ਮੁਹਾਲੀ : ਮੁਹਾਲੀ ਵਿੱਚ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਤੋਂ ਅੱਜ ਫਿਰ ਜਥੇ ਨੂੰ ਰਵਾਨਾ ਕੀਤਾ ਗਿਆ। ਅਰਦਾਸਾ ਸੋਧ ਕੇ ਅੱਗੇ ਵਧੀ ਸਿੱਖ ਸੰਗਤ ਦਾ ਨਿਸ਼ਾਨਾ ਮੁੱਖ ਮੰਤਰੀ ਪੰਜਾਬ ਦੀ ਸਰਕਾਰੀ ਰਿਹਾਇਸ਼ ਨੂੰ ਘੇਰਨਾ ਸੀ। ਇਸ ਦੌਰਾਨ ਭਾਰੀ ਮਾਤਰਾ ਵਿੱਚ ਪੁਲਿਸ ਬਲ ਤਾਇਨਾਤ ਸੀ ਤਾਂ ਜੋ ਕਿਸੇ ਨੂੰ ਤਰਾਂ ਦੀ ਅਣਸੁਖਾਵੀਂ ਘਟਨਾ ਨੂੰ ਹੋਣ ਤੋਂ ਰੋਕਿਆ ਜਾ ਸਕੇ। ਪੁਲਿਸ ਬਲਾਂ ਨੇ ਜਥੇ ਦੇ ਆਲੇ ਦੁਆਲੇ ਸੁਰੱਖਿਆ ਕਾਰਨਾਂ ਕਰਕੇ ਇੱਕ ਮਨੁੱਖੀ ਚੇਨ ਬਣਾਈ ਹੋਈ ਸੀ ਤੇ ਮੀਡੀਆ ਨੂੰ ਵੀ ਜਥੇ ਦੇ ਮੈਂਬਰਾਂ ਤੱਕ ਨਹੀਂ ਪਹੁੰਚਣ ਦਿੱਤਾ ਜਾ ਰਿਹਾ ਸੀ। ਸਿਰਫ 31 ਸਿੱਖਾਂ ਦਾ ਜਥਾ ਅੱਜ ਰਵਾਨਾ ਹੋਇਆ ਤੇ ਮੁਹਾਲੀ-ਚੰਡੀਗੜ੍ਹ ਦੀ ਸਰਹੱਦ ਤੇ 3 ਫੇਸ ‘ਤੇ ਹੀ ਇਸ ਨੂੰ ਪੁਲਿਸ ਵੱਲੋਂ ਰੋਕ ਦਿੱਤਾ ਗਿਆ।
ਜਿਸ ਤੋਂ ਬਾਅਦ ਜਥੇ ਦੇ ਮੈਂਬਰਾਂ ਨੇ ਉਥੇ ਹੀ ਬੈਠ ਕੇ ਸ਼ਾਂਤਮਈ ਢੰਗ ਨਾਲ ਸਤਿਨਾਮ-ਵਾਹਿਗੁਰੂ ਦਾ ਜਾਪ ਸ਼ੁਰੂ ਕਰ ਦਿੱਤਾ। ਇਸ ਮੌਕੇ ਜਿੱਥੇ ਭਾਰੀ ਪੁਲਿਸ ਬਲ ਤਾਇਨਾਤ ਸੀ,ਉਥੇ ਪਾਣੀ ਦੀ ਬੁਛਾਰ ਕਰਨ ਵਾਲੀਆਂ ਗੱਡੀਆਂ ਤੇ ਰਾਹ ਬਲੌਕ ਕਰਨ ਲਈ ਵੱਡੇ ਵਾਹਨਾਂ ਦਾ ਵੀ ਇੰਤਜ਼ਾਮ ਪੁਲਿਸ ਨੇ ਕੀਤਾ ਹੋਇਆ ਸੀ ਤੇ ਪੁਲਿਸ ਦੇ ਕਈ ਉੱਚ ਅਧਿਕਾਰੀ ਵੀ ਮੌਕੇ ‘ਤੇ ਹਾਜ਼ਰ ਸਨ। ਪੁਲਿਸ ਵੱਲੋਂ ਕੀਤੀ ਗਈ ਬੈਂਰੀਕੇਡਿੰਗ ਤੇ ਕੰਡਿਆਂ ਵਾਲੀਆਂ ਤਾਰਾਂ ਵੀ ਪੁਲਿਸ ਨੇ ਲਗਾਈਆਂ ਹੋਈਆਂ ਸੀ। ਲਗਾਤਾਰ 2 ਘੰਟੇ ਮਗਰੋਂ ਜਾਪ ਕਰਨ ਤੋਂ ਬਾਅਦ ਜਥਾ ਸ਼ਾਂਤਮਈ ਢੰਗ ਨਾਲ ਮੋਰਚੇ ਵਿੱਚ ਵਾਪਸ ਆ ਗਿਆ।