ਸਰਕਾਰੀ ਬੱਸਾਂ ਤੋਂ ਨਹੀਂ ਹੱਟਣਗੀਆਂ ਸੰਤ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ
‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਇੱਕ ਵਾਰ ਫਿਰ ਆਪਣੇ ਫੈਸਲੇ ਤੋਂ ਪਿੱਛੇ ਹੱਟ ਗਈ ਹੈ। ਪੰਜਾਬ ਸਰਕਾਰ ਨੇ ਧਾਰਮਿਕ ਜਥੇਬੰਦੀਆਂ ਦੇ ਵਿਰੋਧ ਅੱਗੇ ਝੁਕਦਿਆਂ ਸਰਕਾਰੀ ਬੱਸਾਂ ਤੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਹਟਾਉਣ ਦੇ ਹੁਕਮ ਵਾਪਸ ਲੈ ਲਏ ਹਨ। ਪੰਜਾਬ ਸਰਕਾਰ ਵੱਲੋਂ ਇੱਕ ਸ਼ਿਕਾਇਤ ਦੇ ਬਾਅਦ ਸਰਕਾਰੀ ਬੱਸਾਂ ਨੂੰ ਸੰਤਾਂ ਦੀ ਤਸਵੀਰ ਉਤਾਰਨ ਦੇ ਹੁਕਮ ਦਿੱਤੇ ਗਏ ਸਨ । ਸਰਕਾਰ ਨੇ ਆਪਣੇ ਪਹਿਲੇ ਫੈਸਲੇ ਤੋਂ ਪਲਟਦਿਆਂ ਪੱਤਰ ਵਾਪਸ ਲੈ ਲਿਆ ਹੈ। ਪੱਤਰ ਵਿੱਚ ਕੁਝ ਧਾਰਮਿਕ ਸੰਸਥਾਵਾਂ ਵੱਲੋਂ ਇਤਰਾਜ਼ ਜਤਾਉਣ ਕਰਕੇ ਇਹ ਨੋਟਿਸ ਵਾਪਸ ਲੈਣ ਦਾ ਹਵਾਲਾ ਦਿੱਤਾ ਗਿਆ ਹੈ।

ਮਾਨ ਸਰਕਾਰ ਦੇ ਇਸ ਫੈਸਲੇ ‘ਤੇ ਬੀਜੇਪੀ ਨੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ‘ਮੁੱਖ ਮੰਤਰੀ ਨੇ ਖਾਲਿ ਸ ਤਾਨੀਆਂ ਅੱਗੇ ਗੋਡੇ ਟੇਕੇ ਹਨ।’ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਟਵੀਟ ਕਰਕੇ ਲਿਖਿਆ ਹੈ ਕਿ ‘ਇਹ ਹੁਕਮ ਇਸ ਗੱਲ ਦਾ ਸਬੂਤ ਹੈ ਕਿ ਭਗਵੰਤ ਮਾਨ ਸਰਕਾਰ ਨੇ ਖਾ ਲਿ ਸਤਾਨੀਆਂ ਅੱਗੇ ਗੋਡੇ ਟੇਕਦੇ ਹੋਏ ਪੰਜਾਬ ਦੀਆਂ ਸਰਕਾਰੀ ਬੱਸਾਂ ਤੋਂ ਅੱਤ ਵਾ ਦੀਆਂ ਦੀਆਂ ਤਸਵੀਰਾਂ ਹਟਾਉਣ ਦਾ ਆਪਣਾ ਫੈਸਲਾ ਵਾਪਸ ਲੈ ਲਿਆ ਹੈ…ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰੇ ਨੂੰ ਤੋੜਨ ਵਾਲੀਆਂ ਤਾਕਤਾਂ ਸ਼ਕਤੀਸ਼ਾਲੀ ਹੁੰਦੀਆਂ ਜਾ ਰਹੀਆਂ ਨੇ ਅਤੇ ਕਮਜ਼ੋਰ ਮੁੱਖ ਮੰਤਰੀ ਦੇ ਕਾਰਨ ਖ਼ਤਰਾ ਹੋਰ ਵਧ ਗਿਆ ਹੈ।

ਪੰਜਾਬ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਅਤੇ ਪੈਪਸੂ ਦੀਆਂ ਕੁਝ ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਵੱਲੋਂ ਉਨ੍ਹਾਂ ਦੀਆਂ ਬੱਸਾਂ ‘ਤੇ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਸਮਰਥਕਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਸਨ, ਜਿਸ ‘ਤੇ ਪੰਜਾਬ ਪੁਲਿਸ ਨੇ ਇਤਰਾਜ਼ ਕਰਦਿਆਂ ਬੱਸਾਂ ਤੋਂ ਤਸਵੀਰਾਂ ਹਟਾਉਣ ਲਈ ਆਰਡਰ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਦੇ ਆਧਾਰ ’ਤੇ ਪੈਪਸੂ ਨੇ ਵੀ ਪੱਤਰ ਜਾਰੀ ਕਰਕੇ ਇਨ੍ਹਾਂ ਨੂੰ ਹਟਾਉਣ ਲਈ ਕਿਹਾ ਸੀ।

ਡੀਜੀਪੀ ਦਫ਼ਤਰ ਵੱਲੋਂ ਸੂਬੇ ਦੇ ਕਮਿਸ਼ਨਰਾਂ ਤੇ ਜ਼ਿਲ੍ਹਾ ਮੁਖੀਆਂ ਨੂੰ ਆਦੇਸ਼ ਜਾਰੀ ਕੀਤੇ ਗਏ ਸਨ ਕਿ ਇਨ੍ਹਾਂ ਤਸਵੀਰਾਂ ਨੂੰ ਹਟਾਇਆ ਜਾਏ, ਜਿਸ ਵਿੱਚ ਬੱਸਾਂ ਦੀਆਂ ਨੰਬਰ ਪਲੇਟਾਂ ਵੀ ਸਪੱਸ਼ਟ ਨਹੀਂ ਲਿਖੀਆਂ ਗਈਆਂ ਸਨ। ਇਸ ਤੋਂ ਇਲਾਵਾ ਬਰਨਾਲਾ, ਬਠਿੰਡਾ ਤੇ ਸੰਗਰੂਰ ਡਿਪੂਆਂ ਦੀਆਂ ਕੁਝ ਪੀਆਰਟੀਸੀ ਤੇ ਪੈਪਸੂ ਦੀਆਂ ਬੱਸਾਂ ’ਤੇ ਭੜ ਕਾਊ ਸ਼ਬਦ ਲਿਖੇ ਗਏ ਸੀ। ਡੀਜੀਪੀ ਨੇ ਇਨ੍ਹਾਂ ਤਸਵੀਰਾਂ ਅਤੇ ਨਾਅਰਿਆਂ ਨੂੰ ਪ੍ਰਾਈਵੇਟ ਤੇ ਸਰਕਾਰੀ ਬੱਸਾਂ ਤੋਂ ਜਲਦੀ ਤੋਂ ਜਲਦੀ ਹਟਾਉਣ ਦੇ ਨਿਰਦੇਸ਼ ਦਿੱਤੇ ਸੀ।
ਪੀਆਰਟੀਸੀ ਬੱਸਾਂ ਤੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਹਟਾਉਣ ਦੇ ਸਰਕਾਰੀ ਆਦੇਸ਼ਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਈ ਸਿੱਖ ਜਥੇਬੰਦੀਆਂ ਨੇ ਵਿਰੋਧ ਜਤਾਇਆ ਸੀ।