‘ਦ ਖ਼ਾਲਸ ਬਿਊਰੋ : ਪ੍ਰੋ.ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਰਾਹ ’ਚ ਪਾਇਆ ਰੇੜਕਾ ਆਮ ਆਦਮੀ ਪਾਰਟੀ ਨੂੰ ਮਹਿੰਗਾ ਪੈਣ ਲੱਗਾ ਹੈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਕਈ ਸਿੱਖ ਨੌਜਵਾਨ ਜਥੇਬੰਦੀਆਂ ਆਪ ਦੇ ਵਿਰੋਧ ਵਿੱਚ ਆ ਖੜੀਆਂ ਹਨ। ਸਿੱਖ ਨੌਜਵਾਨ ਜਥੇਬੰਦੀਆਂ ਸਿੱਖ ਯੂਥ ਪਾਵਰ ਆਫ ਪੰਜਾਬ ਤੇ ਸਿੱਖ ਯੂਥ ਫੈੱਡਰੇਸ਼ਨ ਭਿੰਡਰਾਂਵਾਲਾ ਨੇ ਐਲਾਨ ਕੀਤਾ ਹੈ ਕਿ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਜਾਵੇਗਾ।
ਵਰਣਯੋਗ ਹੈ ਕਿ ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ, ਜੋ ਕਿ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ,ਦੀ ਰਿਹਾਈ ਬਾਰੇ ਸਾਰੇ ਰਾਹ ਪੱਧਰੇ ਹੋ ਚੁਕੇ ਸਨ ਪਰ ਦਿੱਲੀ ਸਰਕਾਰ ਵੱਲੋਂ ਸਾਲ ਪਹਿਲਾਂ ਹੀ ਪ੍ਰੋ. ਭੁੱਲਰ ਦੀ ਫਾਈਲ ਬੰਦ ਕਰ ਦਿੱਤੀ ਗਈ ਸੀ।ਪਿਛਲੇ ਦਿਨੀਂ ਇਸ ਗੱਲ ਦਾ ਖੁਲਾਸਾ ਹੋਣ ‘ਤੇ ਇਸ ਦਾ ਕਾਫੀ ਵਿਰੋਧ ਹੋ ਰਿਹਾ ਹੈ ਕਿਉਂਕਿ ਸਿੱਖ ਜਥੇਬੰਦੀਆਂ ਬਹੁਤ ਸਮੇਂ ਤੋਂ ਪ੍ਰੋ. ਭੁੱਲਰ ਦੀ ਰਿਹਾਈ ਲਈ ਸੰਘਰਸ਼ ਕਰ ਰਹੀਆਂ ਸਨ। ਸੋ ਹੁਣ ਪੰਜਾਬ ਭਰ ਵਿੱਚ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਜਾਵੇਗਾ।
ਫੈਡਰੇਸ਼ਨ ਭਿੰਡਰਾਵਾਲੇ ਦੇ ਆਗੂ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਆਮ ਆਦਮੀ ਪਾਰਟੀ ਤੇ ਵਰਦਿਆਂ ਕਿਹਾ ਹੈ ਕਿ ਕੇਂਦਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਕੁੱਝ ਕੈਦੀਆਂ ਦੀ ਰਿਹਾਈ ਦੇ ਆਦੇਸ਼ ਦਿਤੇ ਗਏ ਸੀ,ਜਿਹਨਾਂ ਵਿੱਚ ਪ੍ਰੋ.ਭੁੱਲਰ ਵੀ ਸ਼ਾਮਲ ਸਨ।ਇਸ ਤੋਂ ਬਾਅਦ ਰਿਹਾਈ ਦਾ ਰਾਹ ਹੋਰ ਵੀ ਪੱਧਰਾ ਹੋ ਗਿਆ ਸੀ ਜਦੋਂ ਅੰਮ੍ਰਿਤਸਰ ਪੁਲਿਸ ਵੱਲੋਂ ਵੀ ਕੋਈ ਇਤਰਾਜ ਨਾ ਕੀਤਾ ਗਿਆ।ਪਰ ਜਦੋਂ ਦਿੱਲੀ ਸਰਕਾਰ ਦੀ ਸਜ਼ਾ ਸਮੀਖਿਆ ਬੋਰਡ ਨਾਲ ਹੋਈ ਮੀਟਿੰਗ ਵਿੱਚ ਇਹ ਮਾਮਲਾ ਵਿਚਾਰਿਆ ਗਿਆ ਤਾਂ ਇਸ ਤੇ ਇਤਰਾਜ ਕਰ ਕੇ ਇਸ ਨੂੰ ਰੱਦ ਕਰ ਦਿਤਾ ਗਿਆ ਸੀ ।