇ-ਦੁਆਲੇ ਸੁਰੱਖਿਆ ਨੂੰ ਕਾਫ਼ੀ ਵਧਾ ਦਿੱਤਾ ਗਿਆ ਹੈ। ਜਨਵਰੀ 2021 ਵਿੱਚ ਵੀ ਇਜ਼ਰਾਇਲੀ ਸਫ਼ਾਰਤਖ਼ਾਨੇ ਨੇੜੇ ਘੱਟ ਸ਼ਿੱਦਤ ਵਾਲੇ ਧਮਾਕਾ ਹੋਇਆ ਸੀ, ਜਿਸ ਵਿਚ ਕਈ ਕਾਰਾਂ ਨੁਕਸਾਨੀਆਂ ਗਈਆਂ ਸਨ।