ਉਤਰਾਖੰਡ : ਸਿੱਖਾਂ ਦੇ ਮੁੱਖ ਤੀਰਥ ਅਸਥਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ ਬੰਦ ਹੋ ਜਾਣਗੇ। ਇਹ ਯਾਤਰਾ 25 ਮਈ ਨੂੰ ਆਰੰਭ ਹੋਈ ਸੀ ਅਤੇ ਲਗਭਗ ਸਾਢੇ ਚਾਰ ਮਹੀਨੇ ਚੱਲਣ ਤੋਂ ਬਾਅਦ 10 ਅਕਤੂਬਰ ਨੂੰ ਸਮਾਪਤ ਹੋ ਰਹੀ ਹੈ। ਇਸ ਦੌਰਾਨ ਦੋ ਲੱਖ ਤੋਂ ਵੱਧ ਯਾਤਰੂ ਇੱਥੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਨਤਮਸਤਕ ਹੋ ਚੁੱਕੇ ਹਨ। ਸਮਾਪਤੀ ਸਮਾਗਮ ਦੇ ਸਬੰਧ ਵਿੱਚ ਅੱਜ ਅਖੰਡ ਪਾਠ ਆਰੰਭ ਕੀਤੇ ਗਏ ਹਨ ਜਿਸ ਤੇ ਭੋਗ ਅੱਜ ਪੈਣਗੇ।
ਦੁਪਹਿਰ ਦੀ ਅਰਦਾਸ ਮਗਰੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਸ਼ੀਤ ਕਾਲ ਵਾਸਤੇ ਸੁਖਾਸਨ ਅਸਥਾਨ ’ਤੇ ਲਿਜਾਇਆ ਜਾਵੇਗਾ। ਇਸ ਮੌਕੇ ਗੜ੍ਹਵਾਲ ਸਕਾਊਟਸ ਅਤੇ ਪੰਜਾਬ ਤੋਂ ਬੈਂਡ ਜੱਥੇ ਗੁਰਬਾਣੀ ਦੀਆਂ ਧੁਨਾਂ ਵਜਾਉਂਦੇ ਹੋਏ ਗੁਰਦੁਆਰੇ ਦੀ ਪਰਿਕਰਮਾ ਕਰਨਗੇ।
ਗੁਰਦੁਆਰਾ ਵਿਖੇ ਪੁਣੇ ਤੋਂ ਰਾਗੀ ਜੱਥਾ ਭਾਈ ਸੁਰਿੰਦਰ ਪਾਲ ਸਿੰਘ ਵੱਲੋਂ ਗੁਰਬਾਣੀ ਦਾ ਕੀਰਤਨ ਕੀਤਾ ਜਾਵੇਗਾ। ਇਸ ਤੋਂ ਬਾਅਦ ਸਮਾਪਤੀ ਦੀ ਅਰਦਾਸ ਹੋਵੇਗੀ ਅਤੇ ਸ਼ੀਤ ਕਾਲ ਵਾਸਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤ ਵਾਸਤੇ ਬੰਦ ਕਰ ਦਿੱਤੇ ਜਾਣਗੇ।
ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਸਾਲਾਨਾ ਯਾਤਰਾ ਦੀ ਸਮਾਪਤੀ ਤੋਂ ਪਹਿਲਾਂ 9 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨਗੇ। ਉਹ ਸਵੇਰੇ ਦੇਹਰਾਦੂਨ ਤੋਂ ਹੈਲੀਕਾਪਟਰ ਰਾਹੀਂ ਗੁਰਦੁਆਰਾ ਗੋਬਿੰਦ ਧਾਮ ਨੇੜੇ ਘਾਂਗਰੀਆ ਹੈਲੀਪੈਡ ’ਤੇ ਉਤਰਨਗੇ, ਜਿੱਥੋਂ ਘੋੜੇ ਦੀ ਸਵਾਰੀ ਕਰਦਿਆਂ ਲਗਭਗ 6 ਕਿਲੋਮੀਟਰ ਉਚਾਈ ’ਤੇ ਸਥਾਪਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਪੁੱਜਣਗੇ। ਉਹ 9 ਅਕਤੂਬਰ ਨੂੰ ਦੁਪਹਿਰ ਦੀ 12.45 ਵਜੇ ਹੋਣ ਵਾਲੀ ਅਰਦਾਸ ਵਿੱਚ ਸ਼ਾਮਿਲ ਹੋਣਗੇ ਅਤੇ ਲਗਭਗ ਇੱਕ ਘੰਟਾ ਗੁਰਦੁਆਰਾ ਸਾਹਿਬ ਵਿੱਚ ਬਿਤਾਉਣਗੇ।
ਦੱਸ ਦੇਈਏ ਕਿ ਜਦੋਂ ਬਰਫ਼ ਪਿਘਲ ਜਾਂਦੀ ਹੈ ਤਾਂ ਇਹ ਟ੍ਰੈਕ ਰੂਟ ‘ਤੇ ਆਉਂਦੀ ਹੈ ਅਤੇ ਇਸ ਨੂੰ ਹਟਾਉਣਾ ਪੈਂਦਾ ਹੈ, ਇਹ ਇੱਕ ਕੁਦਰਤੀ ਵਰਤਾਰਾ ਹੈ ਅਤੇ ਹਰ ਸਾਲ ਅੱਧ ਜੂਨ ਤੱਕ ਹੁੰਦਾ ਹੈ। ਹੇਮਕੁੰਟ ਸਾਹਿਬ 15,210 ਫੁੱਟ ਦੀ ਉਚਾਈ ‘ਤੇ ਹੈ। ਮੌਸਮ ਵਿੱਚ ਹੋਣ ਵਾਲੀ ਤਬਦੀਲੀ ਦੇ ਨਾਲ ਹੀ ਇੱਥੇ ਬਰਫ਼ਬਾਰੀ ਹੋ ਜਾਂਦੀ ਹੈ।