‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੰਤਰਰਾਸ਼ਟਰੀ ਮੁਦਰਾ ਫੰਡ ਨੇ ਪਾਕਿਸਤਾਨ ਨੂੰ 500 ਮਿਲੀਅਨ ਡਾਲਰ (50 ਕਰੋੜ ਡਾਲਰ) ਦਾ ਕਰਜ਼ਾ ਦਿੱਤਾ ਹੈ।ਆਈਐੱਮਐੱਫ ਦੇ ਕਾਰਜਕਾਰੀ ਬੋਰਡ ਨੇ ਇਹ ਫੈਸਲਾ ਪਾਕਿਸਤਾਨ ਦੇ ਛੇ ਅਰਬ ਡਾਲਰ ਦੇ ਕਰਜ਼ਾ ਪ੍ਰੋਗਰਾਮ ਦੀ ਸਮੀਖਿਆ ਕਰਨ ਤੋਂ ਬਾਅਦ ਲਿਆ ਹੈ। ਹਾਲਾਂਕਿ, ਇਹ ਸਮੀਖਿਆ ਆਪਣੇ ਤੈਅ ਸਮੇਂ ਤੋਂ ਕਾਫੀ ਸਮੇਂ ਬਾਅਦ ਹੋਈ ਹੈ। ਇਸ ਲੋਨ ਪ੍ਰੋਗਰਾਮ ਨੂੰ ਜੁਲਾਈ 2019 ਵਿੱਚ ਮਨਜ਼ੂਰੀ ਦਿੱਤੀ ਗਈ ਸੀ।
ਆਈਐੱਮਐੱਫ ਨੇ ਕਿਹਾ ਕਿ, “ਪਾਕਿਸਤਾਨੀ ਅਧਿਕਾਰੀਆਂ ਨੇ ਫੰਡ ਸਹਾਇਤਾ ਪ੍ਰੋਗਰਾਮ ਦੇ ਤਹਿਤ ਤਸੱਲੀਬਖਸ਼ ਤਰੱਕੀ ਜਾਰੀ ਰੱਖੀ, ਜੋ ਨੀਤੀਗਤ ਰੂਪ ਵਿੱਚ ਬੇਮਿਸਾਲ ਹੈ। ਅਜਿਹੇ ਸਮੇਂ, ਜਦੋਂ ਕੋਵਿਡ -19 ਨਾਲ ਜੁੜੀਆਂ ਚੁਣੌਤੀਆਂ ਸਾਡੇ ਸਾਹਮਣੇ ਹਨ, ਪਾਕਿਸਤਾਨੀ ਅਧਿਕਾਰੀਆਂ ਦੀਆਂ ਨੀਤੀਆਂ ਅਰਥਚਾਰੇ ਦੀ ਸਹਾਇਤਾ ਕਰਨ ਅਤੇ ਜਾਨਾਂ ਬਚਾਉਣ ਦੇ ਨਾਲ-ਨਾਲ ਰੋਜ਼ੀ-ਰੋਟੀ ਲਈ ਮਹੱਤਵਪੂਰਣ ਰਹੀਆਂ ਹਨ। ”
ਆਈਐੱਮਐੱਫ ਨੇ ਕਿਹਾ ਕਿ ਪਾਕਿਸਤਾਨੀ ਅਧਿਕਾਰੀਆਂ ਨੇ ਸੰਸਥਾਗਤ ਕਮੀਆਂ ਨੂੰ ਦੂਰ ਕਰਨ ਲਈ ਸਖਤ ਸੁਧਾਰਵਾਦੀ ਕਾਰਵਾਈ ਕੀਤੀ, ਜਿਸ ਵਿੱਚ ਅੰਤਰ-ਤਾਲਮੇਲ ਦੀ ਘਾਟ, ਹੋਰ ਮੁਸ਼ਕਲਾਂ ਦਾ ਹੱਲ ਕਰਨਾ ਸ਼ਾਮਲ ਹੈ।