ਰਾਜੌਰੀ ਜ਼ਿਲ੍ਹੇ ’ਚ ਜੰਮੂ-ਪੁੰਛ ਨੈਸ਼ਨਲ ਹਾਈਵੇ ’ਤੇ ਭਾਰਤੀ ਫੌਜ ਨੇ ਐਤਵਾਰ ਨੂੰ ਨਾਰੀਆਂ ਵਿਖੇ ਮਹਾਨ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦੀ 355ਵੀਂ ਜਯੰਤੀ ਨੂੰ ਮਨਾਉਂਦਿਆਂ ਉਨ੍ਹਾਂ ਦੇ ਬੁੱਤ ਦਾ ਉਦਘਾਟਨ ਕੀਤਾ।
25 ਇਨਫੈਂਟਰੀ ਡਿਵੀਜ਼ਨ ਦੇ ਜਨਰਲ ਅਫਸਰ ਕਮਾਂਡਿੰਗ ਮੇਜਰ ਜਨਰਲ ਗੌਰਵ ਰਿਸ਼ੀ ਨੇ ਇਸ ਬੁੱਤ ਦਾ ਉਦਘਾਟਨ ਇਨਫੈਂਟਰੀ ਦਿਵਸ ਦੇ ਮੌਕੇ ’ਤੇ ਕੀਤਾ। ਉਦਘਾਟਨ ਤੋਂ ਬਾਅਦ ਰੱਖਿਆ ਬੁਲਾਰੇ ਨੇ ਕਿਹਾ ਕਿ ਇਸ ਸਥਾਨ ਨੂੰ ‘ਬਾਬਾ ਬੰਦਾ ਸਿੰਘ ਬਹਾਦਰ ਮੋੜ’ ਦੇ ਨਾਂ ਨਾਲ ਜਾਣਿਆ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਬਹਾਦਰ ਇਕ ਮਹਾਨ ਯੋਧੇ ਹੋਣ ਦੇ ਨਾਤੇ ਰਾਜੌਰੀ ਦੇ ਲੋਕਾਂ ਨੂੰ ਪ੍ਰੇਰਿਤ ਕਰਦੇ ਰਹਿਣਗੇ ਅਤੇ ਹਾਈਵੇਅ ’ਤੇ ਚੱਲਣ ਵਾਲੇ ਨਾਗਰਿਕਾਂ ਅਤੇ ਸਥਾਨਕ ਲੋਕਾਂ ਵਿਚ ਮਾਣ ਦੀ ਭਾਵਨਾ ਪੈਦਾ ਕਰਨਗੇ।
27 ਅਕਤੂਬਰ, 1670 ਨੂੰ ਰਾਜੌਰੀ ’ਚ ਰਾਮਦੇਵ ਦੇ ਇਕ ਕਿਸਾਨ ਪਰਵਾਰ ’ਚ ਲਕਸ਼ਮਣ ਦੇਵ ਮਨਹਾਸ ਵਜੋਂ ਜਨਮੇ ਬਹਾਦੁਰ ਨੇ ਪੰਦਰਾਂ ਸਾਲ ਦੀ ਉਮਰ ’ਚ ਇਕ ਤਪੱਸਵੀ ਬਣਨ ਲਈ ਘਰ ਛੱਡ ਦਿਤਾ ਅਤੇ ਮਾਧਵ ਦਾਸ ਬੈਰਾਗੀ ਵਜੋਂ ਜਾਣੇ ਜਾਣ ਲੱਗੇ।
ਉਹ 1708 ’ਚ ਨਾਂਦੇੜ, ਮਹਾਰਾਸ਼ਟਰ ਵਿਖੇ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਨੂੰ ਮਿਲੇ ਸਨ ਜਿਨ੍ਹਾਂ ਨੇ ਉਸ ਦਾ ਨਾਮ ਬੰਦਾ ਸਿੰਘ ਰੱਖਿਆ ਸੀ। ਬਹਾਦੁਰ ਨੇ ਮੁਗਲ ਸ਼ਾਸਕਾਂ ਵਿਰੁਧ ਜੰਗ ਛੇੜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ।