ਫਰੀਦਕੋਟ : ਬਹਿਬਲ ਕਲਾਂ ਗੋਲੀਕਾਂਡ ਮਾਮਲੇ ਨੂੰ ਲੈ ਕੇ SIT ਨੇ ਫ਼ਰੀਦਕੋਟ ਅਦਾਲਤ ਨੂੰ ਆਪਣੀ ਸਟੇਟਸ ਰਿਪੋਰਟ ਸੌਂਪ ਦਿੱਤੀ ਹੈ। ਹਾਈਕਰੋਟ ਦੇ ਹੁਕਮ ਤੋਂ ਬਾਅਦ ਇਹ ਸੀਲਬੰਦ ਰਿਪੋਰਟ ਸੌਂਪੀ ਗਈ ਹੈ। ਹੁਣ 29 ਅਪ੍ਰੈਲ 2023 ਦੀ ਸੁਣਵਾਈ ‘ਚ ਅਗਲੀ ਕਾਰਵਾਈ ਹੋਵੇਗੀ। ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ SIT ਵੀ ਆਪਣੀ ਰਿਪੋਰਟ ਦਾਖ਼ਲ ਕਰ ਚੁੱਕੀ ਹੈ।
ਦਰਅਸਲ, ਹਾਈਕੋਰਟ ਨੇ ਜ਼ਿਲ੍ਹਾ ਅਦਾਲਤ ਨੂੰ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਇਕੱਠੇ ਸੁਣਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਬਹਿਬਲ ਕਲਾਂ ‘ਚ ਇਨਸਾਫ਼ ਮੋਰਚਾ ਧਰਨੇ ‘ਤੇ ਬੈਠਿਆ ਹੋਇਆ ਹੈ ਅਤੇ ਇਨਸਾਫ਼ ਦੀ ਮੰਗ ਨੂੰ ਲੈ ਕੇ ਨੈਸ਼ਨਲ ਹਾਈਵੇਅ ਵੀ ਜਾਮ ਕੀਤਾ ਹੋਇਆ ਹੈ।
ਦੂਜੇ ਪਾਸੇ ਅੰਮ੍ਰਿਤਸਰ NH-54 ‘ਤੇ ਬਹਿਬਲ ਕਲਾਂ ਮੋਰਚੇ ਦਾ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਹੈ। ਕੱਲ ਸ਼ਾਮ ਨੂੰ ਮੋਰਚੇ ਨੇ ਹਾਈਵੇਅ ‘ਤੇ ਫੌਜ ਦੀਆਂ ਗੱਡੀਆਂ ਰੋਕੀਆਂ ਅਤੇ ਮੋਰਚੇ ਨੇ ਫੌਜ ਦੇ ਅਫਸਰਾਂ ਨੂੰ ਆਪਣਾ ਮਸਲਾ ਦੱਸਿਆ। ਹਾਲਾਂਕਿ, ਕੁਝ ਸਮੇਂ ਬਾਅਦ ਫੌਜ ਦੇ ਕਾਫਲੇ ਨੂੰ ਰਸਤਾ ਦੇ ਦਿੱਤਾ ਗਿਆ ਸੀ।
ਨਿਆਮੀਵਾਲਾ ਨੇ ਫ਼ੌਜ ਨੂੰ ਮੋਰਚੇ ਦੀਆਂ ਮੁੱਖ ਮੰਗਾਂ ਬਾਰੇ ਪੂਰੀ ਤਰ੍ਹਾਂ ਜਾਣੂ ਕਰਵਾਉਂਦਿਆਂ ਉਹਨਾਂ ਦਾ ਸਾਥ ਦੇਣ ਦੀ ਅਪੀਲ ਕੀਤੀ। ਮੋਰਚੇ ਨੇ ਕਿਹਾ ਕਿ ਅਸੀਂ ਸਰਕਾਰ ਤੱਕ, ਸਿਸਟਮ ਤੱਕ ਆਪਣੀ ਆਵਾਜ਼ ਪਹੁੰਚਾਉਣਾ ਚਾਹੁੰਦੇ ਹਾਂ। ਨਿਆਮੀਵਾਲਾ ਨੇ ਦੱਸਿਆ ਕਿ ਜੇ ਅਸੀਂ ਹਾਈਵੇਅ ਜਾਮ ਕੀਤਾ ਹੈ ਤਾਂ ਕੋਈ ਵੀ ਵਾਹਨ ਇੱਧਰੋਂ ਦੀ ਨਹੀਂ ਲੰਘਣਾ ਚਾਹੀਦਾ, ਇਸ ਲਈ ਅਸੀਂ ਪ੍ਰਸ਼ਾਸਨ ਨਾਲ ਇਸ ਬਾਰੇ ਗੱਲ ਕਰਾਂਗੇ।