The Khalas Tv Blog India ਖੇਤੀ ਕਾਨੂੰਨ ਸੰਘਰਸ਼ ਦਾ ਸੇਕ ਪੁੱਜਿਆ ਯੂਪੀ ਤੇ ਉੱਤਰਾਂਖੰਡ ਦੇ ਕਿਸਾਨਾਂ ਤੱਕ, ਜਾਣੋ ਪੂਰਾ ਮਾਮਲਾ
India Punjab

ਖੇਤੀ ਕਾਨੂੰਨ ਸੰਘਰਸ਼ ਦਾ ਸੇਕ ਪੁੱਜਿਆ ਯੂਪੀ ਤੇ ਉੱਤਰਾਂਖੰਡ ਦੇ ਕਿਸਾਨਾਂ ਤੱਕ, ਜਾਣੋ ਪੂਰਾ ਮਾਮਲਾ

‘ਦ ਖ਼ਾਲਸ ਬਿਊਰੋ :- ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਵਿੱਢੇ ਖੇਤੀ ਕਾਨੂੰਨ ਸੰਘਰਸ਼ ਤੋਂ ਮਗਰੋਂ ਹੁਣ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਤਰਾਈ ਵਾਲੇ ਇਲਾਕਿਆਂ ਵਿੱਚ ਵੀ ਕਿਸਾਨਾਂ ਵੱਲੋਂ ਥਾਂ-ਥਾਂ ‘ਤੇ ਧਰਨੇ ਦੇ ਕੇ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ। ਅਜਿਹੇ ਰੋਸ ਪ੍ਰਦਰਸ਼ਨ ਬਿਲਾਸਪੁਰ (ਰਾਮਪੁਰ ਜ਼ਿਲ੍ਹਾ) ਰੁਦਰਪੁਰ, ਸਿਤਾਰਗੰਜ (ਸ਼ਹੀਦ ਊਧਮ ਸਿੰਘ ਨਗਰ), ਬਾਜਪੁਰ ਵਰਗੇ ਸਿੱਖ ਕਿਸਾਨ ਵੱਸੋਂ ਵਾਲੇ ਇਲਾਕਿਆਂ ਵਿੱਚ ਕੀਤੇ ਜਾ ਰਹੇ ਹਨ। ਭਾਰਤੀ ਕਿਸਾਨ ਯੂਨੀਅਨ (ਭਾਨੂੰ) ਦੇ ਆਗੂ ਸੁਖਵੰਤ ਸਿੰਘ ਭੁੱਲਰ ਨੇ ਦੱਸਿਆ ਕਿ ਬੀਤੇ ਦਿਨ ਸ਼ਹੀਦ ਊਧਮ ਸਿੰਘ ਨਗਰ ਦੇ ਡੀਸੀ ਵੱਲੋਂ ਸਰਕਾਰੀ ਕੰਡਿਆਂ ਨਾਲ ਸੋਮਵਾਰ ਤੋਂ ਝੋਨੇ ਦੀ ਤੁਲਾਈ ਸ਼ੁਰੂ ਕਰਵਾਉਣ ਤੇ ਕੱਚੇ ਆੜ੍ਹਤੀਆਂ ਨੂੰ ਵੀ ਖਰੀਦ ਸ਼ੁਰੂ ਕਰਨ ਦਾ ਭਰੋਸਾ ਦਿਵਾਇਆ ਗਿਆ।

ਭੁੱਲਰ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ (ਟਕੈਤ) ਤੇ ਕਿਸਾਨ ਸੰਘਰਸ਼ ਸਮਿਤੀ ਵੱਲੋਂ ਮਿਲ ਕੇ ਇਹ ਧਰਨੇ ਲਾਏ ਗਏ ਅਤੇ ਟਰੈਕਟਰ ਰੈਲੀਆਂ ਵੀ ਕੱਢੀਆਂ ਗਈਆਂ। ਨਵਤੇਜਪਾਲ ਸਿੰਘ, ਰਾਜਿੰਦਰ ਸਿੰਘ ਵਿਰਕ, ਤੇਜਿੰਦਰ ਸਿੰਘ ਵਿਰਕ ਤੇ ਹੋਰ ਆਗੂਆਂ ਨੇ ਧਰਨਿਆਂ ਦੌਰਾਨ ਸ਼ਿਰਕਤ ਕੀਤੀ। ਭੁੱਲਰ ਨੇ ਦੱਸਿਆ ਕਿ 14 ਅਕਤੂਬਰ ਨੂੰ ‘ਘੱਟੋ-ਘੱਟ ਕੀਮਤ ਦਿਵਸ’ ਮਨਾਇਆ ਜਾਵੇਗਾ। ਜੇਕਰ ਸਰਕਾਰ ਨਾ ਮੰਨੀ ਤਾਂ ਕਾਸ਼ਤਕਾਰ ਜ਼ਮੀਨ ਨਹੀਂ ਦੇਣਗੇ। ਕਿਸਾਨਾਂ ਦੀ ਮੰਗ ਹੈ ਕਿ ਮੰਡੀਆਂ ਖ਼ਤਮ ਨਾ ਹੋਣ।

ਅਕਾਲੀ ਦਲ ਯੂਪੀ ਤੇ ਉੱਤਰਾਖੰਡ ਦੇ ਕਿਸਾਨਾਂ ਨਾਲ ਖੜ੍ਹਾ

ਸ਼੍ਰੋਮਣੀ ਅਕਾਲੀ ਦੇ ਆਗੂ ਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਦਲ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਕਿਸਾਨਾਂ ਦੇ ਸੰਘਰਸ਼ ਦੇ ਨਾਲ ਹੈ ਤੇ ਉਨ੍ਹਾਂ ਦੀ ਆਵਾਜ਼ ਚੁੱਕੀ ਜਾਣੀ ਚਾਹੀਦੀ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪੰਜਾਬ, ਹਰਿਆਣਾ, ਯੂਪੀ ਤੇ ਉੱਤਰਾਖੰਡ ਸਮੇਤ ਹੋਰ ਰਾਜਾਂ ਦੇ ਕਿਸਾਨਾਂ ਵੱਲੋਂ ਸੰਘਰਸ਼ ਜਾਰੀ ਹੈ।

Exit mobile version