Punjab

ਲੁਧਿਆਣਾ : ਸਕੂਲ ‘ਚ ਲੈਂਟਰ ਡਿੱਗਣ ਮਾਮਲੇ ‘ਚ ਬੀਜੇਪੀ ਨੇਤਾ ਖ਼ਿਲਾਫ਼ FIR ਦਰਜ

The government took strict notice in the case of the lantern falling in the school, a case was registered against the BJP leader

ਲੁਧਿਆਣਾ : ਲੰਘੇ ਕੱਲ੍ਹ ਲੁਧਿਆਣਾ ਦੇ ਸਰਕਾਰੀ ਸਕੂਲ ਬੱਦੋਵਾਲ ਵਿਚ ਲੈਂਟਰ ਡਿੱਗਣ ਨਾਲ ਇਕ ਟੀਚਰ ਦੀ ਮੌਤ ਹੋ ਗਈ ਸੀ। ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਨੇ ਮੁਰੰਮਤ ਦਾ ਕੰਮ ਕਰ ਰਹੇ ਠੇਕੇਦਾਰ ਖ਼ਿਲਾਫ਼ FIR ਦਰਜ ਕਰਨ ਤੇ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ।

ਜਾਣਕਾਰੀ ਮੁਤਾਬਕ ਲੈਂਟਰ ਡਿੱਗਣ ਦੇ ਮਾਮਲੇ ਵਿੱਚ ਮੁਲਜ਼ਮ ਠੇਕੇਦਾਰ ਭਾਜਪਾ ਆਗੂ ਅਨਮੋਲ ਕਤਿਆਲ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਅਨਮੋਲ ਖ਼ਿਲਾਫ਼ ਥਾਣਾ ਮੁੱਲਾਂਪੁਰ ਦਾਖਾ ਵਿਖੇ ਧਾਰਾ 304 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਅਨਮੋਲ ਅਜੇ ਫ਼ਰਾਰ ਹੈ।

ਪੁਲਿਸ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਅਨਮੋਲ ਦੀ ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਚੰਗੀ ਜਾਣ-ਪਛਾਣ ਹੈ। ਇਸ ਦੇ ਨਾਲ ਹੀ ਸਕੂਲ ਦਾ ਲੈਂਟਰ ਡਿੱਗਣ ਕਾਰਨ ਇਸ ਹਾਦਸੇ ਵਿੱਚ ਇੱਕ ਅਧਿਆਪਕਾ ਰਵਿੰਦਰ ਕੌਰ ਦੀ ਮੌਤ ਹੋ ਗਈ ਹੈ, ਜਦਕਿ ਨਰਿੰਦਰਜੀਤ ਕੌਰ, ਸੁਖਜੀਤ ਕੌਰ ਅਤੇ ਇੰਦੂ ਰਾਣੀ ਜ਼ਖ਼ਮੀ ਹੋ ਗਏ ਹਨ।

ਮ੍ਰਿਤਕ ਅਧਿਆਪਕਾ ਰਵਿੰਦਰ ਕੌਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਰਵਿੰਦਰ ਕੌਰ ਦੀ ਲਾਸ਼ ਅੱਜ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ। ਅਧਿਆਪਕ ਦਾ ਅੰਤਿਮ ਸੰਸਕਾਰ ਭਲਕੇ ਬਾਅਦ ਦੁਪਹਿਰ ਕੀਤਾ ਜਾਵੇਗਾ।

ਰਵਿੰਦਰ ਕੌਰ ਦੇ ਸਿਰ ‘ਤੇ ਗੰਭੀਰ ਸੱਟ ਲੱਗੀ ਹੈ। ਸਾਹ ਲੈਣ ਵਾਲੀ ਨਲੀ ਵਿੱਚ ਮਿੱਟੀ ਫਸ ਗਈ। ਰਵਿੰਦਰ ਕੌਰ 2014 ਵਿੱਚ ਮਾਸਟਰ ਕੇਡਰ ਵਜੋਂ ਭਰਤੀ ਹੋਈ ਸੀ। ਹਾਦਸੇ ਤੋਂ ਬਾਅਦ ਸਕੂਲ ਦੇ ਵਿਦਿਆਰਥੀਆਂ ਵਿੱਚ ਸੋਗ ਦੀ ਲਹਿਰ ਹੈ। ਹਾਦਸੇ ਦੇ ਸਮੇਂ 600 ਤੋਂ ਵੱਧ ਵਿਦਿਆਰਥੀ ਪੜ੍ਹ ਰਹੇ ਸਨ।

ਰਵਿੰਦਰਪਾਲ ਕੌਰ ਸਮਾਜਿਕ ਵਿਸ਼ੇ ਦੇ ਅਧਿਆਪਕ ਸਨ। ਉਹ 6ਵੀਂ ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੜ੍ਹਾਉਂਦੀ ਸੀ। ਜੂਨ ਮਹੀਨੇ ਵਿੱਚ ਹੀ ਉਹ ਨੂਰਪੁਰ ਬੇਟ ਤੋਂ ਬੱਦੋਵਾਲ ਦੇ ਸਰਕਾਰੀ ਸਕੂਲ ਵਿੱਚ ਬਦਲੀ ਕਰਵਾ ਕੇ ਆਈ ਸੀ। ਉਹ ਮਹਾਂਨਗਰ ਦੀ ਹਾਊਸਿੰਗ ਬੋਰਡ ਕਾਲੋਨੀ ਵਿੱਚ ਰਹਿ ਰਹੀ ਸੀ। ਉਹ ਆਪਣੇ ਪਿੱਛੇ ਇੱਕ ਪੁੱਤਰ ਅਤੇ ਪਤੀ ਮਨਦੀਪ ਸਿੰਘ ਛੱਡ ਗਈ ਹੈ।

ਲੁਧਿਆਣਾ ਦੀ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ। ਸਿੱਖਿਆ ਵਿਭਾਗ ਵੀ ਆਪਣੇ ਪੱਧਰ ’ਤੇ ਜਾਂਚ ਕਰੇਗਾ। ਠੇਕੇਦਾਰ ਅਨਮੋਲ ਕਤਿਆਲ ਦੇ ਪਿਤਾ ਸ. ਕਾਲਾ ਕਤਿਆਲ ਜਗਰਾਉਂ ਵਿੱਚ ਭਾਜਪਾ ਦੇ ਸਾਬਕਾ ਕੌਂਸਲਰ ਰਹਿ ਚੁੱਕੇ ਹਨ। ਅਕਾਲੀ-ਭਾਜਪਾ ਸਰਕਾਰ ਦੌਰਾਨ ਜਗਰਾਉਂ ਦੀਆਂ ਮੁੱਖ ਸੜਕਾਂ ਦੇ ਨਿਰਮਾਣ ਕਾਰਜਾਂ ਦੇ ਠੇਕੇ ਉਨ੍ਹਾਂ ਨੂੰ ਮਿਲਦੇ ਰਹੇ ਹਨ।

ਰਿਕਾਰਡ ਦਰਸਾਉਂਦੇ ਹਨ ਕਿ ਸਕੂਲ ਦੀ ਇਮਾਰਤ ਅਸਲ ਵਿੱਚ 1960 ਵਿੱਚ ਬਣਾਈ ਗਈ ਸੀ। ਇਸ ਸਮੇਂ ਇਹ ਮਾੜੀ ਹਾਲਤ ਵਿੱਚ ਸੀ। ਹਾਦਸੇ ਦੇ ਸਮੇਂ ਦੂਜੀ ਮੰਜ਼ਿਲ ‘ਤੇ ਉਸਾਰੀ ਦਾ ਕੰਮ ਚੱਲ ਰਿਹਾ ਸੀ। ਸਿੱਟੇ ਵਜੋਂ ਸਪੋਰਟਿੰਗ ਪਿੱਲਰ ਦੇ ਡਿੱਗਣ ਨਾਲ ਗਰਾਊਂਡ ਫਰੋਲ ‘ਤੇ ਸਟਾਫ਼ ਰੂਮ ਦੀ ਛੱਤ ਡਿੱਗ ਗਈ। ਪੰਚਾਇਤੀ ਰਾਜ ਵਿਭਾਗ ਵੱਲੋਂ ਮੁਰੰਮਤ ਦਾ ਕੰਮ ਠੇਕੇਦਾਰ ਨੂੰ ਦਿੱਤਾ ਗਿਆ ਸੀ।

ਸਕੂਲ ਸਟਾਫ਼ ਅਨੁਸਾਰ ਚਾਰੇ ਅਧਿਆਪਕ ਆਪੋ-ਆਪਣੀਆਂ ਜਮਾਤਾਂ ਲੈ ਕੇ ਸਟਾਫ਼ ਰੂਮ ਵਿੱਚ ਬੈਠੇ ਸਨ ਜਦੋਂ ਅਚਾਨਕ ਛੱਤ ਡਿੱਗ ਗਈ ਅਤੇ ਅਧਿਆਪਕਾਂ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ। ਕੈਂਪਸ ਵਿੱਚ ਹਫ਼ੜਾ-ਦਫ਼ੜੀ ਮੱਚ ਗਈ। ਇਸ ਦੌਰਾਨ ਹੰਗਾਮਾ ਹੋ ਗਿਆ ਅਤੇ ਪੁਲਿਸ ਕੰਟਰੋਲ ਰੂਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਗਈ।

ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਕਿਹਾ ਕਿ ਇਸ ਹਾਦਸੇ ਦੀ ਜਾਂਚ ਬਿਨਾਂ ਕਿਸੇ ਦਬਾਅ ਦੇ ਨਿਰਪੱਖਤਾ ਨਾਲ ਕੀਤੀ ਜਾ ਰਹੀ ਹੈ। ਫ਼ਿਲਹਾਲ ਸਕੂਲ ਨੂੰ ਸੀਲ ਕਰ ਦਿੱਤਾ ਗਿਆ ਹੈ। ਜ਼ਖ਼ਮੀ ਅਧਿਆਪਕਾਂ ਦੀ ਹਾਲਤ ਸਥਿਰ ਹੈ। ਇੱਕ ਅਧਿਆਪਕਾ ਰਵਿੰਦਰ ਕੌਰ ਦੀ ਮੌਤ ਹੋ ਗਈ ਹੈ। ਮੈਜਿਸਟ੍ਰੇਟ ਜਾਂਚ ਕਮੇਟੀ ਦੀ ਜਾਂਚ ਤੋਂ ਬਾਅਦ ਹੀ ਹਾਦਸੇ ਦੇ ਮੁੱਖ ਕਾਰਨਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਜੋ ਵੀ ਦੋਸ਼ੀ ਹੋਵੇਗਾ, ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।