‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਨੇ ਜਨਤਕ ਟਰਾਂਸਪੋਰਟ ‘ਤੇ ਨਜ਼ਰ ਰੱਖਣ ਲਈ ਵਾਹਨਾਂ ਨੂੰ ਵੀ.ਐਲ.ਟੀ.ਡੀ. ਸਿਸਟਮ ਨਾਲ ਜੋੜਨ ਦਾ ਫੈਸਲਾ ਲਿਆ ਹੈ। ਪੰਜਾਬ ਸਰਕਾਰ ਵੱਲੋਂ ਪਹਿਲੀ ਅਗਸਤ ਤੋਂ ਸੂਬੇ ਦੀਆਂ ਬੱਸਾਂ ਮਿੰਨੀ ਬੱਸਾਂ ਅਤੇ ਟੈਕਸੀਆਂ ਵਿੱਚ ਵਹੀਕਲ ਲੋਕੇਸ਼ਨ ਟ੍ਰੈਕਿੰਗ ਡਿਵਾਈਸ ( ਵੀ.ਐਲ.ਟੀ.ਡੀ. ) ਫਿੱਟ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸੂਬਾ ਸਰਕਾਰ ਨੇ ‘ਇੱਕ ਬੱਸ ਇੱਕ ਪਰਮਿਟ’ ਨੂੰ ਵਾਹਨ ਪੋਰਟਲ ਨਾਲ ਜੋੜਨ ਦਾ ਫ਼ੈਸਲਾ ਵੀ ਲਿਆ ਹੈ। ਵੀ.ਐਲ.ਟੀ.ਡੀ. ਸਿਸਟਮ ਰਾਹੀਂ ਵਾਹਨਾਂ ਦੀ ਲੋਕੇਸ਼ਨ ਨਾਲੋਂ ਨਾਲ ਪਤਾ ਚਲਦੀ ਰਹੇਗੀ। ਜਿਸ ਨਾਲ ਕਈ ਤਰ੍ਹਾਂ ਦੇ ਵਾਧੂ ਖਰਚਿਆਂ ਤੋਂ ਬਚਾ ਰਹੇਗਾ।
ਰਿਜਨਲ ਟਰਾਂਸਪੋਰਟ ਅਥਾਰਟੀਆਂ ਦੇ ਦਫ਼ਤਰਾਂ ਦੇ ਕੰਮਕਾਜ ਦੀ ਸਮੀਖਿਆ ਕਰਨ ਸਬੰਧੀ ਮੀਟਿੰਗ ਦੌਰਾਨ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਾਰੇ ਪਰਮਿਟ ਧਾਰਕਾਂ ਨੂੰ ਵਾਹਨ ਪੋਰਟਲ ‘ਤੇ ਮੋਟਰ ਵਾਹਨ ਟੈਕਸ ਜਮ੍ਹਾਂ ਕਰਾਉਣ ਦੀ ਅਪੀਲ ਕਰਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਵਾਹਨ ਪੋਰਟਲ ‘ਤੇ ‘ਇੱਕ ਬੱਸ ਇੱਕ ਪਰਮਿਟ’ ਲਾਗੂ ਹੋਣ ਪਿੱਛੋਂ ਓ.ਟੀ.ਪੀ. ਸਿਸਟਮ ਨੂੰ ਬੰਦ ਕਰ ਦਿੱਤਾ ਜਾਵੇ ਕਿਉਂ ਜੋ ਸਾਰੇ ਪਰਮਿਟ ਧਾਰਕਾਂ ਲਈ ਵਾਹਨ ਪੋਰਟਲ ‘ਤੇ ਇੱਕ ਕਲਿੱਕ ਨਾਲ ਮੋਟਰ ਵਾਹਨ ਟੈਕਸ ਜਮ੍ਹਾਂ ਕਰਨ ਦੀ ਸਹੂਲਤ ਉਪਲਬਧ ਹੈ। ਉਨ੍ਹਾਂ ਨੇ ਕਿਹਾ ਕਿ ਡਿਫ਼ਾਲਟਰਾਂ ਤੋਂ ਟੈਕਸ ਵਸੂਲੀ ਦਾ ਅਮਲ ਹੋਰ ਤੇਜ਼ ਕੀਤਾ ਜਾਵੇਗਾ।
ਮੀਟਿੰਗ ਦੌਰਾਨ ਵੈੱਬ ਪੋਰਟਲ ‘ਤੇ ਸੰਯੁਕਤ ਸਮਾਂ ਸਾਰਣੀ ਅਪਲੋਡ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ ਤਾਂ ਜੋ ਸੂਬੇ ਦੀ ਜਨਤਕ ਟਰਾਂਸਪੋਰਟ ਪ੍ਰਣਾਲੀ ਵਿੱਚ ਹੋਰ ਪਾਰਦਰਸ਼ਤਾ ਨੂੰ ਯਕੀਨੀ ਬਣਾਇਆ ਜਾ ਸਕੇ।
ਸੜਕ ਹਾਦਸਿਆਂ ਵਿੱਚ ਮੌਤਾਂ ‘ਤੇ ਡੂੰਘੀ ਚਿੰਤਾ ਪ੍ਰਗਟਾਉਂਦਿਆਂ ਮੰਤਰੀ ਨੇ ਹਦਾਇਤ ਕੀਤੀ ਕਿ ਟਿੱਪਰ ਟਰੱਕ ਅਤੇ ਹੋਰ ਭਾਰੀ ਵਾਹਨਾਂ ਦੇ ਪਿਛਲੇ ਪਾਸੇ ਲੋਹੇ ਦੀ ਰਾਡ ਫਿੱਟ ਕਰਨੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਿਸੇ ਵੀ ਵਾਹਨ ਨੂੰ ਐਮ.ਵੀ.ਆਈ. ਵੱਲੋਂ ਪਾਸ ਨਾ ਕੀਤਾ ਜਾਵੇਗਾ ਜਿਸ ’ਤੇ ਲੋਹੇ ਦੀ ਰਾਡ ਫਿੱਟ ਨਾ ਹੋਵੇ।
ਮੀਟਿੰਗ ਦੌਰਾਨ ਸਕੱਤਰ ਟਰਾਂਸਪੋਰਟ ਵਿਕਾਸ ਗਰਗ, ਸਟੇਟ ਟਰਾਂਸਪੋਰਟ ਕਮਿਸ਼ਨਰ ਵਿਮਲ ਕੁਮਾਰ ਸੇਤੀਆ, ਵਧੀਕ ਸਟੇਟ ਟਰਾਂਸਪੋਰਟ ਕਮਿਸ਼ਨਰ ਅਮਰਬੀਰ ਸਿੰਘ ਸਿੱਧੂ ਅਤੇ ਸਮੂਹ ਸਕੱਤਰ ਆਰ.ਟੀ.ਏ. ਮੌਜੂਦ ਸਨ।