ਅੰਮ੍ਰਿਤਸਰ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਦੇ ਸਰਹੱਦੀ ਖਿੱਤੇ ਵਿੱਚ ਹਾਲਾਤਾਂ ਬਾਰੇ ਚਿੰਤਾ ਜ਼ਾਹਿਰ ਕੀਤੀ ਹੈ । ਉਹਨਾਂ ਅੱਜ ਸਰਹੱਦੀ ਪਿੰਡਾਂ ਦੇ ਸਰਪੰਚਾਂ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਸੰਬੋਧਨ ਕੀਤਾ ਤੇ ਪੰਜਾਬ ਦਾ ਇਤਿਹਾਸ ਦੀ ਸਿਫਤ ਕਰਦਿਆਂ ਇਸ ਨੂੰ ਸ਼ਹਾਦਤਾਂ ਨਾਲ ਭਰਿਆ ਦੱਸਿਆ। ਉਹਨਾਂ ਇਹ ਵੀ ਕਿਹਾ ਕਿ ਪੰਜਾਬੀਆਂ ਨੇ ਦੇਸ਼ ਦੀ ਅਜ਼ਾਦੀ, ਏਕਤਾ ਤੇ ਅਖੰਡਤਾ ਦੀ ਰਾਖੀ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ।
ਪੰਜਾਬ ਸਰਹੱਦੀ ਸੂਬਾ ਹੋਣ ਕਾਰਨ ਸੁਰੱਖਿਆ ਦੇ ਲਿਹਾਜ ਤੋਂ ਬਹੁਤ ਅਹਿਮ ਹੈ। ਗੁਆਂਢੀ ਮੁਲਕ ਦਾ ਜ਼ਿਕਰ ਕਰਦੇ ਹੋਏ ਉਹਾਨਂ ਕਿਹਾ ਕਿ ਉਹ ਸਾਡੇ ਨਾਲ ਸਿੱਧਾ ਨਹੀਂ ਲੜ ਸਕਦਾ ਪਰ ਸਾਡੀ ਪੀੜ੍ਹੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਜ਼ਰੂਰ ਕਰ ਰਿਹਾ ਹੈ।ਬਦਕਿਸਮਤੀ ਨਾਲ ਸਾਡੇ ਕੁਝ ਲੋਕ ਵੀ ਇਨ੍ਹਾਂ ਨਾਲ ਰਲੇ ਹੋਏ ਹਨ। ਗੁਆਂਢੀ ਦੇਸ਼ ਪਾਕਿਸਤਾਨ ਹਮੇਸ਼ਾਂ ਹੀ ਪੰਜਾਬ ਅਤੇ ਦੇਸ਼ ਵਿੱਚ ਗੜਬੜ ਕਰਨ ਦੀ ਫਿਰਾਕ ਵਿੱਚ ਰਹਿੰਦਾ ਹੈ ਅਤੇ ਦੁਸ਼ਮਣ ਦੇ ਅਜਿਹੇ ਮਨਸੂਬਿਆਂ ਨੂੰ ਨਾਕਾਮ ਕਰਨ ਲਈ ਸਾਨੂੰ ਹੋਰ ਵੀ ਚੌਕਸ ਹੋਣ ਦੀ ਲੋੜ ਹੈ। ਸਰਹੱਦ ਪਾਰੋਂ ਹੁੰਦੀ ਨਸ਼ੇ ਅਤੇ ਹਥਿਆਰਾਂ ਦੀ ਸਮਗਲਿੰਗ ਨੂੰ ਰੋਕਣ ਲਈ ਜਿਥੇ ਬੀ.ਐੱਸ.ਐੱਫ ਅਤੇ ਹੋਰ ਸੁਰੱਖਿਆ ਏਜੰਸੀਆਂ ਪੂਰੀ ਤਨਦੇਹੀ ਨਾਲ ਲੱਗੀਆਂ ਹੋਈਆਂ ਹਨ ਓਥੇ ਸਰਹੱਦ ਨੇੜਲੇ ਪਿੰਡਾਂ ਦੇ ਵਸਨੀਕਾਂ ਨੂੰ ਵੀ ਮੁਸ਼ਤੈਦ ਰਹਿਣਾ ਚਾਹੀਦਾ ਹੈ।
ਸਰਹੱਦ ਨੇੜੇ ਹੁੰਦੀ ਗੈਰ ਕਾਨੂੰਨੀ ਮਾਈਨਿੰਗ ‘ਤੇ ਚਿੰਤਾ ਜ਼ਾਹਰ ਕਰਦਿਆਂ ਮਾਣਯੋਗ ਰਾਜਪਾਲ ਪੰਜਾਬ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਗੈਰ ਕਾਨੂੰਨੀ ਮਾਈਨਿੰਗ ਨਾਲ ਦੇਸ਼ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਸਰਹੱਦ ਨੇੜੇ ਹੁੰਦੀ ਗੈਰ-ਕਾਨੂੰਨੀ ਮਾਇਨਿੰਗ ਨੂੰ ਸਖਤੀ ਨਾਲ ਰੋਕਣ ਲਈ ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਅਤੇ ਅਜਿਹੀਆਂ ਥਾਵਾਂ ’ਤੇ ਮਾਇਨਿੰਗ ਕਰਨ ਵਾਲੇ ਵਿਅਕਤੀਆਂ ਖਿਲਾਫ ਹੋਰ ਦੇਸ਼ ਧਰੋਹ ਦਾ ਮਾਮਲਾ ਦਰਜ ਕਰਨ ਦੇ ਵੀ ਨਿਰਦੇਸ਼ ਦਿੱਤੇ। ਉਹਨਾਂ ਦੇਸ਼ ਦੀ ਸੁਰੱਖਿਆ ਨੂੰ ਸਭ ਤੋਂ ਉੱਪਰ ਦੱਸਿਆ ਤੇ ਕਿਹਾ ਕਿ ਇਸ ਵਿਚ ਕੋਈ ਅਣਗਿਹਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਰਾਜਪਾਲ ਸਰਹੱਦੀ ਪਿੰਡਾਂ ਦੇ ਪੰਚਾਂ ਤੇ ਸਰਪੰਚਾਂ ਨੂੰ ਵੀ ਦੇਸ਼ ਦੀ ਸੁਰੱਖਿਆ ਸਬੰਧੀ ਚਿੰਤਾਵਾਂ ਤੋਂ ਪਿੰਡ ਵਾਸੀਆਂ ਨੂੰ ਜਾਣੂ ਕਰਵਾਉਣ ਤੇ ਉਨ੍ਹਾਂ ਨੂੰ ਚੌਕਸ ਕਰਦੇ ਰਹਿਣ ਲਈ ਵੀ ਆਖਿਆ। ਉਨ੍ਹਾਂ ਸਰਹੱਦੀ ਪਿੰਡਾਂ ਦੇ ਵਸਨੀਕਾਂ ਨੂੰ ਵੀ ਸੁਰੱਖਿਆ ਬੱਲਾਂ ਨੂੰ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ ਤੇ ਕਿਹਾ ਕਿ ਜਦੋਂ ਵੀ ਕਿਸੇ ਸ਼ੱਕੀ ਕਾਰਵਾਈ ਦਾ ਪਤਾ ਲੱਗੇ ਤਾਂ ਉਹ ਤੁਰੰਤ ਇਸਦੀ ਸੂਚਨਾ ਸੁਰੱਖਿਆ ਏਜੰਸੀਆਂ ਨੂੰ ਦੇਣ। ਇਸ ਤੋਂ ਇਲਾਵਾ ਸਰਹੱਦ ਪਾਰੋਂ ਸਮਗਲਿੰਗ ਲਈ ਡਰੋਨ ਦੀ ਵਰਤੋਂ ਵੀ ਹੁਣ ਬਹੁਤ ਹੋ ਰਹੀ ਹੈ ,ਸੋ ਚੌਕਸ ਰਿਹਾ ਜਾਵੇ ।