‘ਦ ਖ਼ਾਲਸ ਬਿਊਰੋ :- ਮੋਗਾ ਦੀ ਮੰਡੀ ਵਿੱਚ ਕੇਂਦਰ ਸਰਕਾਰ ਦੀ ਦਿਸ਼ਾ ਨਿਰਦੇਸ਼ਾ ਮੁਤਾਬਿਕ 26 ਸਤੰਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਕਰ ਦਿੱਤੀ ਗਈ ਸੀ। ਮੰਡੀ ਵਿੱਚ ਕਿਸਾਨ ਫਸਲ ਵੇਚਣ ਆ ਰਹੇ ਹਨ, ਪਰ ਇੱਥੇ ਆਏ ਕਿਸਾਨਾਂ ਦੇ ਨਾਲ–ਨਾਲ ਆੜ੍ਹਤੀਏ ਵੀ ਪ੍ਰੇਸ਼ਾਨ ਹੋ ਰਹੇ ਹਨ। ਜੇਕਰ ਅਸੀਂ ਮੋਗਾ ਮੰਡੀ ਦੀ ਗੱਲ ਕਰੀਏ ਤਾਂ ਮੰਡੀ ‘ਚ ਕਿਸਾਨ ਝੋਨਾ ਲੈ ਕੇ ਆਉਣੇ ਸ਼ੁਰੂ ਹੋ ਗਏ ਹਨ, ਪਰ ਇੱਥੇ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਕਿਸਾਨਾਂ ਦੀ ਫਸਲ ਦੀ ਬੋਲੀ ਨਹੀਂ ਲੱਗਦੀ ਅਤੇ ਨਾ ਹੀ ਕੋਈ ਸਰਕਾਰੀ ਅਧਿਕਾਰੀ ਇੱਥੇ ਆਉਂਦਾ ਹੈ।
ਮੋਗਾ ਮੰਡੀ ਵਿੱਚ ਸਰਕਾਰ ਵੱਲੋਂ ਇੰਤਜ਼ਾਮ ਤਾਂ ਕੀਤੇ ਗਏ ਹਨ, ਪਰ ਮੰਡੀ ਵਿੱਚ ਕਿਸਾਨਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਣਾ ਪੈ ਰਿਹਾ ਹੈ। ਮੋਗਾ ਮੰਡੀ ਦੇ ਆੜ੍ਹਤੀ ਵੀ ਕਿਸਾਨਾਂ ਨਾਲ ਪ੍ਰੇਸ਼ਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਆੜ੍ਹਤੀਆਂ ਦੇ ਪਿਛਲੇ ਸਾਲ ਦੇ ਝੋਨੇ ਦੀ ਫਸਲ ਦੇ ਬਕਾਇਆ 131 ਕਰੋੜ ਰੁਪਏ ਦਾ ਭੁਗਤਾਨ ਅਜੇ ਬਾਕੀ ਹੈ। ਉਨ੍ਹਾਂ ਨੂੰ ਇਸ ਵਾਰ ਵੀ ਪੇਮੈਂਟ ਕਰਕੇ ਪ੍ਰੇਸ਼ਾਨੀ ਹੋ ਰਹੀ ਹੈ।
ਜਦਕਿ ਮੰਡੀ ਵਿੱਚ ਆਏ ਕਿਸਾਨ ਦਾ ਕਹਿਣਾ ਹੈ ਸਵੇਰੇ ਤੋਂ ਅਸੀਂ ਫਸਲ ਲੈ ਕੇ ਆਏ ਹਾਂ। ਮੰਡੀ ਵਿੱਚ ਪਿਛਲੇ ਸਾਲ ਵਰਗਾ ਕੋਈ ਪ੍ਰਬੰਧ ਨਹੀਂ ਹੋਇਆ। ਅਸੀਂ ਫਸਲ ਤਾਂ ਲੈ ਆਏ ਹਾਂ ਪਰ ਸਾਡੇ ਫਸਲ ਕਦੋਂ ਤੱਕ ਵਿਕੇਗੀ, ਇਸ ਦਾ ਕੋਈ ਪਤਾ ਨਹੀਂ। ਸਰਕਾਰੀ ਏਜੰਸੀ ਆ ਨਹੀਂ ਰਹੀ ਤੇ ਪ੍ਰਾਈਵੇਟ ਏਜੰਸੀ ਘੱਟ ਬੋਲੀ ਲਾ ਕੇ ਫਸਲ ਖਰੀਦ ਰਹੀ ਹੈ।
ਜੇਕਰ ਅਸੀ ਪੇਮੈਂਟ ਦੀ ਗੱਲ ਕਰੇ ਤਾਂ ਆੜ੍ਹਤੀਆਂ ਦਾ ਕਹਿਣਾ ਹੈ ਹੁਣ ਤੱਕ ਸਰਕਾਰ ਨੇ ਪੇਮੈਂਟ ਦੀ ਕੋਈ ਗੱਲਬਾਤ ਨਹੀਂ ਕੀਤੀ। ਸਾਡੇ ਬਹੁਤ ਸਾਰੇ ਕਿਸਾਨਾਂ ਦੀ ਪੇਮੈਂਟ ਦੇਣੀ ਬਾਕੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਨਾ ਤਾਂ ਪਾਣੀ ਦਾ ਪ੍ਰਬੰਧ ਕੀਤਾ ਗਿਆ ਤੇ ਨਾ ਕੋਈ ਪੱਖੇ ਤੇ ਸਫਾਈ ਦੀ ਵਿਵਸਥਾ ਕੀਤੀ ਗਈ। ਉਨ੍ਹਾਂ ਅੱਗੇ ਕਿਹਾ ਕਿ 3-4 ਏਜੰਸੀਆਂ ਬੋਲੀ ਲਾ ਕੇ ਗਈਆਂ ਹਨ, ਪਰ ਮੋਗਾ ਮੰਡੀ ਵਿੱਚ ਝੋਨਾ ਆਉਣ ‘ਚ ਥੋੜ੍ਹਾ ਟਾਈਮ ਲੱਗੇਗਾ।