Punjab

24 ਘੰਟਿਆਂ ‘ਚ ਹੋਇਆ ਫੈਸਲਾ, ਕਿਸਾਨ ਵੀ ਜਿੱਤੇ, ਸਰਕਾਰ ਵੀ ਜਿੱਤੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਮੰਗਾਂ ਲਈ ਸੰਘਰਸ਼ ਕਰ ਰਹੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਆਖਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੀਟਿੰਗ ਹੋ ਹੀ ਗਈ। ਮੁੱਖ ਮੰਤਰੀ ਨਾਲ ਮੀਟਿੰਗ ਲਈ ਪੰਜਾਬ ਦੇ ਕਿਸਾਨ ਆਗੂ ਚੰਡੀਗੜ੍ਹ ਸਥਿਤ ਪੰਜਾਬ ਭਵਨ ਪਹੁੰਚੇ। ਕਰੀਬ 2 ਘੰਟੇ ਬੈਠਕ ਹੋਈ, ਜਿਹੜੀ ਸ਼ਾਇਦ 2 ਪੜਾਵਾਂ ਵਿੱਚ ਹੋਈ। ਗਿਲੇ ਸ਼ਿਕਵੇ ਦੂਰ ਕਰਦੇ ਹੋਏ ਦੋਵਾਂ ਧਿਰਾਂ ਵਿੱਚ ਸੁਖਾਵੇਂ ਮਾਹੌਲ ਵਿੱਚ ਬੈਠਕ ਹੋਈ। ਸਰਕਾਰ ਅਤੇ ਕਿਸਾਨਾਂ ਵਿਚਕਾਰ ਤਕਰੀਬਨ ਸਾਰੀਆਂ ਮੰਗਾਂ ਨੂੰ ਲੈ ਕੇ ਸਹਿਮਤੀ ਬਣ ਗਈ ਹੈ। ਹਾਲਾਂਕਿ, ਬੈਠਕ ਦਾ ਨਤੀਜਾ ਜਾਨਣ ਲਈ ਕਿਸਾਨਾਂ ਸਮੇਤ ਮੀਡੀਆ ਨੂੰ ਕਾਫੀ ਲੰਬਾ ਇੰਤਜ਼ਾਰ ਕਰਨਾ ਪਿਆ ਕਿਉਂਕਿ ਕਿਸਾਨਾਂ ਨੇ ਮੰਗਾਂ ਮੰਨੇ ਜਾਣ ਉੱਤੇ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਮੋਹਰ ਲਵਾਈ, ਜਿਨਾਂ ਨੇ ਬਾਕਾਇਦਾ ਕਿਸਾਨਾਂ ਦੇ ਮੋਰਚੇ ਮੁਹਾਲੀ-ਚੰਡੀਗੜ ਬਾਰਡਰ ਉੱਤੇ ਆ ਕੇ ਮੰਨੀਆਂ ਮੰਗਾਂ ਦਾ ਐਲਾਨ ਕੀਤਾ।

ਉਸ ਤੋਂ ਪਹਿਲਾਂ ਜਦੋਂ ਤੱਕ ਮੰਤਰੀ ਮੋਰਚੇ ਵਿੱਚ ਪਹੁੰਚੇ, ਉਦੋਂ ਤੱਕ ਟਰਾਲੀ ਸਟੇਜ ਤੋਂ ਕਿਸਾਨਾਂ ਨੇ ਸਭ ਨੂੰ ਸੰਬੋਧਨ ਕੀਤਾ। ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਸੀ ਕਿ ਮੰਗਾਂ ਭਾਵੇਂ ਮੰਨ ਲਈਆਂ ਹਨ ਪਰ ਜਿਨ੍ਹਾਂ ਚਿਰ ਕੋਈ ਮੰਤਰੀ ਇੱਥੇ ਆ ਕੇ ਅਧਿਕਾਰਤ ਐਲਾਨ ਨਹੀਂ ਕਰਦਾ, ਉਦੋਂ ਤੱਕ ਅਸੀਂ ਇੱਥੋਂ ਉੱਠਾਂਗੇ ਨਹੀਂ। ਪਰ ਸਰਕਾਰ ਵੱਲੋਂ 24 ਘੰਟਿਆਂ ਦੇ ਅੰਦਰ ਕਈ ਅਹਿਮ ਮੰਗਾਂ ਮੰਨੇ ਜਾਣ ਤੋਂ ਬਾਅਦ ਕਿਸਾਨਾਂ ਨੇ ਮੋਰਚਾ ਫਤਿਹ ਦੀ ਅਰਦਾਸ ਕੀਤੀ। ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮੋਰਚਾ ਖਤਮ ਨਹੀਂ ਮੁਲਤਵੀ ਹੋਇਆ ਹੈ, ਕੋਈ ਕਸਰ ਰਹੀ ਤਾਂ ਫੇਰ ਆਵਾਂਗੇ।

ਜਿਵੇਂ ਹੀ ਮੰਤਰੀ ਮੋਰਚੇ ਵਾਲੀ ਥਾਂ ਪਹੁੰਚੇ ਕਿਸਾਨਾਂ ਵਿੱਚ ਜੋਸ਼ ਭਰ ਗਿਆ। ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਆਪਣੀ ਤਕਰੀਰ ਦੀ ਸ਼ੁਰੂਆਤ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਤੋਂ ਕੀਤੀ। ਜਿਨ੍ਹਾਂ ਮੰਗਾਂ ਉੱਤੇ ਸਹਿਮਤੀ ਬਣੀ, ਜਦੋਂ ਉਨ੍ਹਾਂ ਦਾ ਐਲਾਲ ਕੀਤਾ ਗਿਆ ਤਾਂ ਕਿਸਾਨਾਂ ਨੇ ਹੱਥ ਖੜੇ ਕਰਕੇ ਸੁਆਗਤ ਕੀਤਾ।

ਸਰਕਾਰ ਨੇ ਕਿਸਾਨਾਂ ਦੀਆਂ ਇਹ ਮੰਗਾਂ ਮੰਨੀਆਂ

1.        ਝੋਨਾ ਲਵਾਈ ਦੀਆਂ ਤਰੀਕਾਂ ਵਿੱਚ ਹੋਈ ਤਬਦੀਲੀ, ਦੋ ਜ਼ੋਨਾਂ ‘ਚ ਵੰਡਿਆ ਪੰਜਾਬ, 14 ਅਤੇ 17 ਜੂਨ ਨੂੰ ਝੋਨਾ ਲੱਗਣਾ ਹੋਵੇਗਾ ਸ਼ੁਰੂ

2.       ਝੋਨਾ ਲਵਾਈ ਦੀਆਂ ਤਰੀਕਾਂ ਤੋਂ ਤਿੰਨ ਦਿਨ ਪਹਿਲਾਂ ਸ਼ੁਰੂ ਹੋ ਜਾਵੇਗੀ ਬਿਜਲੀ ਦੀ ਸਪਲਾਈ।

3.       ਕਣਕ ਦੇ ਬੋਨਸ, ਮੱਕੀ ਅਤੇ ਬਾਸਮਤੀ ‘ਤੇ ਐੱਮਐਸਪੀ ਲਈ ਗ੍ਰਹਿ ਮੰਤਰੀ ਨਾਲ ਮੀਟਿੰਗ ਕਰਨ ਲਈ ਦਿੱਲੀ ਜਾਣਗੇ CM ਭਗਵੰਤ ਮਾਨ।

4.       ਮੂੰਗੀ ਦੀ ਫ਼ਸਲ ਉੱਤੇ ਐੱਮਐੱਸਪੀ ਦਾ ਨੋਟੀਫਿਕੇਸ਼ਨ ਹੋਇਆ ਜਾਰੀ, ਘੱਟੋ ਘੱਟ ਕੀਮਤ 72 ਤੋਂ  75 ਰੁਪਏ ਪ੍ਰਤੀ ਕੁਇੰਟਲ ਹੋਈ ਤੈਅ।

5.       ਅੱਜ ਤੋਂ ਪੰਜਾਬ ਵਿੱਚ ਕਰਜ਼ਾ ਕੁਰਕੀ ਦੇ ਕੋਈ ਵੀ ਅਧਿਕਾਰੀ ਵਾਰੰਟ ਨਹੀਂ ਲੈ ਕੇ ਜਾਵੇਗਾ। ਕਿਸਾਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ।

6.       ਦੋ ਹਿੱਸਿਆਂ ਵਿੱਚ ਵੰਡੀ ਜਾਵੇਗੀ ਪੰਚਾਇਤੀ ਰਾਜ ਦੀਆਂ ਸ਼ਾਮਲਾਟ ਜ਼ਮੀਨਾਂ ਤੋਂ ਕਬਜ਼ਾ ਲੈਣ ਦੀ ਮੁਹਿੰਮ।

7.       BBMB ਦੇ ਮੁੱਦੇ ਬਾਰੇ ਵੀ ਕੱਲ੍ਹ ਮੁੱਖ ਮੰਤਰੀ ਮਾਨ ਕੇਂਦਰੀ ਗ੍ਰਹਿ ਮੰਤਰੀ ਨਾਲ ਵਿਚਾਰ ਕੇ ਆਉਣਗੇ।

8.       ਨਹੀਂ ਲੱਗਣਗੇ ਚਿੱਪ ਵਾਲੇ ਬਿਜਲੀ ਮੀਟਰ

9.       ਸਹਿਕਾਰੀ ਅਤੇ ਪ੍ਰਾਈਵੇਟ ਮਿੱਲਾਂ ਵਾਲਿਆਂ ਕੋਲੋਂ ਲੈ ਕੇ ਦਿੱਤਾ ਜਾਵੇਗਾ ਗੰਨੇ ਦਾ ਬਕਾਇਆ।

10.      4800 ਤੋਂ ਘਟਾ ਕੇ 2500 ਰੁਪਏ ਕੀਤਾ ਮੋਟਰ ਦਾ ਲੋਡ।

ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਜਿੰਨਾ ਤੁਹਾਨੂੰ ਦਰਦ ਹੈ, ਓਨਾ ਹੀ ਮੈਨੂੰ ਦਰਦ ਹੈ। ਕਿਸਾਨਾਂ ਨੂੰ ਧਰਨਾ ਲਾਉਣ ਦੀ ਲੋੜ ਨਹੀਂ ਪਵੇਗੀ, ਕਿਸਾਨ ਹੁਣ ਜਿਹੜੀ ਵੀ ਮੰਗ ਲੈ ਕੇ ਆਉਣਗੇ, ਮਾਨ ਸਰਕਾਰ ਕਿਸਾਨਾਂ ਦੀ ਹਰ ਮੰਗ ਨੂੰ ਪੂਰਾ ਕਰਨਗੇ। ਪੰਜਾਬ ਦੇ ਕਿਸਾਨਾਂ ਦੀ ਕਰਜ਼ਾ ਮੁਕਤੀ ਹੋਵੇਗੀ, ਬਸ ਸਾਨੂੰ ਥੋੜਾ ਸਮਾਂ ਦਿਉ।

ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮੋਟਰ ਦਾ ਲੋਡ ਸਰਕਾਰ ਨੇ 4800 ਤੋਂ ਘਟਾ ਕੇ 2500 ਰੁਪਏ ਕੀਤਾ ਹੈ। ਕਣਕ ਦੇ ਬੋਨਸ ਬਾਰੇ ਅਸੀਂ ਸਰਕਾਰ ਨੂੰ ਕਿਹਾ ਸੀ ਕਿ ਜੇ ਕੁੱਝ ਹੋਰ ਨਹੀਂ ਹੁੰਦਾ ਤਾਂ ਤੁਸੀਂ ਬੈਂਕਾਂ ਨਾਲ ਘੱਟੋ ਘੱਟ ਗੱਲਬਾਤ ਕਰਕੇ ਕਿਸਾਨਾਂ ਦਾ ਛੇ ਮਹੀਨਿਆਂ ਦਾ ਵਿਆਜ ਜ਼ਰੂਰ ਲੁਹਾ ਦਿਉ। ਇਸ ਉੱਤੇ ਸਰਕਾਰ ਨੇ ਸਹਿਮਤੀ ਪ੍ਰਗਟਾਈ ਹੈ। ਉਨ੍ਹਾਂ ਨੇ ਕਿਹਾ ਕਿ ਜੇ ਸਰਕਾਰ ਵੱਲੋਂ ਬੋਨਸ ਵਾਲੇ ਪਾਸਿਉਂ ਕੋਈ ਘਾਟ ਰਹਿੰਦੀ ਹੈ ਤਾਂ ਇਸ ਤਰੀਕੇ ਉਸਨੂੰ ਪੂਰਾ ਕੀਤਾ ਜਾਵੇਗਾ।

ਜੋ ਕਿਸਾਨ ਲਿਫਟ ਪੰਪਾਂ ਨਾਲ ਪਾਣੀ ਚੱਕ ਕੇ ਆਪਣੀ ਖੇਤੀ ਨੂੰ ਲਾਉਂਦੇ ਹਨ, ਉਹ ਮੁਸ਼ਕਿਲ ਵੀ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਂਦੀ ਗਈ ਹੈ। ਸਰਕਾਰ ਨੇ ਹੱਲ ਕਰਨ ਦਾ ਜਲਦ ਭਰੋਸਾ ਦਿੱਤਾ ਹੈ। ਮਾਨ ਸਰਕਾਰ ਨੇ ਪਰਾਲੀ ਵਾਲੇ ਕੇਸਾਂ ਵਿੱਚ ਜੇ ਕਿਸੇ ਕਿਸਾਨ ਉੱਤੇ ਕੋਈ ਦਰਜ ਕੇਸ ਰਹਿ ਗਿਆ ਹੈ ਤਾਂ ਉਸਨੂੰ ਵੀ ਜਲਦ ਵਾਪਸ ਲੈਣ ਦਾ ਭਰੋਸਾ ਦਿੱਤਾ ਹੈ।

ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਮਿੱਲਾਂ ਕੋਲ ਜੋ ਬਕਾਇਆ ਖੜਾ ਹੈ, ਉਨ੍ਹਾਂ ਦਾ ਭਾਵੇਂ ਸਾਨੂੰ ਪ੍ਰਾਪਰਟੀ ਕਿਉਂ ਨਾ ਵੇਚਣੀ ਪੈ ਜਾਵੇ, ਪਰ ਅਸੀਂ ਕਿਸਾਨਾਂ ਦੇ ਪੈਸੇ ਦਿਵਾਵਾਂਗੇ।  ਸਰਕਾਰ ਨੇ ਰਹਿ ਗਏ ਸ਼ਹੀਦ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦਾ ਭਰੋਸਾ ਵੀ ਦਿੱਤਾ ਹੈ। ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮੰਗਾਂ ਭਾਵੇਂ ਮੰਨ ਲਈਆਂ ਹਨ ਪਰ ਜਿਨ੍ਹਾਂ ਚਿਰ ਕੋਈ ਮੰਤਰੀ ਇੱਥੇ ਆ ਕੇ ਅਧਿਕਾਰਤ ਐਲਾਨ ਨਹੀਂ ਕਰਦਾ, ਉਦੋਂ ਤੱਕ ਅਸੀਂ ਇੱਥੋਂ ਉੱਠਾਂਗੇ ਨਹੀਂ।