ਸੰਯੁਕਤ ਕਿਸਾਨ ਮੋਰਚਾ ਅੱਜ ਤੋਂ ਚੰਡੀਗੜ੍ਹ ਵਿਚ ਪੱਕਾ ਮੋਰਚਾ ਲਗਾ ਵਿਰੋਧ ਪ੍ਰਦਰਸ਼ਨ ਕਰੇਗਾ। ਇਸ ਲਈ ਕਿਸਾਨ ਟਰੈਕਟਰ-ਟਰਾਲੀਆਂ ਵਿਚ ਚੰਡੀਗੜ੍ਹ ਵੱਲ ਕੂਚ ਕਰ ਰਹੇ ਹਨ। ਪੂਰੇ ਸੂਬੇ ਵਿੱਚੋਂ ਕਿਸਾਨ ਟਰੈਕਟਰ ਟਰੈਲੀਆਂ ਨਾਲ ਚੰਡੀਗੜ੍ਹ ਵੱਲ੍ਹ ਕੂਚ ਕਰ ਰਹੇ ਹਨ।
ਚੰਡੀਗੜ੍ਹ ਪੁਲਿਸ ਨੇ ਆਪਣੀਆਂ ਸਰਹੱਦਾਂ ਨੂੰ ਸੀਲ ਕਰਨਾ ਸ਼ੁਰੂ ਕਰ ਦਿੱਤਾ ਹੈ। ਚੰਡੀਗੜ੍ਹ ਪੁਲਿਸ ਨੇ ਲਗਭਗ 1,500 ਕਰਮਚਾਰੀ ਤਾਇਨਾਤ ਕੀਤੇ ਹਨ। ਦੂਜੇ ਪਾਸੇ ਪੰਜਾਬ ਪੁਲਿਸ ਨੇ ਵੀ ਥਾਂ-ਥਾਂ ਨਾਕਾਬੰਦੀ ਕੀਤੀ ਹੋਈ ਹੈ।
ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਨੇ ਕਿਸਾਨਾਂ ਦੇ ਜਥਿਆਂ ਨੂੰ ਡੱਕਣਾ ਸ਼ੁਰੂ ਕਰ ਦਿੱਤਾ ਹੈ। ਕਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਮੋਗਾ ਜਿਲੇ ਦੇ ਪ੍ਰਧਾਨ ਜਤਿੰਦਰ ਸਿੰਘ ਸਲੀਣਾ ਕਿਸਾਨਾਂ ਦੇ ਕਾਫਲੇ ਸਮੇਤ ਅਜਿਤਵਾਲ ਨਾਕੇ ਤੇ ਗ੍ਰਿਫਤਾਰ ਕਰ ਲਏ ਗਏ ਹਨ।
ਬੀਕੇਯੂ ਪੰਜਾਬ ਦੇ ਆਗੂਆਂ ਨੂੰ ਪੁਲਿਸ ਨੇ ਸਮਰਾਲੇ ਤੋਂ ਅੱਗੇ ਰੋਕ ਲਿਆ ਹੈ ਜਿਸ ਤੋਂ ਕਿਸਾਨ ਸੜਕਾਂ ’ਤੇ ਡੱਟ ਗਏ ਹਨ। ਦੂਜੇ ਬੰਨੇ ਪਟਿਆਲਾ ਵਿੱਚ ਕਿਸਾਨਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਦੇ ਆਦੇਸ਼ਾਂ ‘ਤੇ ਪੁਲਿਸ ਨੇ ਸੜਕ ਦੇ ਵਿਚਕਾਰ ਰੇਤੇ ਦੇ ਟਰੱਕ ਲਾਏ ਹਨ। ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀਆਂ ਟਰਾਲੀਆਂ ਪੰਜਾਬ ਪੁਲਿਸ ਨੇ ਲੁਧਿਆਣਾ ਚੰਡੀਗੜ੍ਹ ਰੋਡ ’ਤੇ ਰੋਕ ਲਈਆਂ ਹਨ।