‘ਦ ਖ਼ਾਲਸ ਬਿਊਰੋ : ਚੀਨ ਦੀ ਆਰਥਿਕਤਾ ਪਿਛਲੇ ਸਾਲ ਲਗਭਗ ਅੱਧੀ ਸਦੀ ਵਿੱਚ ਦੂਜੀ ਵਾਰ ਸਭ ਤੋਂ ਘੱਟ ਦਰ ਨਾਲ ਵਧੀ। ਇਹ ਇਸ ਗੱਲ ਦਾ ਸੰਕੇਤ ਹੈ ਕਿ ਦੇਸ਼ ਦੇ ਸਖਤ ਕੋਰੋਨਾਵਾਇਰਸ ਨਿਯਮਾਂ ਨੇ ਕਾਰੋਬਾਰਾਂ ਨੂੰ ਕਿਵੇਂ ਪ੍ਰਭਾਵਤ ਕੀਤਾ ਹੈ।
ਅਧਿਕਾਰਤ ਅੰਕੜਿਆਂ ਮੁਤਾਬਕ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਸਾਲ 2022 ‘ਚ ਤਿੰਨ ਫੀਸਦੀ ਦੀ ਦਰ ਨਾਲ ਵਧੀ। ਇਹ ਚੀਨੀ ਸਰਕਾਰ ਦੁਆਰਾ ਨਿਰਧਾਰਤ 5.5 ਪ੍ਰਤੀਸ਼ਤ ਟੀਚੇ ਤੋਂ ਬਹੁਤ ਘੱਟ ਹੈ। ਹਾਲਾਂਕਿ, ਬਹੁਤ ਸਾਰੇ ਅਰਥਸ਼ਾਸਤਰੀਆਂ ਨੇ ਚੀਨ ਲਈ ਹੋਰ ਵੀ ਘੱਟ ਵਿਕਾਸ ਦਰ ਦੀ ਭਵਿੱਖਬਾਣੀ ਕੀਤੀ ਸੀ।
ਪਿਛਲੇ ਮਹੀਨੇ, ਚੀਨ ਨੇ ਆਪਣੀ ਸਖਤ ਜ਼ੀਰੋ-ਕੋਵਿਡ ਨੀਤੀ ਵਿੱਚ ਨਰਮੀ ਦਿਖਾਈ ਸੀ। ਚੀਨ ਦੀ ਇਸ ਨੀਤੀ ਦਾ ਦੇਸ਼ ਵਿਚ ਆਰਥਿਕ ਗਤੀਵਿਧੀਆਂ ‘ਤੇ ਵੱਡਾ ਅਸਰ ਪਿਆ, ਪਰ ਕੋਵਿਡ ਨਿਯਮਾਂ ਵਿਚ ਅਚਾਨਕ ਢਿੱਲ ਦਿੱਤੇ ਜਾਣ ਕਾਰਨ ਕੋਰੋਨਾ ਦੇ ਮਾਮਲੇ ਵੀ ਵਧ ਗਏ। ਇਸ ਕਾਰਨ 2023 ਦੇ ਸ਼ੁਰੂਆਤੀ ਮਹੀਨਿਆਂ ‘ਚ ਵਿਕਾਸ ਦਰ ‘ਤੇ ਖਤਰਾ ਵੀ ਵਧ ਗਿਆ ਹੈ।
ਪਿਛਲੇ ਸਾਲ ਚੀਨ ਦੀ ਆਰਥਿਕ ਵਿਕਾਸ ਦਰ 1976 ਤੋਂ ਬਾਅਦ ਸਭ ਤੋਂ ਕਮਜ਼ੋਰ ਸੀ। ਅਰਥਸ਼ਾਸਤਰੀਆਂ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਗਲੋਬਲ ਆਰਥਿਕਤਾ ਦੀ ਸਥਿਤੀ ਬਾਰੇ ਚੇਤਾਵਨੀ ਦਿੱਤੀ ਹੈ। ਪਿਛਲੇ ਹਫ਼ਤੇ, ਵਿਸ਼ਵ ਬੈਂਕ ਨੇ ਕਿਹਾ ਸੀ ਕਿ ਵਿਸ਼ਵ ਅਰਥਵਿਵਸਥਾ “ਚਿੰਤਾਜਨਕ ਤੌਰ ‘ਤੇ ਮੰਦੀ ਵੱਲ ਵਧ ਰਹੀ ਹੈ”। ਇਸ ਪਿੱਛੇ ਯੂਕਰੇਨ ‘ਚ ਰੂਸ ਦੀ ਜੰਗ ਅਤੇ ਕੋਰੋਨਾ ਮਹਾਮਾਰੀ ਦੇ ਪ੍ਰਭਾਵ ਦੇ ਨਾਲ-ਨਾਲ ਕਈ ਹੋਰ ਕਾਰਨਾਂ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ।