India

ਵੱਟਸਐਪ ਸਟੇਟਸ ਅੱਪਲੋਡ ਕਰਨ ਤੋਂ ਪਹਿਲਾਂ ਜ਼ਰੂਰ ਪੜ੍ਹ ਲਵੋ ਹਾਈਕੋਰਟ ਨੇ ਕਿਹਾ…

The High Court said this big thing about WhatsApp status...it is important for every person to know..

ਮੁੰਬਈ : ਇੱਕ ਧਾਰਮਿਕ ਸਮੂਹ ਦੇ ਖ਼ਿਲਾਫ਼ ਕਥਿਤ ਤੌਰ ‘ਤੇ ਨਫ਼ਰਤ ਵਾਲੀ ਸਮਗਰੀ ਪੋਸਟ ਕਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਦੇ ਖ਼ਿਲਾਫ਼ ਦਰਜ ਕੇਸ ਨੂੰ ਰੱਦ ਕਰਨ ਤੋਂ ਇਨਕਾਰ ਕਰਦੇ ਹੋਏ, ਬੰਬਈ ਹਾਈ ਕੋਰਟ ਦੀ ਨਾਗਪੁਰ ਬੈਂਚ ਨੇ ਕਿਹਾ ਹੈ ਕਿ ਕਿਸੇ ਨੂੰ ਆਪਣੇ ਵੱਟਸਐਪ ਸਟੇਟਸ ਰਾਹੀਂ ਦੂਜਿਆਂ ਨੂੰ ਕੁਝ ਪਹੁੰਚਾਉਂਦੇ ਸਮੇਂ ਜ਼ਿੰਮੇਵਾਰੀ ਦੀ ਭਾਵਨਾ ਨਾਲ ਵਿਵਹਾਰ ਕਰਨਾ ਚਾਹੀਦਾ ਹੈ।

ਜਸਟਿਸ ਵਿਨੈ ਜੋਸ਼ੀ ਤੇ ਜਸਟਿਸ ਵਾਲਮੀਕੀ ਐੱਸਏ ਮੈਨੇਜ਼ਿਸ ਦੇ ਬੈਂਚ ਨੇ 12 ਜੁਲਾਈ ਨੂੰ ਆਪਣੇ ਹੁਕਮਾਂ ਵਿੱਚ ਕਿਹਾ ਕਿ ਅੱਜਕੱਲ੍ਹ ਵੱਟਸਐਪ ਸਟੇਟਸ ਦਾ ਉਦੇਸ਼ ਆਪਣੇ ਜਾਣ-ਪਛਾਣ ਵਾਲਿਆਂ ਨੂੰ ਕੁਝ ਚੀਜ਼ਾਂ ਤੋਂ ਜਾਣੂ ਕਰਵਾਉਣਾ ਹੁੰਦਾ ਹੈ ਅਤੇ ਲੋਕ ਅਕਸਰ ਆਪਣੇ ਜਾਣ-ਪਛਾਣ ਵਾਲਿਆਂ ਦਾ ਵੱਟਸਐਪ ਸਟੇਟਸ ਦੇਖਦੇ ਹਨ।

ਕਿਸ਼ੋਰ ਲਾਂਦਕਰ (27) ਨਾਮ ਦੇ ਵਿਅਕਤੀ ਖ਼ਿਲਾਫ਼ ਜਾਣਬੁੱਝ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਬੰਧੀ ਆਈਪੀਸੀ ਦੀਆਂ ਧਾਰਾਵਾਂ, ਅਨੁਸੂਚਿਤ ਜਾਤੀ/ਜਨ ਜਾਤੀ ਐਕਟ ਅਤੇ ਸੂਚਨਾ ਤਕਨਾਲੋਜੀ ਐਕਟ ਤਹਿਤ ਐੱਫਆਈਆਰ ਦਰਜ ਕੀਤੀ ਗਈ ਸੀ। ਲਾਂਦਕਰ ਨੇ ਐੱਫਆਈਆਰ ਰੱਦ ਕਰਨ ਦੀ ਅਪੀਲ ਕਰਦੇ ਹੋਏ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਨੇ ਖ਼ਾਰਜ ਕਰ ਦਿੱਤਾ।

ਅਦਾਲਤ ਨੇ ਕਿਹਾ, ‘‘ਵੱਟਸਐਪ ਸਟੇਟਸ..ਤੁਸੀਂ ਕੀ ਕਰ ਰਹੇ ਹੋ, ਕੀ ਸੋਚ ਰਹੇ ਹੋ ਜਾਂ ਤੁਸੀਂ ਜੋ ਕੁਝ ਦੇਖਿਆ ਹੈ ਉਸ ਦੀ ਤਸਵੀਰ ਜਾਂ ਵੀਡੀਓ ਹੋ ਸਕਦਾ ਹੈ। ਇਹ 24 ਘੰਟੇ ਬਾਅਦ ਹਟ ਜਾਂਦਾ ਹੈ। ਵੱਟਸਐਪ ਸਟੇਟਸ ਦਾ ਉਦੇਸ਼ ਕਿਸੇ ਵਿਅਕਤੀ ਵੱਲੋਂ ਜਾਣ-ਪਛਾਣ ਵਾਲਿਆਂ ਤੱਕ ਕੋਈ ਗੱਲ ਪਹੁੰਚਾਉਣਾ ਹੁੰਦਾ ਹੈ। ਇਹ ਹੋਰ ਕੁਝ ਨਹੀਂ, ਬਲਕਿ ਜਾਣ-ਪਛਾਣ ਵਾਲੇ ਵਿਅਕਤੀਆਂ ਨਾਲ ਸੰਪਰਕ ਕਰਨ ਦਾ ਇਕ ਤਰੀਕਾ ਹੈ। ਦੂਸਰਿਆਂ ਨੂੰ ਕੋਈ ਗੱਲ ਦੱਸਦੇ ਸਮੇਂ ਜ਼ਿੰਮੇਵਾਰੀ ਦੀ ਭਾਵਨਾ ਨਾਲ ਵਿਵਹਾਰ ਕਰਨਾ ਚਾਹੀਦਾ ਹੈ।’’

ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਮਾਰਚ 2023 ’ਚ ਮੁਲਜ਼ਮ ਨੇ ਆਪਣਾ ਵੱਟਸਐਪ ਸਟੇਟਸ ਅਪਲੋਡ ਕੀਤਾ, ਜਿਸ ਵਿੱਚ ਉਸ ਨੇ ਇਕ ਸਵਾਲ ਲਿਖਿਆ ਅਤੇ ਸਟੇਟਸ ਦੇਖਣ ਵਾਲਿਆਂ ਤੋਂ ਹੈਰਾਨ ਕਰਨ ਵਾਲੇ ਨਤੀਜੇ ਜਾਣਨ ਲਈ ਗੂਗਲ ’ਤੇ ਇਸ ਸਵਾਲ ਨੂੰ ‘ਸਰਚ’ ਕਰਨ ਲਈ ਕਿਹਾ। ਜਦੋਂ ਸ਼ਿਕਾਇਤਕਰਤਾ ਨੇ ਸਵਾਲ ਨੂੰ ਗੂਗਲ ’ਤੇ ‘ਸਰਚ’ ਕੀਤਾ ਤਾਂ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਇਤਰਾਜ਼ਯੋਗ ਸਮੱਗਰੀ ਨਜ਼ਰ ਆਈ।