ਜਲੰਧਰ ‘ਚ ਸ਼ਰਾਬ ਦੇ ਨਸ਼ੇ ‘ਚ ਧੁੱਤ DSP ਨੇ ਗੋਲੀਆਂ ਚਲਾ ਦਿੱਤੀਆਂ। ਦੋਸ਼ ਹੈ ਕਿ ਡੀਐਸਪੀ ਨੇ ਦੋ ਗੋਲੀਆਂ ਹਵਾ ਵਿੱਚ ਚਲਾਈਆਂ ਅਤੇ ਦੋ ਗੋਲੀਆਂ ਸਿੱਧੀਆਂ ਚਲਾਈਆਂ। ਗੋਲੀ ਚਲਾਉਣ ਵਾਲਾ ਡੀਐਸਪੀ ਇਸ ਸਮੇਂ ਜਲੰਧਰ ਪੀਏਪੀ ਵਿੱਚ ਤਾਇਨਾਤ ਹੈ। ਕਾਰ ਪਾਰਕਿੰਗ ਨੂੰ ਲੈ ਕੇ ਡੀਐਸਪੀ ਦਾ ਇੱਕ ਨੌਜਵਾਨ ਨਾਲ ਝਗੜਾ ਹੋ ਗਿਆ।
ਇਸ ਤੋਂ ਨਾਰਾਜ਼ ਹੋ ਕੇ ਡੀਐਸਪੀ ਨੇ ਗੋਲੀਆਂ ਚਲਾ ਦਿੱਤੀਆਂ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਮਕਸੂਦਾ ਦੀ ਚੌਕੀ ਮੰਡ ਦੀ ਪੁਲਸ ਸ਼ਨੀਵਾਰ ਦੇਰ ਰਾਤ ਘਟਨਾ ਵਾਲੀ ਥਾਂ ‘ਤੇ ਜਾਂਚ ਲਈ ਪਹੁੰਚੀ। ਦੇਰ ਰਾਤ ਉਕਤ ਡੀਐਸਪੀ ਨੂੰ ,ਡੀਐਸਪੀ ਕਰਤਾਰਪੁਰ ਬਲਬੀਰ ਸਿੰਘ ਦੀ ਨਿਗਰਾਨੀ ਹੇਠ ਹਿਰਾਸਤ ਵਿੱਚ ਲੈ ਲਿਆ ਗਿਆ। ਹਾਲਾਂਕਿ ਕਿਸੇ ਪੁਲਿਸ ਅਧਿਕਾਰੀ ਨੇ ਉਸਦੀ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ ਹੈ।
ਗੁਰਜੋਤ ਸਿੰਘ ਵਾਸੀ ਪਿੰਡ ਬਸਤੀ ਇਬਰਾਹੀਮ ਖਾਂ, ਮੰਡ, ਮਕਸੂਦਾ ਨੇ ਦੱਸਿਆ ਕਿ ਪੀਏਪੀ ਵਿੱਚ ਤਾਇਨਾਤ ਡੀਐਸਪੀ ਦਲਬੀਰ ਸਿੰਘ ਸ਼ਨੀਵਾਰ ਦੇਰ ਰਾਤ ਸਰਪੰਚ ਭੁਪਿੰਦਰ ਸਿੰਘ ਗਿੱਲ ਕੋਲ ਆਏ ਸਨ। ਦੋਵਾਂ ਨੇ ਪਿੰਡ ਦੀ ਇੱਕ ਪਾਰਕਿੰਗ ਦੇ ਗੇਟ ਦੇ ਬਾਹਰ ਆਪਣੀ ਕਾਰ ਖੜ੍ਹੀ ਕਰਕੇ ਸ਼ਰਾਬ ਪੀ ਰਹੇ ਸੀ।
ਇਸ ਦੌਰਾਨ ਨੌਜਵਾਨ ਆਪਣੀ ਕਾਰ ਪਾਰਕ ਕਰਨ ਲਈ ਉਕਤ ਪਾਰਕਿੰਗ ਵਿੱਚ ਗਿਆ। ਜਦੋਂ ਉਸ ਨੇ ਕਾਰ ਸਾਈਡ ’ਤੇ ਕਰਨ ਲਈ ਕਿਹਾ ਤਾਂ ਡੀਐਸਪੀ ਔਖਾ ਹੋ ਗਿਆ।
ਇਸ ’ਤੇ ਡੀਐਸਪੀ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ। ਵਿਰੋਧ ਕਰਨ ‘ਤੇ ਉਕਤ ਡੀਐਸਪੀ ਨੇ ਆਪਣਾ ਲਾਇਸੰਸੀ ਹਥਿਆਰ ਕੱਢ ਲਿਆ। ਡੀਐਸਪੀ ਨੇ ਪੀੜਤ ‘ਤੇ ਦੋ ਵਾਰ ਸਿੱਧੀ ਫਾਇਰਿੰਗ ਕੀਤੀ ਪਰ ਉਹ ਕਿਸੇ ਤਰ੍ਹਾਂ ਬਚ ਗਿਆ। ਪੀੜਤ ਗੁਰਜੋਤ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਜਲੰਧਰ ਵਿੱਚ ਡੀਡ ਰਾਈਟਰ ਦਾ ਕੰਮ ਕਰਦਾ ਹੈ।
ਫਾਇਰਿੰਗ ਕਾਰਨ ਪੂਰੇ ਪਿੰਡ ਵਿੱਚ ਹਫੜਾ-ਦਫੜੀ ਮੱਚ ਗਈ। ਘਟਨਾ ਵਾਲੀ ਥਾਂ ‘ਤੇ ਵੱਡੀ ਗਿਣਤੀ ‘ਚ ਪਿੰਡ ਵਾਸੀ ਇਕੱਠੇ ਹੋ ਗਏ। ਇਸ ਦੌਰਾਨ ਮੌਕੇ ‘ਤੇ ਕਈ ਵੀਡੀਓ ਵੀ ਬਣਾਈਆਂ। ਵੀਡੀਓ ‘ਚ ਸਾਫ ਦਿਖਾਈ ਦੇ ਰਿਹਾ ਸੀ ਕਿ ਉਕਤ ਡੀਐਸਪੀ ਆਪਣਾ ਹਥਿਆਰ ਕੱਢ ਕੇ ਫਾਇਰ ਕਰਨ ਲਈ ਅੱਗੇ ਵਧ ਰਿਹਾ ਹੈ। ਦੇਰ ਰਾਤ ਪੁਲਿਸ ਨੇ ਆਰਮ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਘਟਨਾ ਤੋਂ ਬਾਅਦ ਪਿੰਡ ਦਾ ਸਰਪੰਚ ਮੌਕੇ ਤੋਂ ਫਰਾਰ ਹੋ ਗਿਆ ਕਿਉਂਕਿ ਫਾਇਰਿੰਗ ਦਾ ਪਤਾ ਲੱਗਦਿਆਂ ਹੀ ਪਿੰਡ ਵਾਸੀ ਕਾਫੀ ਗੁੱਸੇ ਵਿੱਚ ਸਨ। ਵਾਰਦਾਤ ਵਾਲੀ ਥਾਂ ‘ਤੇ ਲੋਕਾਂ ਨੇ ਡੀਐਸਪੀ ਦੀ ਲਾਲ ਬੱਤੀ ਵਾਲੀ ਗੱਡੀ ਨੂੰ ਘੇਰ ਲਿਆ, ਜਿਸ ‘ਤੇ ਪੁਲਿਸ ਤੇ ਵੀਆਈਪੀ ਦੇ ਸਟਿੱਕਰ ਲੱਗੇ ਹੋਏ ਸਨ। ਗੁਰਜੋਤ ਨੇ ਦੱਸਿਆ ਕਿ ਫਾਇਰਿੰਗ ਤੋਂ ਬਾਅਦ ਉਸ ਨੂੰ ਵਾਰਦਾਤ ਵਾਲੀ ਥਾਂ ਤੋਂ ਦੋ ਖੋਲ੍ਹ ਮਿਲੇ ਜਿਸ ਨੂੰ ਉਸ ਨੇ ਪੁਲਿਸ ਹਵਾਲੇ ਕਰ ਦਿੱਤਾ ਹੈ
ਮੌਕੇ ‘ਤੇ ਮੌਜੂਦ ਲੋਕਾਂ ਨੇ ਹਥਿਆਰ ਲੈ ਕੇ ਡੀਐਸਪੀ ਦੀ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ। ਜਿਸ ਤੋਂ ਬਾਅਦ ਜਦੋਂ ਡੀਐਸਪੀ ਦੀ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਇੱਕ ਸ਼ਰਾਬ ਦੀ ਬੋਤਲ ਵੀ ਬਰਾਮਦ ਹੋਈ। ਹੁਣ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਅਪਰਾਧ ਵਿੱਚ ਵਰਤਿਆ ਗਿਆ ਹਥਿਆਰ ਸਰਵਿਸ ਹਥਿਆਰ ਸੀ ਜਾਂ ਕੁਝ ਹੋਰ। ਅੱਜ ਪੁਲਿਸ ਇਸ ਸਬੰਧੀ ਰਿਪੋਰਟ ਤਿਆਰ ਕਰਕੇ ਪੀਏਪੀ ਅਧਿਕਾਰੀਆਂ ਨੂੰ ਕਾਰਵਾਈ ਲਈ ਭੇਜੇਗੀ। ਜੇਕਰ ਉਕਤ ਰਿਪੋਰਟ ‘ਤੇ ਕਾਰਵਾਈ ਹੁੰਦੀ ਹੈ ਤਾਂ ਡੀਐਸਪੀ ਨੂੰ ਮੁਅੱਤਲ ਕੀਤਾ ਜਾ ਸਕਦਾ ਹੈ।