Punjab Religion

ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹੇ ਘੱਲੂਘਾਰਾ ਸਮਾਗਮ, ਅਰਦਾਸ ’ਚ ਹੀ ਜਥੇਦਾਰ ਗੜਗੱਜ ਨੇ ਦਿੱਤਾ ਕੌਮ ਨੂੰ ਸੰਦੇਸ਼

ਅੰਮ੍ਰਿਤਸਰ : ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਜੂਨ 1984 ਘੱਲੂਘਾਰੇ ਦੀ 41ਵੀਂ ਬਰਸੀ ਮਨਾਈ ਗਈ। ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਤੋਂ ਉਪਰੰਤ ਸਮਾਗਮ ਕਰਵਾਏ ਗਏ। ਵੱਡੀ ਗਿਣਤੀ ਵਿੱਚ ਸਿੱਖ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ। ਚਾਰ ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਅੱਜ ਭੋਗ ਪਾਏ ਗਏ ਅਤੇ ਸ਼ਹੀਦ ਸਿੰਘਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਰਦਾਸ ਕੀਤੀ।

ਜਥੇਦਾਰ ਗੜਗੱਜ ਨੇ ਦਿੱਤਾ ਕੌਮ ਨੂੰ ਸੰਦੇਸ਼

ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਰਦਾਸ ਕਰਦਿਆਂ ਸ਼ਹੀਦ ਸਿੰਘਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਕੌਮ ਦੇ ਨਾਮ ਸੰਦੇਸ਼ ਵਿੱਚ ਸਿੱਖਾਂ ਨੂੰ ਦ੍ਰਿੜਤਾ ਅਤੇ ਯੋਧਿਆਂ ਦੇ ਪੂਰਨਿਆਂ ’ਤੇ ਚੱਲਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਸਿੱਖ ਪਛਾਣ ਨੂੰ ਧੁੰਦਲਾ ਕਰਨ ਦੀਆਂ ਸਾਜ਼ਿਸ਼ਾਂ ਅਤੇ ਪੰਥ ਨੂੰ ਨਿਸ਼ਾਨਾ ਬਣਾਉਣ ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ। ਨਾਲ ਹੀ, ਬੰਦੀ ਸਿੰਘਾਂ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਲਈ ਸਾਂਝੇ ਯਤਨਾਂ ਦੀ ਅਪੀਲ ਕੀਤੀ।

ਐਡਵੋਕੇਟ ਧਾਮੀ ਨੇ ਅਦਾ ਕੀਤੀ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਨ ਦੀ ਰਸਮ

 ਸਮਾਗਮ ਦੌਰਾਨ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਸ਼ਹੀਦ ਪਰਿਵਾਰਾਂ ਨੂੰ ਸਨਮਾਨ ਕਰਨ ’ਤੇ ਦਮਦਮੀ ਟਕਸਾਲ ਸਮੇਤ ਕਈ ਸਿੱਖ ਜਥੇਬੰਦੀਆਂ ਵਲੋਂ ਇਤਰਾਜ ਜਤਾਏ ਜਾਣ ਕਾਰਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਸਪੁੱਤਰ ਭਾਈ ਈਸ਼ਰ ਸਿੰਘ ਸਮੇਤ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਮ ਦੀ ਰਸਮ ਅਦਾ ਕੀਤੀ ਗਈ ਤੇ ਇਸ ਉਪਰੰਤ ਘੱਲੂਘਾਰਾ ਸਮਾਗਮ ਲਗਭਗ ਸ਼ਾਂਤੀਪੂਰਵਕ ਸਮਾਤਪਤ ਹੋ ਗਿਆ।

ਬਾਬਾ ਹਰਨਾਮ ਸਿੰਘ ਧੁੰਮਾ

ਇਸ ਮੌਕੇ ਹਰਨਾਮ ਸਿੰਘ ਧੁੰਮਾਂ ਨੇ ਕਿਹਾ ਕਿ ਸਾਰਾ ਪ੍ਰੋਗਰਾਮ ਅਮਨ ਸ਼ਾਂਤੀ ਲਈ ਨੇਪਰੇ ਚੜ੍ਹ ਗਿਆ ਹੈ ਜਿਸ ਵਾਸਤੇ ਉਹ ਵਿਸ਼ੇਸ਼ ਤੌਰ ’ਤੇ ਜਥੇਦਾਰ ਧਾਮੀ ਦਾ ਧੰਨਵਾਦ ਕਰਦੇ ਹਨ ਜਿਹਨਾਂ ਨੇ ਬਹੁਤ ਸੂਝ ਬੂਝ ਨਾਲ ਟਕਰਾਅ ਟਾਲਿਆ ਹੈ।

ਜਸਬੀਰ ਸਿੰਘ ਰੋਡੇ

ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਨੇ ਕਿਹਾ ਕਿ ਅੱਜ ਤੱਕ ਸਰਕਾਰ ਕੋਲ ਇਸ ਗੱਲ ਦਾ ਜਵਾਬ ਨਹੀਂ ਹੈ ਕਿ ਸਿੱਖਾਂ ਦੇ ਅਜਿਹੇ ਪਵਿੱਤਰ ਸਥਾਨ ’ਤੇ ਹਮਲਾ ਕਿਉਂ ਕੀਤਾ ਗਿਆ। ਸਿੱਖ ਆਪਣੇ ਹੱਕ ਮੰਗ ਰਹੇ ਸਨ। ਉਨ੍ਹਾਂ ਨੇ ਭਾਰਤ ਸਰਕਾਰ ਵਿਰੁੱਧ ਹਮਲਾ ਕਰਨ ਦਾ ਐਲਾਨ ਨਹੀਂ ਕੀਤਾ ਸੀ। ਫਿਰ, ਬਿਨਾਂ ਕਿਸੇ ਨੋਟਿਸ ਜਾਂ ਚਿਤਾਵਨੀ ਦੇ, ਸਾਡੇ ’ਤੇ ਹਮਲਾ ਕੀਤਾ ਗਿਆ, ਜਿਵੇਂ ਦੁਸ਼ਮਣ ਦੇਸ਼ਾਂ ’ਤੇ ਹਮਲਾ ਕੀਤਾ ਜਾਂਦਾ ਹੈ। ਅੱਜ ਲੋਕ ਦੇਸ਼ ਭਰ ਵਿਚੋਂ ਉਨ੍ਹਾਂ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਆਏ ਹਨ, ਜਿਨ੍ਹਾਂ ਨੇ ਸਾਡੇ ਧਰਮ ਦੀ ਖ਼ਾਤਰ ਸਾਡੇ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਗਾਉਣ ਵਾਲੇ ਲੋਕਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਨਾਅਰੇ ਹਮੇਸ਼ਾ ਇੱਥੇ ਅਤੇ ਦੁਨੀਆ ਭਰ ਵਿਚ ਲਗਾਏ ਜਾਂਦੇ ਰਹੇ ਹਨ। ਇਸ ਵਿਚ ਕੁਝ ਵੀ ਨਵਾਂ ਨਹੀਂ ਹੈ।