Punjab

ਕੱਟੀਆਂ ਉਂਗਲਾਂ ਹੱਥ ’ਚ ਫੜ ਕੇ ਬੱਸ ਰਾਹੀਂ ਪੀਜੀਆਈ ਪਹੁੰਚਿਆ ਮਜ਼ਦੂਰ

The injured laborer reached PGI by bus holding the cut fingers in his hand

ਚੰਡੀਗੜ੍ਹ : ਸਿਵਲ ਹਸਪਤਾਲ ਦੇ ਡਾਕਟਰਾਂ ਦੀ ਲਾਪ੍ਰਵਾਹੀ ਦੇ ਮਾਮਲੇ ਵਧਦੇ ਜਾ ਰਹੇ ਹਨ। ਮੰਗਲਵਾਰ ਨੂੰ ਇਕ ਫੈਕਟਰੀ ਵਿੱਚ ਕੰਮ ਦੌਰਾਨ ਮਸ਼ੀਨ ਵਿੱਚ ਆ ਕੇ ਇੱਕ ਮਜ਼ਦੂਰ ਦੀ ਦੋ ਉਂਗਲੀਆਂ ਕੱਟ ਗਈਆਂ। ਹਸਪਤਾਲ ਦੇ ਡਾਕਟਰਾਂ ਵੱਲੋਂ ਜ਼ਖ਼ਮੀ ਮਰੀਜ਼ ਨੂੰ ਪੀਜੀਆਈ ਚੰਡੀਗੜ੍ਹ ਵਿੱਚ ਰੈਫਰ ਕਰ ਦਿੱਤਾ ਪਰ ਕੋਈ ਐਂਬੂਲੈਂਸ ਦਾ ਪ੍ਰਬੰਧ ਨਹੀਂ ਕੀਤਾ ਗਿਆ। ਜ਼ਖ਼ਮੀ ਆਪਣੇ ਇਕ ਸਾਥੀ ਨਾਲ ਦਰਦ ਨਾਲ ਤੜਫਦਾ ਹੋਇਆ ਬੱਸਾਂ ਵਿੱਚ ਧੱਕੇ ਖਾ ਕੇ ਪੀਜੀਆਈ ਚੰਡੀਗੜ੍ਹ ਪਹੁੰਚਿਆ।

ਜਾਣਕਾਰੀ ਅਨੁਸਾਰ ਬਰਵਾਲਾ ਰੋਡ ’ਤੇ ਸਥਿਤ ਇਕ ਫੈਕਟਰੀ ਵਿੱਚ ਬਤੌਰ ਹੈਲਪਰ ਕੰਮ ਕਰਦੇ ਨਿਤੇਸ਼ ਹਾਲ ਵਾਸੀ ਡੇਰਾਬੱਸੀ (ਮੂਲ ਰੂਪ ਵਾਸੀ ਉੱਤਰ ਪ੍ਰਦੇਸ਼) ਦਾ ਹੱਥ ਕੱਲ੍ਹ ਮਸ਼ੀਨ ਵਿੱਚ ਆ ਗਿਆ। ਇਸ ਕਾਰਨ ਉਸਦੇ ਖੱਬੇ ਹੱਥ ਦੀਆਂ ਵਿਚਕਾਰਲੀ ਦੋ ਉਂਗਲਾਂ ਕੱਟ ਗਈਆਂ। ਜ਼ਖ਼ਮੀ ਹਾਲਤ ਵਿੱਚ ਉਹ ਆਪਣੇ ਇਕ ਸਾਥੀ ਨਾਲ ਥ੍ਰੀ-ਵ੍ਹੀਲਰ ਰਾਹੀਂ ਹਸਪਤਾਲ ਪਹੁੰਚਿਆ। ਡਾਕਟਰਾਂ ਨੇ ਵੱਡੀ ਲਾਪ੍ਰਵਾਹੀ ਵਰਤਦੇ ਹੋਏ ਉਸ ਨੂੰ ਚੰਡੀਗੜ੍ਹ ਪੀਜੀਆਈ ਵਿੱਚ ਬਿਨਾਂ ਐਂਬੂਲੈਂਸ ਦਾ ਪ੍ਰਬੰਧ ਕੀਤੇ ਰੈਫਰ ਕਰ ਦਿੱਤਾ।

ਉਹ ਨੂੰ ਬਰਫ਼ ਵਿੱਚ ਲਾ ਕੇ ਕੱਟੀਆਂ ਉਂਗਲਾਂ ਫੜਾ ਦਿੱਤੀਆਂ ਜੋ ਦਰਦ ਨਾਲ ਤੜਫਦਾ ਹੋਇਆ ਬੱਸਾਂ ਵਿੱਚ ਧੱਕੇ ਖਾਂਦਾ ਚੰਡੀਗੜ੍ਹ ਪੀਜੀਆਈ ਪਹੁੰਚਿਆ। ਉਥੇ ਪਹੁੰਚਣ ਮਗਰੋਂ ਡਾਕਟਰਾਂ ਨੇ ਉਸਦਾ ਅਪਰੇਸ਼ਨ ਕਰ ਉਂਗਲੀਆਂ ਨੂੰ ਜੋੜ ਦਿੱਤਾ ਹੈ ਜਿਸਦੀ ਹਾਲਤ ਹੁਣ ਠੀਕ ਦੱਸੀ ਜਾ ਰਹੀ ਹੈ। ਇਸ ਮਾਮਲੇ ਵਿੱਚ ਪਹਿਲੀ ਲਾਪ੍ਰਵਾਹੀ ਫੈਕਟਰੀ ਪ੍ਰਬੰਧਕਾਂ ਵੱਲੋਂ ਜ਼ਖ਼ਮੀ ਲਈ ਕੋਈ ਵਾਹਨ ਦਾ ਪ੍ਰਬੰਧ ਨਾ ਕਰ ਵਰਤੀ ਗਈ।

ਥਾਣਾ ਮੁਖੀ ਸਹਾਇਕ ਇੰਸਪੈਕਟਰ ਜਸਕੰਵਲ ਸਿੰਘ ਨੇ ਦੱਸਿਆ ਕਿ ਅੱਜ ਪੁਲੀਸ ਪਾਰਟੀ ਨੇ ਜ਼ਖ਼ਮੀ ਨਿਤੇਸ਼ ਦਾ ਚੰਡੀਗੜ੍ਹ ਜਾ ਕੇ ਬਿਆਨ ਲਿਆ ਜਿਸਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਇਹ ਹਾਦਸਾ ਉਸਦੀ ਆਪਣੀ ਲਾਪ੍ਰਵਾਹੀ ਨਾਲ ਹੋਇਆ ਹੈ। ਉਸ ਨੇ ਕਿਸੇ ਖ਼ਿਲਾਫ਼ ਵੀ ਕਾਰਵਾਈ ਕਰਵਾਉਣ ਚਾਹੁੰਦਾ। ਸਿਵਲ ਹਸਪਤਾਲ ਦੇ ਐਸ.ਐਮ.ਓ. ਡਾਕਟਰ ਧਰਮਿੰਦਰ ਸਿੰਘ ਨੇ ਕਿਹਾ ਕਿ ਉਹ ਛੁੱਟੀ ’ਤੇ ਹਨ ਜਿਨ੍ਹਾਂ ਨੂੰ ਇਸ ਮਾਮਲੇ ਵਿੱਚ ਕੋਈ ਜਾਣਕਾਰੀ ਨਹੀਂ ਹੈ।

ਸਿਵਲ ਹਸਪਤਾਲ ਦੇ ਡਾਕਟਰਾਂ ਦੀ ਲਾਪ੍ਰਵਾਹੀ ਦਾ ਇਹ ਪਹਿਲਾਂ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੇ ਬਿਮਾਰ ਪੁੱਤਰ ਨੂੰ ਇਕ ਵਿਅਕਤੀ ਆਪ ਰੇਹੜੀ ਚਲਾ ਕੇ ਪੀਜੀਆਈ ਲੈ ਗਿਆ ਸੀ ਜਦਕਿ ਉਸਦੀ ਪਤਨੀ ਪਿੱਛੇ ਗੁਲੂਕੋਜ਼ ਫੜ ਕੇ ਬੈਠੀ ਸੀ। ਇਸ ਮਾਮਲੇ ਨੂੰ ਵੀ ਪੰਜਾਬੀ ਟ੍ਰਿਬਿਊਨ ਵੱਲੋਂ ਪ੍ਰਮੁਖਤਾ ਨਾਲ ਉਜਾਗਰ ਕੀਤਾ ਗਿਆ ਸੀ।