ਜਲੰਧਰ : ਕੱਲ ਤੋਂ ਸ਼ੁਰੂ ਹੋਈ ਪੰਜਾਬ ਦੇ ਡੀਸੀ ਦਫ਼ਤਰਾਂ ਵਿੱਚ ਮੁਲਾਜ਼ਮਾਂ ਦੀ ਅੱਧੇ ਦਿਨ ਦੀ ਹੜਤਾਲ ਅੱਜ ਦੂਜੇ ਦਿਨ ਵਿੱਚ ਦਾਖਲ ਹੋ ਗਈ ਹੈ। ਅੱਜ ਵੀ ਡੀਸੀ ਦਫਤਰਾਂ ਵਿੱਚ ਅੱਧਾ ਦਿਨ ਹੀ ਕੰਮ ਹੋਵੇਗਾ। ਦੱਸਣਯੋਗ ਹੈ ਕਿ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਨੇ 30 ਅਤੇ 31 ਜਨਵਰੀ ਨੂੰ ਦੋ ਰੋਜ਼ਾ ਅੱਧੇ ਦਿਨ ਦੀ ਹੜਤਾਲ ਦਾ ਐਲਾਨ ਕੀਤਾ ਸੀ। ਅੱਜ ਹੜਤਾਲ ਦੇ ਦੂਜੇ ਅੱਧ ਦੌਰਾਨ ਯੂਨੀਅਨ ਦੀ ਮੀਟਿੰਗ ਹੋਵੇਗੀ ਅਤੇ ਅਗਲੀ ਹੜਤਾਲ ਦੀ ਰੂਪ ਰੇਖਾ ਬਾਰੇ ਵਿਚਾਰ ਕੀਤੀ ਜਾਵੇਗਾ ਤੇ ਫੈਸਲਾ ਲਿਆ ਜਾਵੇਗਾ। ਹੜਤਾਲੀ ਮੁਲਾਜ਼ਮਾਂ ਨੇ ਸਰਕਾਰ ਤੇ ਉਹਨਾਂ ਨੂੰ ਨਜ਼ਰਅੰਦਾਜ ਕਰਨ ਦਾ ਇਲਜ਼ਾਮ ਲਗਾਇਆ ਹੈ।
ਹੜਤਾਲੀ ਯੂਨੀਅਨ ਦਾ ਕਹਿਣਾ ਹੈ ਕਿ ਰਾਜ ਵਿੱਚ ਮਾਲ ਵਿਭਾਗ ਅਤੇ ਡੀਸੀ ਦਫ਼ਤਰ ਵਿੱਚ ਤਾਇਨਾਤ ਸੁਪਰਡੈਂਟਾਂ ਅਤੇ ਸੀਨੀਅਰ ਸਹਾਇਕਾਂ ਨੂੰ ਤਰੱਕੀ ਦਿੱਤੀ ਜਾਣੀ ਹੈ, ਪਰ ਸਰਕਾਰ ਕੋਈ ਫੈਸਲਾ ਨਹੀਂ ਲੈ ਰਹੀ ਤੇ ਉਨ੍ਹਾਂ ਨੂੰ ਤਰੱਕੀਆਂ ਨਹੀਂ ਦੇ ਰਹੀ ਅਤੇ ਉੱਪਰੋਂ ਵਿਭਾਗਾਂ ਵਿੱਚ ਅਸਾਮੀਆਂ ਖ਼ਤਮ ਕਰਨ ਵਿੱਚ ਲੱਗੀ ਹੋਈ ਹੈ।
ਯੂਨੀਅਨ ਦੇ ਆਗੂਆਂ ਨੇ ਦੱਸਿਆ ਹੈ ਕਿ ਸਰਕਾਰ ਨੂੰ ਮੰਗਾਂ ਮੰਨਣ ਲਈ 17 ਜਨਵਰੀ ਤੱਕ ਦਾ ਸਮਾਂ ਦਿੱਤਾ ਸੀ ਪਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ‘ਤੇ ਕੋਈ ਗੌਰ ਨਹੀਂ ਕੀਤਾ ਗਿਆ ਅਤੇ ਨਾ ਹੀ ਕੋਈ ਜਵਾਬ ਦਿੱਤਾ | ਜਿਸ ਦੇ ਵਿਰੋਧ ਵਿੱਚ ਮੁਲਾਜ਼ਮਾਂ ਨੂੰ ਇਙ ਕਦਮ ਚੁੱਕਣਾ ਪਿਆ ਹੈ ਤੇ ਅੱਧੇ ਦਿਨ ਦੀ ਹੜਤਾਲ ਦਾ ਫੈਸਲਾ ਲੈਣਾ ਪਿਆ। ਯੂਨੀਅਨ ਦੀ ਅੱਜ ਹੋਣ ਵਾਲੀ ਮੀਟਿੰਗ ਵਿੱਚ ਅਗਲੀ ਰਣਨੀਤੀ ਬਾਰੇ ਫੈਸਲਾ ਕੀਤਾ ਜਾਵੇਗਾ।