ਹਿਮਾਚਲ ਪ੍ਰਦੇਸ਼ ਵਿੱਚ ਨੌਕਰੀਆਂ ਦਾ ਖ਼ਜ਼ਾਨਾ ਖੁੱਲ੍ਹਣ ਵਾਲਾ ਹੈ। ਸਰਕਾਰ ਸੂਬੇ ਦੇ ਸਿੱਖਿਆ ਵਿਭਾਗ ਵਿੱਚ ਅਧਿਆਪਕਾਂ ਦੀਆਂ 5291 ਅਸਾਮੀਆਂ ਭਰਨ ਜਾ ਰਹੀ ਹੈ। ਸਰਕਾਰ ਵੱਲੋਂ ਇਸ ਸਬੰਧੀ ਅਧਿਕਾਰਤ ਸੂਚਨਾ ਜਾਰੀ ਕਰ ਦਿੱਤੀ ਗਈ ਹੈ ਅਤੇ ਅਸਾਮੀ ਭਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ।
ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਜੇਬੀਟੀ ਦੀਆਂ 2521 ਖ਼ਾਲੀ ਅਸਾਮੀਆਂ ਭਰੇਗੀ। ਇਸ ਤੋਂ ਇਲਾਵਾ ਟੀਜੀਟੀ (ਐਨਐਮ) 776, ਟੀਜੀਟੀ (ਮੈਡੀਕਲ) 430, ਸ਼ਾਸਤਰੀ 494 ਅਤੇ ਟੀਜੀਟੀ (ਆਰਟਸ) ਦੀਆਂ 1070 ਅਸਾਮੀਆਂ ਭਰੀਆਂ ਜਾਣਗੀਆਂ।
ਸਰਕਾਰ ਜਲਦੀ ਹੀ ਇਨ੍ਹਾਂ ਅਸਾਮੀਆਂ ਨੂੰ ਭਰਨ ਲਈ ਪ੍ਰਕਿਰਿਆ ਸ਼ੁਰੂ ਕਰੇਗੀ। ਇਹ ਭਰਤੀ ਵੀ ਬੈਚ ਵਾਈਜ਼ ਹੋਵੇਗੀ। ਅੱਧੀਆਂ ਅਸਾਮੀਆਂ ਵੀ ਚੋਣ ਕਮਿਸ਼ਨ ਰਾਹੀਂ ਭਰੀਆਂ ਜਾਣਗੀਆਂ। ਭਾਵ 50 ਫ਼ੀਸਦੀ ਭਰਤੀ ਬੈਚ ਵਾਈਜ਼ ਅਤੇ ਬਾਕੀ ਟੈੱਸਟ ਰਾਹੀਂ ਕੀਤੀ ਜਾਵੇਗੀ। ਆਰਟਸ ਅਤੇ ਫਿਜ਼ੀਕਲ ਐਜੂਕੇਸ਼ਨ ਅਧਿਆਪਕਾਂ ਨੂੰ ਰੈਸ਼ਨੇਲਾਈਜੇਸ਼ਨ ਕਰਨ ਸਬੰਧੀ ਵੀ ਹੁਕਮ ਜਾਰੀ ਕੀਤੇ ਗਏ ਹਨ। 100 ਤੋਂ ਵੱਧ ਵਿਦਿਆਰਥੀ ਵਾਲੇ ਸਕੂਲਾਂ ਵਿੱਚ ਘੱਟ ਗਿਣਤੀ ਵਾਲੇ ਸਕੂਲਾਂ ਵਿੱਚੋਂ ਅਧਿਆਪਕ ਭੇਜੇ ਜਾਣਗੇ।
ਹਾਲ ਹੀ ਵਿੱਚ ਕੈਬਨਿਟ ਮੀਟਿੰਗ ਵਿੱਚ ਰਾਜ ਚੋਣ ਕਮਿਸ਼ਨ ਦੇ ਗਠਨ ਨੂੰ ਮਨਜ਼ੂਰੀ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਪੇਪਰ ਲੀਕ ਹੋਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਸਟਾਫ਼ ਸਿਲੈੱਕਸ਼ਨ ਕਮਿਸ਼ਨ, ਹਮੀਰਪੁਰ ਨੂੰ ਭੰਗ ਕਰ ਦਿੱਤਾ ਗਿਆ ਸੀ। ਇਸ ਕਮਿਸ਼ਨ ਵੱਲੋਂ ਲਈਆਂ ਗਈਆਂ 25 ਭਰਤੀ ਪ੍ਰੀਖਿਆਵਾਂ ਵਿੱਚੋਂ 19 ਦੀ ਜਾਂਚ ਚੱਲ ਰਹੀ ਹੈ ਅਤੇ ਇਹ ਸਾਹਮਣੇ ਆਇਆ ਹੈ ਕਿ 11 ਭਰਤੀਆਂ ਦੇ ਪੇਪਰ ਲੀਕ ਹੋਏ ਹਨ।
ਫ਼ਿਲਹਾਲ ਇਨ੍ਹਾਂ ਸਾਰਿਆਂ ਦੀ ਜਾਂਚ ਚੱਲ ਰਹੀ ਹੈ। ਸੀ ਐੱਮ ਸੁੱਖੂ ਨੇ ਇਹ ਜਾਣਕਾਰੀ ਵਿਧਾਨ ਸਭਾ ਦੇ ਚੱਲ ਰਹੇ ਮਾਨਸੂਨ ਇਜਲਾਸ ਵਿੱਚ ਦਿੱਤੀ ਅਤੇ ਕਿਹਾ ਕਿ ਚੋਣ ਕਮਿਸ਼ਨ ਦਾ ਗਠਨ ਜਲਦੀ ਹੀ ਕੀਤਾ ਜਾਵੇਗਾ। ਫ਼ਿਲਹਾਲ ਵੀਰਵਾਰ ਨੂੰ ਸਰਕਾਰ ਨੇ ਭੰਗ ਕੀਤੇ ਚੋਣ ਕਮਿਸ਼ਨ ਦੇ ਚੇਅਰਮੈਨ ਸਮੇਤ ਮੈਂਬਰਾਂ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਹਨ।