The Khalas Tv Blog Punjab ਫਰੀਦਕੋਟ ਰਿਆਸਤ ਦੀ ਹਜ਼ਾਰਾਂ ਏਕੜ ਜਾਇਦਾਦ ਆਪਣੇ ਕਬਜ਼ੇ ’ਚ ਲਵੇਗੀ ਸਰਕਾਰ
Punjab

ਫਰੀਦਕੋਟ ਰਿਆਸਤ ਦੀ ਹਜ਼ਾਰਾਂ ਏਕੜ ਜਾਇਦਾਦ ਆਪਣੇ ਕਬਜ਼ੇ ’ਚ ਲਵੇਗੀ ਸਰਕਾਰ

The government will take possession of thousands of acres of property of Faridkot state

ਫਰੀਦਕੋਟ ਰਿਆਸਤ ਦੀ ਹਜ਼ਾਰਾਂ ਏਕੜ ਜਾਇਦਾਦ ਆਪਣੇ ਕਬਜ਼ੇ ’ਚ ਲਵੇਗੀ ਸਰਕਾਰ

ਫਰੀਦਕੋਟ ਰਿਆਸਤ ਦੇ ਮਰਹੂਮ ਰਾਜਾ ਹਰਿੰਦਰ ਸਿੰਘ ਬਰਾੜ ਦੀ ਅਰਬਾਂ ਰੁਪਏ ਦੀ ਜਾਇਦਾਦ ਅਤੇ ਫਰੀਦਕੋਟ ਰਿਆਸਤ ਦੀ ਹਜ਼ਾਰਾਂ ਏਕੜ ਵਾਹੀਯੋਗ ਜ਼ਮੀਨ ਪੰਜਾਬ ਸਰਕਾਰ ਆਪਣੇ ਅਧਿਕਾਰ ਖੇਤਰ ਵਿੱਚ ਲੈ ਸਕਦੀ ਹੈ। ਰਿਆਸਤ ਦੀ ਕਰੀਬ 20 ਹਜ਼ਾਰ ਏਕੜ ਜ਼ਮੀਨ ਨੂੰ ‘ਸਰਪਲੱਸ’ (ਅਧਿਕਾਰ ਹੇਠ ਲੈਣ) ਕਰਨ ਲਈ ਡਿਪਟੀ ਕਮਿਸ਼ਨਰ ਦਫ਼ਤਰ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਰਿਆਸਤ ਦੀ ਇਹ ਜ਼ਮੀਨ ਹੁਣ ਤੱਕ ਮਹਾਰਾਵਲ ਖੇਵਾ ਜੀ ਟਰੱਸਟ ਦੇ ਅਧਿਕਾਰ ਖੇਤਰ ਵਿੱਚ ਸੀ ਪ੍ਰੰਤੂ ਦੋ ਮਹੀਨੇ ਪਹਿਲਾਂ ਸੁਪਰੀਮ ਕੋਰਟ ਨੇ ਫਰੀਦਕੋਟ ਦੇ ਆਖ਼ਰੀ ਰਾਜਾ ਇੰਦਰ ਸਿੰਘ ਦੀ ਵਸੀਅਤ ਨੂੰ ਰੱਦ ਕਰ ਦਿੱਤਾ ਹੈ। ਹੁਣ ਸ਼ਾਹੀ ਖ਼ਾਨਦਾਨ ਦੇ ਵਾਰਸਾਂ ਵਿੱਚ ਜ਼ਮੀਨ ਦੀ ਤਕਸੀਮ ਸਬੰਧੀ ਕਾਨੂੰਨੀ ਕਾਰਵਾਈ ਸ਼ੁਰੂ ਹੋ ਗਈ ਹੈ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਵੀ ਇਸ ਜ਼ਮੀਨ ਨੂੰ ਆਪਣੇ ਅਧਿਕਾਰ ਖੇਤਰ ਲੈਣ ਲਈ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਇਸ ਵੇਲੇ ਫਰੀਦਕੋਟ ਰਿਆਸਤ ਦੀ ਪਿੰਡ ਘੁਗਿਆਣਾ ਵਿੱਚ 7000 ਏਕੜ ਜ਼ਮੀਨ, ਚਹਿਲ ਪਿੰਡ ਵਿੱਚ 4000 ਏਕੜ, ਫਰੀਦਕੋਟ ਸ਼ਹਿਰ ਵਿੱਚ ਕ੍ਰਿਸ਼ਨਾ ਬਾਗ ਤੋਂ ਇਲਾਵਾ ਫਰੀਦਕੋਟ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ 800 ਕਿੱਲੇ ਦੇ ਕਰੀਬ ਬੇਸ਼ੁਮਾਰ ਕੀਮਤੀ ਜ਼ਮੀਨ ਹੈ। ਜੇਕਰ ਇਹ ਜ਼ਮੀਨ ਸਰਕਾਰ ਦੀ ਮਾਲਕੀ ਐਲਾਨੀ ਜਾਂਦੀ ਹੈ ਤਾਂ ਸਰਕਾਰ ਨੂੰ ਹਜ਼ਾਰਾਂ ਕਰੋੜ ਰੁਪਏ ਦੀ ਜਾਇਦਾਦ ਮਿਲ ਜਾਵੇਗੀ।

ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਫਰੀਦਕੋਟ ਰਿਆਸਤ ਦੀ ਜ਼ਮੀਨ ਪੰਜਾਬ ਸਰਕਾਰ ਨੂੰ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਜ਼ਾਰਾਂ ਕਰੋੜ ਦੀ ਇਸ ਜਾਇਦਾਦ ਉੱਪਰ ਭੂ-ਮਾਫੀਆ ਦੀ ਨਜ਼ਰ ਹੈ। ਉਨ੍ਹਾਂ ਕਿਹਾ ਕਿ ਰਾਜਾ ਹਰਿੰਦਰ ਸਿੰਘ ਨੇ ਆਪਣੇ ਜੀਵਨ ਕਾਲ ਵਿੱਚ 1200 ਏਕੜ ਜ਼ਮੀਨ ਨਵੇਂ ਬੀਜਾਂ ਦੀ ਖੋਜ ਲਈ ਖੇਤੀਬਾੜੀ ਯੂਨੀਵਰਸਿਟੀ ਨੂੰ ਦਿੱਤੀ ਸੀ, ਜਿਸ ਦਾ ਪੰਜਾਬ ਦੀ ਕਿਸਾਨੀ ਨੂੰ ਵੱਡਾ ਲਾਭ ਹੋਇਆ ਹੈ। ਉਨ੍ਹਾਂ ਕਿਹਾ ਕਿ ਰਿਆਸਤ ਦੀ ਜ਼ਮੀਨ ਬਾਰੇ ਉਹ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਸੂਚਿਤ ਕਰ ਚੁੱਕੇ ਹਨ।

ਵਿਧਾਇਕ ਨੇ ਕਿਹਾ ਕਿ ਰਿਆਸਤ ਦੀ ਜ਼ਮੀਨ ਉੱਪਰ ਹਜ਼ਾਰਾਂ ਰੁੱਖ ਹਨ ਅਤੇ ਰੁੱਖਾਂ ਤੇ ਬਾਗ਼ਾਂ ਨੂੰ ਕਿਸੇ ਵੀ ਕੀਮਤ ’ਤੇ ਭੂ-ਮਾਫੀਆ ਦੇ ਹੱਥ ਨਹੀਂ ਲੱਗਣ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਫ਼ਰੀਦਕੋਟ-ਕੋਟਕਪੂਰਾ ਰੋਡ ’ਤੇ ਨਰੈਣ ਨਗਰ ਵਿੱਚ ਬੇਸ਼ੁਮਾਰ ਕੀਮਤੀ 50 ਏਕੜ ਜ਼ਮੀਨ ਦਾ ਇੰਤਕਾਲ ਪੰਜਾਬ ਸਰਕਾਰ ਦੇ ਨਾਮ ਹੋ ਚੁੱਕਾ ਹੈ।

ਪੰਜਾਬ ਿਵੱਚ ਸਾਢੇ ਸਤਾਰਾਂ ਕਿੱਲੇ ਤੋਂ ਵੱਧ ਜਾਇਦਾਦ ਨਹੀਂ ਰੱਖ ਸਕਦਾ ਕੋਈ ਵਿਅਕਤੀ

ਪੰਜਾਬ ਲੈਂਡ ਸੀਲਿੰਗ 1972 ਅਨੁਸਾਰ ਪੰਜਾਬ ਵਿੱਚ ਕੋਈ ਵੀ ਵਿਅਕਤੀ ਸਾਢੇ 17 ਕਿੱਲੇ ਤੋਂ ਵੱਧ ਖੇਤੀਯੋਗ ਜ਼ਮੀਨ ਨਹੀਂ ਰੱਖ ਸਕਦਾ ਅਤੇ ਜੇਕਰ ਰਕਬਾ ਬਰਾਨੀ ਹੋਵੇ ਤਾਂ ਕਿਸਾਨ 60 ਕਿੱਲੇ ਤੱਕ ਜ਼ਮੀਨ ਰੱਖ ਸਕਦਾ ਹੈ। ਜੇਕਰ ਇਸ ਐਕਟ ਮੁਤਾਬਿਕ ਕਿਸੇ ਕੋਲ ਵਾਧੂ ਜ਼ਮੀਨ ਬਚਦੀ ਹੈ ਤਾਂ ਉਹ ਪੰਜਾਬ ਸਰਕਾਰ ਨੂੰ ਸਰਪਲੱਸ ਕਰਕੇ ਆਪਣੇ ਅਧੀਨ ਲੈਣ ਦਾ ਹੱਕ ਹੈ। ਫ਼ਰੀਦਕੋਟ ਦੀ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਕਿਹਾ ਕਿ ਉਹ ਰਿਕਾਰਡ ਦੇਖੇ ਬਿਨਾਂ ਕੋਈ ਪ੍ਰਤੀਕਿਰਿਆ ਨਹੀਂ ਦੇ ਸਕਦੇ।

Exit mobile version